
ਕਿਹਾ : ਅਕਾਲੀ ਦਲ ਦੀ ਪ੍ਰਧਾਨਗੀ ਸਬੰਧੀ ਜੇਕਰ ਪਾਰਟੀ ਪਹੁੰਚ ਕਰਦੀ ਹੈ ਤਾਂ ਕਰ ਸਕਦਾ ਹਾਂ ਵਿਚਾਰ
ਅੰਮਿ੍ਰਤਸਰ/ਬਿਊਰੋ ਨਿਊਜ਼
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਤੱਕ ਪਾਰਟੀ ਦੀ ਪ੍ਰਧਾਨਗੀ ਵਾਸਤੇ ਪਹੁੰਚ ਕਰਦਾ ਹੈ ਤਾਂ ਉਹ ਇਸ ਵਿਸ਼ੇ ’ਤੇ ਵਿਚਾਰ ਕਰ ਸਕਦੇ ਹਨ। ਅੰਮਿ੍ਰਤਸਰ ’ਚ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕਿਸੇ ਵੀ ਅਕਾਲੀ ਧੜੇ ਨੇ ਉਨ੍ਹਾਂ ਤੱਕ ਕੋਈ ਪਹੁੰਚ ਨਹੀਂ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧੜਿਆਂ ਦੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਹਨ ਪਰ ਜੇਕਰ ਸਮੁੱਚਾ ਅਕਾਲੀ ਦਲ ਉਨ੍ਹਾਂ ਤੱਕ ਪਾਰਟੀ ਦੀ ਪ੍ਰਧਾਨਗੀ ਸਬੰਧੀ ਪਹੁੰਚ ਕਰਦਾ ਹੈ ਤਾਂ ਉਹ ਇਸ ਬਾਰੇ ਵਿਚਾਰ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ’ਤੇ ਬਣੇ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀ ਪੁਰਾਤਨ ਸਿਆਸੀ ਜਥੇਬੰਦੀ ਹੈ ਅਤੇ ਇਸ ਵਿੱਚ ਦੋਫਾੜ ਨਹੀਂ ਹੋਣਾ ਚਾਹੀਦਾ। ਜੇਕਰ ਦੋਵਾਂ ਧਿਰਾਂ ਵਿਚਾਲੇ ਕੋਈ ਮਤਭੇਦ ਹਨ ਤਾਂ ਉਹ ਆਪਸ ਵਿੱਚ ਮਿਲ ਬੈਠ ਕੇ ਇਸ ਨੂੰ ਦੂਰ ਕਰ ਲੈਣ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਇੱਕ ਕਮਰੇ ਵਿੱਚ ਬੈਠ ਕੇ ਅਜਿਹੇ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ ਪਰ ਪਾਰਟੀ ਦੋਫਾੜ ਨਹੀਂ ਹੋਣੀ ਚਾਹੀਦੀ।