
ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਸਬੰਧੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਖਿਮਾ ਪੱਤਰ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਆਗੂਆਂ ਦੇ ਧੜੇ ਨੇ ਅੱਜ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਹੈ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਸਬੰਧੀ ਖਿਮਾ ਲਈ ਪੱਤਰ ਵੀ ਸੌਂਪਿਆ ਗਿਆ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ, ਚਰਨਜੀਤ ਸਿੰਘ ਬਰਾੜ, ਕਰਨੈਲ ਸਿੰਘ ਪੰਜੋਲੀ ਤੇ ਕਈ ਹੋਰ ਸੀਨੀਅਰ ਅਕਾਲੀ ਆਗੂ ਸ਼ਾਮਲ ਸਨ। ਨਰਾਜ਼ ਅਕਾਲੀ ਆਗੂਆਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਰ ਸਫਿਆਂ ਦਾ ਇੱਕ ਪੱਤਰ ਦਿੱਤਾ, ਜਿਸ ਵਿੱਚ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਅਤੇ ਭੁੱਲਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਅਕਾਲੀ ਸਰਕਾਰ ਉਸ ਵੇਲੇ ਕੋਈ ਸਹੀ ਫੈਸਲਾ ਲੈਣ ਵਿੱਚ ਅਸਫਲ ਰਹੀ ਸੀ।