15 C
Toronto
Saturday, October 18, 2025
spot_img
Homeਪੰਜਾਬਬਰਾਬਰੀ ਦੇ ਅਧਿਕਾਰ 'ਤੇ ਹਮਲਾ ਕਰ ਰਹੀ ਹੈ ਭਾਜਪਾ : ਰਾਹੁਲ ਗਾਂਧੀ

ਬਰਾਬਰੀ ਦੇ ਅਧਿਕਾਰ ‘ਤੇ ਹਮਲਾ ਕਰ ਰਹੀ ਹੈ ਭਾਜਪਾ : ਰਾਹੁਲ ਗਾਂਧੀ

ਭਾਜਪਾ ‘ਤੇ ਸੰਵਿਧਾਨ ਬਦਲਣ ਦੇ ਲਗਾਏ ਆਰੋਪ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੰਮ੍ਰਿਤਸਰ ‘ਚ ਆਖਿਆ ਕਿ ਇਸ ਵਾਰ ਦੀਆਂ ਚੋਣਾਂ ਮਾਮੂਲੀ ਨਹੀਂ ਹਨ ਬਲਕਿ ਇਹ ਦੋ ਵਿਚਾਰਧਾਰਾਵਾਂ ਦਰਮਿਆਨ ਜੰਗ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਸਭ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਪਰ ਭਾਜਪਾ ਸਰਕਾਰ ਇਸ ਨੂੰ ਬਦਲਣਾ ਚਾਹੁੰਦੀ ਹੈ। ਉਹ ਅੰਮ੍ਰਿਤਸਰ ‘ਚ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ਵਿੱਚ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਇਸ ਮਾਮਲੇ ਨੂੰ ਗੁਰੂ ਸਾਹਿਬ ਦੀ ਸੋਚ ਨਾਲ ਜੋੜਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਵੀ ਬਰਾਬਰੀ ਦੇ ਹੱਕ ਦੀ ਗੱਲ ਕੀਤੀ ਹੈ। ਭਾਰਤੀ ਸੰਵਿਧਾਨ ਵੀ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਪਰ ਭਾਜਪਾ ਇਸ ਸੋਚ ਨੂੰ ਬਦਲਣਾ ਚਾਹੁੰਦੀ ਹੈ। ਉਨ੍ਹਾਂ ਭਾਜਪਾ ਦੀ ਸੋਚ ਨੂੰ ਗੁਰੂਆਂ ਦੀ ਸੋਚ ‘ਤੇ ਹਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਕਾਂਗਰਸ ਬਰਾਬਰੀ ਦੇ ਹੱਕ ਦੀ ਹਾਮੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਫ਼ਰਤ ਦੇ ਬਾਜ਼ਾਰ ‘ਚ ਮੁਹੱਬਤ ਦੀ ਦੁਕਾਨ ਖੋਲ੍ਹਣਾ ਚਾਹੁੰਦੀ ਹੈ। ਮੋਦੀ ਸਰਕਾਰ ਨੂੰ ਕਿਸਾਨਾਂ ਦੇ ਮਾਮਲੇ ਵਿੱਚ ਕਰਾਰੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਅਤਿਵਾਦੀ ਆਖਿਆ ਤੇ ਉਨ੍ਹਾਂ ਦੇ ਕਰਜ਼ੇ ਮੁਆਫ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਮੋਦੀ ਸਰਕਾਰ ਨੇ ਵੱਡੇ ਸਨਅਤੀ ਘਰਾਣਿਆਂ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਅਤੇ ਇੰਡੀਆ ਗੱਠਜੋੜ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ, ਫਸਲਾਂ ‘ਤੇ ਐੱਮਐੱਸਪੀ ਪੱਕੇ ਤੌਰ ‘ਤੇ ਲਾਗੂ ਕੀਤਾ ਜਾਵੇਗਾ ਅਤੇ ਫਸਲੀ ਬੀਮਾ ਯੋਜਨਾ ਵਿੱਚ ਸੁਧਾਰ ਕਰਕੇ ਲਾਗੂ ਕੀਤਾ ਜਾਵੇਗਾ। ਕਿਸਾਨਾਂ ਦੀ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਕਮੇਟੀ ਵੀ ਬਣਾਈ ਜਾਵੇਗੀ, ਜੋ ਲੋੜ ਮੁਤਾਬਿਕ ਭਵਿੱਖ ਵਿੱਚ ਵੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਸਿਫਾਰਸ਼ ਕਰੇਗੀ। ਦੇਸ਼ ਭਰ ਵਿੱਚ ਗਰੀਬ ਪਰਿਵਾਰਾਂ ਵਿੱਚੋਂ ਇੱਕ ਔਰਤ ਦੇ ਖਾਤੇ ਵਿੱਚ ਹਰ ਮਹੀਨੇ 8500 ਰੁਪਏ ਭੇਜੇ ਜਾਣਗੇ ਜਿਸ ਨਾਲ ਗਰੀਬ ਪਰਿਵਾਰਾਂ ਨੂੰ ਹਰ ਸਾਲ ਇਕ ਲੱਖ ਰੁਪਏ ਦੀ ਆਰਥਿਕ ਮਦਦ ਮਿਲੇਗੀ, ਖਾਲੀ ਪਈਆਂ 30 ਲੱਖ ਸਰਕਾਰੀ ਅਸਾਮੀਆਂ ਭਰੀਆਂ ਜਾਣਗੀਆਂ, ਮਨਰੇਗਾ ਦੀ ਦਿਹਾੜੀ ਵਧਾਈ ਜਾਵੇਗੀ।
ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤੀ ਸੇਵਾ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਆਖਿਆ ਕਿ ਉਨ੍ਹਾਂ ਨੂੰ ਇੱਥੇ ਸੇਵਾ ਕਰਕੇ ਸ਼ਾਂਤੀ ਤੇ ਸਕੂਨ ਮਿਲਿਆ ਸੀ। ਉਨ੍ਹਾਂ ਸਿੱਖ ਧਰਮ ਨੂੰ ਸਮਝਣ ਦਾ ਵੀ ਯਤਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਆਪਸੀ ਭਾਈਚਾਰਾ ਚਾਹੁੰਦਾ ਹੈ। ਜੇਕਰ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਗੁਰੂ ਘਰ ਦੀ ਇਸ ਸੋਚ ਨੂੰ ਵਿਸ਼ਵ ਪੱਧਰ ‘ਤੇ ਪ੍ਰਚਾਰਨ ਲਈ ਯਤਨ ਕੀਤਾ ਜਾਵੇਗਾ। ਇਸ ਸ਼ਹਿਰ ਨੂੰ ਵਿਸ਼ਵ ਪੱਧਰ ‘ਤੇ ਗਲੋਬਲ ਕੇਂਦਰ ਬਣਾਇਆ ਜਾਵੇਗਾ।
ਇਸ ਮੌਕੇ ਗੁਰਜੀਤ ਸਿੰਘ ਔਜਲਾ ਅਤੇ ਸਥਾਨਕ ਪ੍ਰਬੰਧਕਾਂ ਵੱਲੋਂ ਰਾਹੁਲ ਗਾਂਧੀ ਦਾ ਸਨਮਾਨ ਵੀ ਕੀਤਾ ਗਿਆ। ਰੈਲੀ ਸਮੇਂ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ, ਦੇਵੇਂਦਰ ਯਾਦਵ, ਕੇਸੀ ਵੇਣੂਗੋਪਾਲ, ਹਰੀਸ਼ ਚੌਧਰੀ, ਪ੍ਰਤਾਪ ਸਿੰਘ ਬਾਜਵਾ, ਓਪੀ ਸੋਨੀ, ਸੁਖਵਿੰਦਰ ਸਿੰਘ ਸਰਕਾਰੀਆ, ਭਗਵੰਤ ਪਾਲ ਸਿੰਘ, ਪ੍ਰਤਾਪ ਸਿੰਘ ਅਜਨਾਲਾ, ਅਸ਼ਵਨੀ ਕੁਮਾਰ ਪੱਪੂ ਅਤੇ ਸਾਬਕਾ ਵਿਧਾਇਕ ਤੇ ਹੋਰ ਹਾਜ਼ਰ ਸਨ।

RELATED ARTICLES
POPULAR POSTS