Breaking News
Home / ਪੰਜਾਬ / ਛੀਨਾ ਹੋਣਗੇ ਮਜੀਠੀਆ ਖਿਲਾਫ ਜਾਂਚ ਲਈ ਗਠਿਤ ‘ਸਿਟ’ ਦੇ ਮੁਖੀ

ਛੀਨਾ ਹੋਣਗੇ ਮਜੀਠੀਆ ਖਿਲਾਫ ਜਾਂਚ ਲਈ ਗਠਿਤ ‘ਸਿਟ’ ਦੇ ਮੁਖੀ

ਟੀਮ ਦੇ ਬਾਕੀ ਮੈਂਬਰ ਪਹਿਲਾਂ ਵਾਲੇ ਹੀ ਰਹਿਣਗੇ
ਚੰਡੀਗੜ੍ਹ : ਪੰਜਾਬ ਪੁਲਿਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੂੰ ਬਦਲ ਦਿੱਤਾ ਹੈ ਅਤੇ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਮੁੜ ਗਠਨ ਕੀਤਾ ਹੈ। ਡੀਜੀਪੀ ਗੌਰਵ ਯਾਦਵ ਦੀ ਪ੍ਰਵਾਨਗੀ ਨਾਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਹੁਣ ਪਟਿਆਲਾ ਜ਼ੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਕਰਨਗੇ। ਪਹਿਲਾਂ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਾਹੁਲ ਐੱਸ ਸਨ ਜੋ ਕਿ ਵਿਜੀਲੈਂਸ ਦੇ ਡਾਇਰੈਕਟਰ ਵੀ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਾਹੁਲ ਐੱਸ ਕਾਫ਼ੀ ਵਿਜੀਲੈਂਸ ਕੇਸਾਂ ਦੀ ਦੇਖ-ਰੇਖ ਕਰ ਰਹੇ ਹਨ ਇਸ ਕਰਕੇ ਪ੍ਰਸ਼ਾਸਕੀ ਆਧਾਰ ‘ਤੇ ਮਜੀਠੀਆ ਮਾਮਲੇ ਦੀ ਜਾਂਚ ਕਰ ਰਹੀ ਸਿਟ ਦਾ ਨਵਾਂ ਮੁਖੀ ਮੁਖਵਿੰਦਰ ਸਿੰਘ ਛੀਨਾ ਨੂੰ ਲਗਾਇਆ ਗਿਆ ਹੈ। ਬਾਕੀ ਮੈਂਬਰਾਂ ਵਜੋਂ ਏਆਈਜੀ ਰਣਜੀਤ ਸਿੰਘ ਢਿੱਲੋਂ, ਡੀਐੱਸਪੀ (ਐੱਸਟੀਐੱਫ ਰੋਪੜ) ਰਘਬੀਰ ਸਿੰਘ ਅਤੇ ਡੀਐੱਸਪੀ ਖਰੜ-2 ਅਮਰਪ੍ਰੀਤ ਸਿੰਘ ਪਹਿਲਾਂ ਦੀ ਤਰ੍ਹਾਂ ਸਿਟ ਵਿੱਚ ਕਾਇਮ ਰਹਿਣਗੇ। ਚੇਤੇ ਰਹੇ ਕਿ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਚੰਨੀ ਸਰਕਾਰ ਸਮੇਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੁਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ 20 ਦਸੰਬਰ 2021 ਨੂੰ ਐੱਫਆਈਆਰ ਨੰਬਰ-2 ਦਰਜ ਕੀਤੀ ਗਈ ਸੀ ਜਿਸ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਸ਼ਾਮਲ ਸੀ। ਇਸ ਕੇਸ ਵਿੱਚ ਮਜੀਠੀਆ ਕਰੀਬ ਛੇ ਮਹੀਨੇ ਜੇਲ੍ਹ ‘ਚ ਰਹੇ ਅਤੇ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲੀ ਸੀ। ਪੰਜਾਬ ਸਰਕਾਰ ਹੁਣ ਨਸ਼ਿਆਂ ਦੇ ਮਾਮਲੇ ‘ਤੇ ਵਿਸ਼ੇਸ਼ ਧਿਆਨ ਦੇਣ ਲੱਗੀ ਹੈ। ਪਿਛਲੇ ਦਿਨਾਂ ਵਿੱਚ ਜਲੰਧਰ ਜ਼ਿਮਨੀ ਚੋਣ ਸਮੇਂ ਮਜੀਠੀਆ ਵੱਲੋਂ ਸਰਕਾਰ ਨੂੰ ਲਗਾਤਾਰ ਨਿਸ਼ਾਨੇ ‘ਤੇ ਰੱਖਿਆ ਗਿਆ ਸੀ।
ਬਾਦਲਾਂ ਦੇ ਨਿਸ਼ਾਨੇ ‘ਤੇ ਰਹੇ ਛੀਨਾ
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਮੁਖਵਿੰਦਰ ਸਿੰਘ ਛੀਨਾ ਬਠਿੰਡਾ ਜ਼ੋਨ ਦੇ ਆਈ.ਜੀ. ਵਜੋਂ ਤਾਇਨਾਤ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਤਲਵੰਡੀ ਸਾਬੋ ਵਿੱਚ 2018 ਦੀ ਵਿਸਾਖੀ ਕਾਨਫ਼ਰੰਸ ਮੌਕੇ ਮੁਖਵਿੰਦਰ ਸਿੰਘ ਛੀਨਾ ਨੂੰ ਸਿੱਧਾ ਨਿਸ਼ਾਨੇ ‘ਤੇ ਲਿਆ ਸੀ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਬਠਿੰਡਾ ਰਿਫ਼ਾਈਨਰੀ ਦਾ ਗੁੰਡਾ ਟੈਕਸ ਦਾ ਰੌਲਾ ਪਿਆ ਸੀ। ਸੁਖਬੀਰ ਸਿੰਘ ਬਾਦਲ ਨੇ ਉਸ ਮਗਰੋਂ ਵੀ ਲਾਲ ਡਾਇਰੀ ਦਾ ਜ਼ਿਕਰ ਕਰਦਿਆਂ ਛੀਨਾ ‘ਤੇ ਨਿਸ਼ਾਨੇ ਸੇਧੇ ਸਨ।
ਬਿਕਰਮ ਮਜੀਠੀਆ ਨੇ ਐੱਸਆਈਟੀ ਦੇ ਗਠਨ ‘ਤੇ ਖੜ੍ਹੇ ਕੀਤੇ ਸਵਾਲ
ਨਵੀਂ ਨਿਯੁਕਤੀ ਨੂੰ ਪ੍ਰਸ਼ਾਸਕੀ ਆਧਾਰ ‘ਤੇ ਵੀ ਗਲਤ ਦੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਨਵੀਂ ਐਸਆਈਟੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਨੇ ਆਰੋਪ ਲਾਇਆ ਕਿ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਸਿਟ ਦਾ ਨਵਾਂ ਮੁਖੀ ਲਾਉਣ ਲਈ ਸੌਦਾ ਹੋਇਆ ਹੈ। ਆਈ ਜੀ ਛੀਨਾ ਨੂੰ ਐੱਸਆਈਟੀ ਮੁਖੀ ਸਿਰਫ ਇਸ ਕਰਕੇ ਲਗਾਇਆ ਹੈ ਤਾਂ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਖਿਲਾਫ ਦਰਜ ਕੀਤੇ ਝੂਠੇ ਐੱਨਡੀਪੀਐਸ ਐਕਟ ਕੇਸ ਵਿਚ ਮਨਮਰਜ਼ੀ ਦੇ ਆਰੋਪ ਲਗਾਉਣ ਵਾਲੀ ਚਾਰਜਸ਼ੀਟ ਦਾਇਰ ਕੀਤੀ ਜਾ ਸਕੇ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਕਰਕੇ ਆਈਜੀ ਛੀਨਾ ਦੀ ਚੋਣ ਕੀਤੀ ਹੈ ਕਿਉਂਕਿ ਪਿਛਲੇ ਐੱਸਆਈਟੀ ਮੁਖੀ ਡੀਆਈਜੀ ਐੱਸ ਰਾਹੁਲ ਨੇ ਨਸ਼ਿਆਂ ਦੇ ਕੇਸ ਵਿਚ ‘ਆਪ’ ਸਰਕਾਰ ਦੀ ਇੱਛਾ ਮੁਤਾਬਕ ਚਲਾਨ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਨਵੀਂ ਨਿਯੁਕਤੀ ਪ੍ਰਸ਼ਾਸਕੀ ਆਧਾਰ ‘ਤੇ ਵੀ ਗਲਤ ਹੈ ਕਿਉਂਕਿ ਜੋ ਅਫਸਰ ਸੇਵਾਮੁਕਤ ਹੋਣ ਵਾਲਾ ਹੋਵੇ, ਉਸ ਨੂੰ ਅਹਿਮ ਜਾਂਚ ਦਾ ਚਾਰਜ ਨਹੀਂ ਦਿੱਤਾ ਜਾ ਸਕਦਾ।
ਅਕਾਲੀ ਆਗੂ ਨੇ ਕਿਹਾ ਕਿ ਹਾਈਕੋਰਟ ਵੱਲੋਂ ਸੀਨੀਅਰ ਅਫਸਰਾਂ ਈਸ਼ਵਰ ਸਿੰਘ, ਨਾਗੇਸ਼ਵਰ ਰਾਓ ਅਤੇ ਵੀ ਨੀਰਜਾ ਦੀ ਸ਼ਮੂਲੀਅਤ ਵਾਲੀ ਐੱਸਆਈਟੀ ਨੇ ਅਦਾਲਤ ਵਿਚ ਦਸ ਚਲਾਨ ਪੇਸ਼ ਕੀਤੇ ਪਰ ਕਿਸੇ ਵਿਚ ਵੀ ਉਸ ਦਾ (ਮਜੀਠੀਆ) ਦਾ ਨਾਂ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਐੱਸਆਈਟੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਡੇਢ ਸਾਲਾਂ ਤੋਂ ਨਸ਼ਿਆਂ ਦੇ ਕੇਸ ਵਿਚ ਐੱਸਆਈਟੀ ਚਲਾਨ ਪੇਸ਼ ਨਹੀਂ ਕਰ ਸਕੀ ਹਾਲਾਂਕਿ ਉਸ ‘ਤੇ ਉਸ ਨੂੰ ਫਸਾਉਣ ਦਾ ਦਬਾਅ ਸੀ।

 

Check Also

ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 05 ਜਨਵਰੀ, 2024 ਨੂੰ ਹੋਵੇਗੀ

ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 05 ਜਨਵਰੀ, 2024 ਨੂੰ ਹੋਵੇਗੀ ਮੰਤਰੀ ਕੁਲਦੀਪ ਸਿੰਘ …