ਬਰੈਂਪਟਨ/ ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ 2016 ‘ਚ ਵੱਧ ਤੋਂ ਵੱਧ ਪਰਵਾਸੀਆਂ ਨੂੰ ਕੈਨੇਡਾ ਵਿਚ ਇਕ ਨਵੀਂ ਜ਼ਿੰਦਗੀ ਜੀਊਣ ਦਾ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਫ਼ੈਮਿਲੀ ਰੀਯੂਨੀਫ਼ਿਕੇਸ਼ਨ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਵੇਗੀ ਤਾਂ ਜੋ ਸਾਲਾਂ ਤੋਂ ਵਿਛੜੇ ਪਰਿਵਾਰਾਂ ਨੂੰ ਇਕ ਕੀਤਾ ਜਾ ਸਕੇ।
ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਨੇ ਕੈਨੇਡਾ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਫ਼ੈਮਿਲੀ ਰੀਯੂਨੀਫ਼ਿਕੇਸ਼ਨ ਕੈਨੇਡਾ ਦੀ ਇਮੀਗਰੇਸ਼ਨ ਵਿਚ ਸਭ ਤੋਂ ਉਪਰ ਹੈ ਅਤੇ ਇਸ ਨਾਲ ਕੈਨੇਡਾ ਦੇ ਸੋਸ਼ਲ, ਕਲਚਰਲ ਅਤੇ ਆਰਥਿਕ ਵਿਕਾਸ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਸਾਡੇ ਦੇਸ਼ ਦੀ ਪਰਵਾਸੀਆਂ ਦਾ ਸਵਾਗਤ ਕਰਨ ਦੀ ਗੌਰਵਮਈ ਪਰੰਪਰਾ ਹੈ। ਮੇਰੇ ਮਾਪੇ ਵੀ ਪਰਵਾਸੀ ਦੇ ਤੌਰ ‘ਤੇ ਹੀ ਆਏ ਸਨ।
ਸਹੋਤਾ ਨੇ ਕਿਹਾ ਕਿ ਇਮੀਗਰੇਸ਼ਨ ਮੰਤਰੀ ਜਾਨ ਮੈਕਕੁਲਮ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਨੇ ਸਾਲ 2016 ਵਿਚ ਕੁੱਲ 2 ਲੱਖ 80 ਹਜ਼ਾਰ ਤੋਂ 3 ਲੱਖ 5 ਹਜ਼ਾਰ ਨਵੇਂ ਪਰਵਾਸੀਆਂ ਨੂੰ ਕੈਨੇਡਾ ਦੀ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਸਰਕਾਰ ਨੂੰ ਵੇਟਿੰਗ ਕਰ ਰਹੇ ਲੋਕਾਂ ਦੀ ਸੂਚੀ ਘੱਟ ਕਰਨ ਵਿਚ ਸਫ਼ਲਤਾ ਮਿਲੇਗੀ ਅਤੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ ਮਦਦ ਮਿਲੇਗੀ। ਫ਼ੈਮਿਲੀ ਕਲਾਸ ਵਿਚ ਵੀ ਬੈਕਲਾਗ ਘੱਟ ਹੋਵੇਗਾ। ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦਾ ਕੰਮ ਤੇਜ਼ੀ ਨਾਲ ਹੋਵੇਗਾ ਅਤੇ ਪੀ.ਆਰ. ਪਾਉਣ ਵਾਲੇ ਪਰਿਵਾਰਾਂ ਨੂੰ ਤੇਜ਼ੀ ਨਾਲ ਕੈਨੇਡਾ ਆਉਣ ਦਾ ਮੌਕਾ ਮਿਲੇਗਾ।
ਕੈਨੇਡਾ ਆਪਣੇ ਪਰਿਵਾਰਾਂ ਨੂੰ ਦੂਜੇ ਦੇਸ਼ਾਂ ਵਿਚ ਰਹਿ ਗਏ ਮੈਂਬਰਾਂ ਨੂੰ ਉਨ੍ਹਾਂ ਦੇ ਨਾਲ ਮਿਲਾਉਣ ਲਈ ਫ਼ੈਮਿਲੀ ਰੀਯੂਨੀਫ਼ਿਕੇਸ਼ਨ ਪ੍ਰੋਗਰਾਮ ਨੂੰ ਤੇਜ਼ੀ ਨਾਲ ਲਾਗੂ ਕਰਕੇ ਕੈਨੇਡਾ ਦੀ ਦੂਰਗਾਮੀ ਤਰੱਕੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਸਹੋਤਾ ਨੇ ਆਖਿਆ ਕਿ ਬੀਤੇ ਦਹਾਕਿਆਂ ਵਿਚ ਕਿਸੇ ਵੀ ਕੈਨੇਡਾ ਸਰਕਾਰ ਨੇ ਇਮੀਗਰੇਸ਼ਨ ਦੇ ਇਹ ਸਭ ਤੋਂ ਉੱਚੇ ਟੀਚੇ ਤੈਅ ਕੀਤੇ ਹਨ। ਸਾਡੀ ਸਰਕਾਰ ਨੇ ਇਮੀਗਰੇਸ਼ਨ ਪਾਲਿਸੀ ਵਿਚ ਬਦਲਾਓ ਲਈ ਵਿਆਪਕ ਰੂਪ-ਰੇਖਾ ਤਿਆਰ ਕੀਤੀ ਹੈ ਅਤੇ ਇਸ ਨਾਲ ਦੇਸ਼ ਦੇ ਮੱਧ ਵਰਗ ਵਿਚ ਇਕ ਵੱਡਾ ਬਦਲਾਓ ਲਿਆਂਦਾ ਜਾ ਸਕੇਗਾ ਅਤੇ ਸਾਡੀਆਂ ਕੈਨੇਡੀਅਨ ਕਦਰਾਂ-ਕੀਮਤਾਂ ਨੂੰ ਨਵੀਂ ਉਚਾਈ ਮਿਲੇਗੀ। ਸਾਡੀ ਵੰਨ-ਸੁਵੰਨਤਾ ਵਧੇਗੀ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …