11.9 C
Toronto
Wednesday, October 15, 2025
spot_img
Homeਕੈਨੇਡਾਇੱਕੀਵੀਂ ਸਦੀ ਦੇ ਸੋਲ੍ਹਵੇਂ ਸਾਲ ਨੂੰ ਮੁਸ਼ਾਇਰੇ ਰਾਹੀਂ ਅਲਵਿਦਾ

ਇੱਕੀਵੀਂ ਸਦੀ ਦੇ ਸੋਲ੍ਹਵੇਂ ਸਾਲ ਨੂੰ ਮੁਸ਼ਾਇਰੇ ਰਾਹੀਂ ਅਲਵਿਦਾ

salana-mushaera-copy-copyਸਰੀ/ਬਿਊਰੋ ਨਿਊਜ਼
ਸਦੀ ਦੇ ਸੋਲ੍ਹਵੇਂ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਸਤਾਰਵੇਂ ਦੀ ਉਡੀਕ ਨੂੰ ਸਮਰਪਤ, ਲੋਅਰ ਮੇਨ ਲੈਂਡ ਦੀਆਂ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਲੋਂ 17 ਦਸੰਬਰ ਨੂੰ ਇਕ ਮੁਸ਼ਾਇਰਾ ਆਯੋਜਤ ਕੀਤਾ ਗਿਆ, ਜਿਸ ਵਿਚ ਮੈਟਰੋ ਵੈਨਕੂਵਰ ਦੇ ਨਾਮਵਰ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਬਰਫੀਲੇ ਮੌਸਮ ਦੀ ਪਰਵਾਹ ਨਾ ਕਰਦਿਆਂ ਸਰੋਤੇ ਦੂਰੋਂ ਦੂਰੋਂ ਚੱਲ ਕੇ ਮੁਸ਼ਾਇਰੇ ਦਾ ਆਨੰਦ ਮਾਨਣ ਆਏ।
ਸਭ ਤੋਂ ਪਹਿਲਾਂ ਜਰਨੈਲ ਸਿੰਘ ਆਰਟਿਸਟ ਨੇ ਆਏ ਸਰੋਤਿਆਂ ਤੇ ਸ਼ਾਇਰਾਂ ਨੂੰ ਖੁਸ਼-ਆਮਦੀਦ ਕਿਹਾ। ਫਿਰ ਵਿਦਾ ਹੋ ਰਹੇ ਸਾਲ ਵਿਚ ਜਾਰਜ ਮੈਕੀ ਲਾਇਬ੍ਰੇਰੀ ਵਿਚ ਮਨਾਈਆਂ ਗਈਆਂ ਕਾਵਿ-ਸ਼ਾਮਾਂ ਬਾਰੇ ਚੰਦ ਸਬਦ ਕਹੇ। ਫਿਰ ਮੋਹਨ ਗਿੱਲ ਨੂੰ ਅਗਲੀ ਕਾਰਵਾਈ ਚਲਾਉਣ ਦਾ ਸੱਦਾ ਦਿੱਤਾ। ਮੋਹਨ ਗਿੱਲ ਨੇ ਸਭ ਤੋਂ ਪਹਿਲਾਂ ਮੁਸ਼ਾਇਰੇ ਵਿਚ ਭਾਗ ਲੈ ਰਹੇ ਸ਼ਾਇਰਾਂ ਦੀ ਸਰੋਤਿਆਂ ਨਾਲ ਜਾਣ ਪਹਿਚਾਣ ਕਰਵਾਈ ਤੇ ਫਿਰ ਸੀਨੀਅਰ ਸ਼ਾਇਰ ਜੀਵਨ ਰਾਮਪੁਰੀ ਨੂੰ ਆਪਣਾ ਕਲਾਮ ਪੇਸ਼ ਕਰਨ ਲਈ ਬੇਨਤੀ ਕੀਤੀ। ਜੀਵਨ ਰਾਮਪੁਰੀ ਨੇ ਆਪਣੀ ਗ਼ਜ਼ਲ ਵਿਚ ਥਲਾਂ ਦੀ ਤਪਸ਼ ਦੇ ਗੁੰਮ ਹੋ ਜਾਣ ਤੇ ਨਦੀਆਂ ਦੇ ਸਹਿਰਾ ਬਣ ਜਾਣ ਦੀ ਗੱਲ ਕੀਤੀ। ਦਵਿੰਦਰ ਕੌਰ ਜੌਹਲ ਨੇ ਮੋਹਨ ਗਿੱਲ ਦਾ ਨਮਕੀਨ ਰਸਗੁੱਲਾ ਸਣਾਉਣ ਮਗਰੋਂ ਗਾ ਕੇ ਗੀਤ ਸੁਣਾਇਆ ਜਿਸ ਵਿਚ ਫੋਜੀ ਦੀ ਪਤਨੀ ਦੀਆਂ ਮਰੁੰਡ ਹੋ ਰਹੀਆਂ ਸਧਰਾਂ ਦੇ ਅਹਿਸਾਸ ਦਾ ਵਰਨਣ ਸੀ। ਇੰਦਰਜੀਤ ਧਾਮੀ ਨੇ ਜ਼ਿੰਦਗੀ ਨੂੰ ਕੈਮਰੇ ਵਿਚ ਕੈਦ ਕਰਨ ਵਾਲੇ ਸ਼ਿਅਰ ਕਹਿਣ ਮਗਰੋਂ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੀ ਇਨਕਲਾਬੀ ਕਵਿਤਾ ਸੁਣਾਈ। ਸੁਖਵਿੰਦਰ ਕੌਰ ਪਵਾਰ ਨੇ ਸਿਖਿਆਦਾਇਕ ਕਵਿਤਾ ਬੋਲੀ। ਜਰਨੈਲ ਸਿੰਘ ਸੇਖਾ ਨੇ ਆਪਣੀ ਵਿਅੰਗਾਤਮਿਕ ਕਵਿਤਾ ਵਿਚ ਬਣਾਉਟੀ ਨਰਕ ਦੀ ਝਾਕੀ ਦਾ ਦ੍ਰਿਸ਼ ਪੇਸ਼ ਕੀਤਾ ਕਿ ਕਿਵੇਂ ਨਰਕ ਦੇ ਭੇੜੂ ਸੁਰਗ ਦੇ ਸਾਊਆਂ ਤੋਂ ਛੱਤੀ ਪਦਾਰਥ ਮਾਠ ਲੈਂਦੇ ਹਨ। ਮੋਹਨ ਗਿੱਲ ਨੇ ਉਸੇ ਵਿਸ਼ੇ ਨਾਲ ਸਬੰਧਤ ਨਮਕੀਨ ਰਸਗੁੱਲਾ ਸੁਣਾ ਦਿੱਤਾ ਕਿ ਕਿਵੇਂ ਆੜ੍ਹਤੀਏ ਕੋਲੋਂ ਇਕ ਕਿਸਾਨ ਗਲੇ ਟਮਾਟਰਾਂ ਬਦਲੇ ਨੋਟਾਂ ਦੀਆਂ ਗੁੱਥੀਆਂ ਮਾਠ ਲੈਂਦਾ ਹੈ। ਰੁਪਿੰਦਰ ਰੂਪੀ ਨੇ ਗਾ ਕੇ ਗ਼ਜ਼ਲ ਕਹੀ।ਦਵਿੰਦਰ ਗੌਤਮ ਨੇ ਇਕ ਭਾਵਪੂਰਤ ਗ਼ਜ਼ਲ ਕਹੀ
ਮੀਨੂ ਬਾਵਾ ਨੇ ਰਾਜਵੰਤ ਰਾਜ ਦੀ ਗ਼ਜ਼ਲ ਤਰੰਨਮ ਵਿਚ ਸੁਣਾਈ। ਸੁਖ ਗੋਹਲਵੜ ਨੇ ਆਪਣੀ ਕਵਿਤਾ ਵਿਚ ਵੀਰਾਨ ਹੋ ਰਹੀ ਧਰਤੀ ਨੂੰ ਬੰਦਿਆਂ ਦੇ ਜਿਉਣ ਜੋਗੀ ਬਣੀ ਰਹਿਣ ਦਾ ਹੋਕਾ ਦਿੱਤਾ। ਅਮਰਜੀਤ ਕੌਰ ਸ਼ਾਂਤ ਨੇ ਮਾਂ ਧੀ ਦੇ ਵਿਯੋਗ ਦਾ ਗੀਤ ਗਾਇਆ। ਹਰਚੰਦ ਸਿੰਘ ਗਿੱਲ ਨੇ ਗੁਰੂ ਗਬਿੰਦ ਸਿੰਘ ਦੀ ਦੇਸ਼ ਕੌਮ ਲਈ ਕੀਤੀ ਕੁਰਬਾਨੀ ਨੂੰ ਗਾ ਕੇ ਯਾਦ ਕੀਤਾ। ਕ੍ਰਿਸ਼ਨ ਭਨੋਟ ਵਲੋਂ ਕਹੀ ਗਈ ਗ਼ਜ਼ਲ ਦੇ ਸ਼ਿਅਰ ਕਾਬਲੇ ਦਾਦ ਸੀ।
ਕਵਿੰਦਰ ਚਾਂਦ ਦੀ ਗ਼ਜ਼ਲ ਦੇ ਹਰ ਸ਼ਿਅਰ ਨੇ ਭਰਪੂਰ ਤਾੜੀਆਂ ਖੱਟੀਆਂ।ਮੋਹਨ ਗਿੱਲ ਨੇ ‘ਕਵਿਤਾ’ ਸਿਰਲੇਖ ਵਾਲੀ ਕਵਿਤਾ ਵਿਚ ਦੱਸਿਆ ਕਿ ਕਵਿਤਾ ਕੀ ਹੈ ਤੇ ਇਹ ਕਿਵੇਂ ਰੂਹ ਨੂੰ ਰੁਸ਼ਨਾਉਂਦੀ ਹੈ। ਨਦੀਮ ਪਰਮਾਰ ਨੇ ਕਾਫੀ ਨੁਮਾ ਕਵਿਤਾ ਸੁਣਾਉਣ ਦੇ ਨਾਲ ਉਰਦੂ ਵਿਚ ਇਕ ਗ਼ਜ਼ਲ ਕਹੀ।ਸਾਧੂ ਬਿਨਿੰਗ ਨੇ ‘ਦਰਿਆ’ ਨਾਮੀ ਕਵਿਤਾ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਕਿ ਦਰਿਆ ਮਨੁੱਖ ਨੂੰ ਬਹੁਤ ਕੁਝ ਦਿੰਦਾ ਹੈ ਪਰ ਮਨੁੱਖ ਨੇ ਦਰਿਆ ਦੀ ਹੋਂਦ ਨੂੰ ਹੀ ਖਤਰਾ ਪੈਦਾ ਕਰ ਦਿੱਤਾ ਹੈ। ਅਮ੍ਰੀਕ ਪਲਾਹੀ ਨੇ ਆਪਣੀ ਗ਼ਜ਼ਲ ਤਰੰਨਮ ਵਿਚ ਕਹੀ। ਸਾਰੇ ਸ਼ਿਅਰ ਭਾਵਪੂਰਤ ਸਨ। ਨਛੱਤਰ ਸਿੰਘ ਬਰਾੜ ਤੇ ਰਾਜਿੰਦਰ ਸਿੰਘ ਪੰਧੇਰ ਨੇ ਆਪਣੀ ਸ਼ਾਇਰੀ ਦੀ ਸਰੋਤਿਆਂ ਨਾਲ ਸਾਂਝ ਪੁਵਾਉਣ ਦੀ ਥਾਂ ਬੀਤ ਰਹੇ ਸਾਲ ਤੇ ਆ ਰਹੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਰਣਜੀਤ ਸਿੰਘ ਨਿੱਜਰ ਨੇ ਚਮਕੌਰ ਦੀ ਗੜ੍ਹੀ ਦਾ ਦਰਦ ਕਵੀਸ਼ਰੀ ਰੂਪ ਵਿਚ ਪੇਸ਼ ਕੀਤਾ। ਅਖੀਰ ‘ਤੇ ਅੰਗ੍ਰੇਜ਼ ਸਿੰਘ ਬਰਾੜ ਨੇ ਆਪਣੀਆਂ ਚਾਰ ਬੋਲੀਆਂ ਪਾ ਕੇ ਸ੍ਰੋਤਿਆਂ ਦੀਆਂ ਤਾੜੀਆਂ ਦੇ ਤਾਲ ਨਾਲ ਵਾਹ ਵਾਹ ਖੱਟੀ।  21 ਮਾਰਚ 2017 ਨੂੰ ਇਸੇ ਸਥਾਨ ‘ਤੇ ਮੁੜ ਮਿਲਣ ਦੇ ਇਕਰਾਰ ਨਾਲ ਮੁਸ਼ਾਇਰੇ ਦੀ ਸਮਾਪਤੀ ਹੋਈ।

RELATED ARTICLES

ਗ਼ਜ਼ਲ

POPULAR POSTS