91 ਸਾਲ ਦੀ ਉਮਰ ’ਚ ਅਮਰੀਕਾ ਦੇ ਸੈਨਫਰਾਂਸਿਸਕੋ ’ਚ ਲਿਆ ਆਖਰੀ ਸਾਹ
ਲੁਧਿਆਣਾ/ਬਿਊਰੋ ਨਿਊਜ਼ : ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬੀ ਲੜਾਈ ਲੜਨ ਵਾਲੇ ਬਾਪੂ ਸੂਰਤ ਸਿੰਘ ਖ਼ਾਲਸਾ ਦਾ ਅੱਜ ਦੇਹਾਂਤ ਹੋ ਗਿਆ। ਉਹ 91 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਅਮਰੀਕਾ ਦੇ ਸੈਨ ਫਰਾਂਸਿਸਕੋ ’ਚ ਆਖਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਸੂਰਤ ਸਿੰਘ ਖ਼ਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ 2015 ’ਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੋ ਲਗਭਗ 8 ਸਾਲ ਤੱਕ ਚੱਲੀ। ਉਨ੍ਹਾਂ ਅਦਾਲਤੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਖਾਣਾ ਖਾਣ ਅਤੇ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਦੇ ਚਲਦਿਆਂ ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ 7 ਸਾਲ ਭਰਤੀ ਰਹੇ। ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੇ ਨਾਲ-ਨਾਲ ਸਾਰੇ ਧਰਮਾਂ ਦੇ ਉਨ੍ਹਾਂ ਕੈਦੀਆਂ ਦੀ ਬਿਨਾ ਸ਼ਰਤ ਰਿਹਾਈ ਮੰਗ ਰਹੇ ਸਨ, ਜਿਨ੍ਹਾਂ ਨੇ ਵੀ ਅਦਾਲਤੀ ਸਜ਼ਾ ਨੂੰ ਪੂਰਾ ਕਰ ਲਿਆ ਸੀ। ਸੂਰਤ ਸਿੰਘ ਖਾਲਸਾ ਦਾ ਜਨਮ 7 ਮਾਰਚ 1933 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਵਿਚ ਹੋਇਆ ਸੀ। ਉਨ੍ਹਾਂ ਦੇ ਪੰਜ ਪੁੱਤਰ ਅਤੇ ਇਕ ਪੁੱਤਰੀ ਹੈ ਜੋ ਸਾਰੇ ਹੀ ਅਮਰੀਕਾ ਦੇ ਨਾਗਰਿਕ ਹਨ।
Check Also
ਪੰਜਾਬ ਨੂੰ ਮਿਲੇ ਦੋ ਨਵੇਂ ਸੂਚਨਾ ਕਮਿਸ਼ਨਰ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੁਕਾਈ ਅਹੁਦੇ ਦੀ ਸਹੁੰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰਾਜ ਸੂਚਨਾ …