ਬਰੈਂਪਟਨ : ਵਧ ਰਹੀ ਮਹਿੰਗਾਈ ਦੇ ਕਾਰਨ ਕਈ ਬਰੈਂਪਟਨ-ਵਾਸੀਆਂ ਨੂੰ ਨਿਤਾ-ਪ੍ਰਤੀ ਜੀਵਨ ਦੇ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਫ਼ੈਡਰਲ ਸਰਕਾਰ ਕਈ ਅਜਿਹੇ ਕਦਮ ਉਠਾ ਰਹੀ ਹੈ ਜਿਨ੍ਹਾਂ ਨਾਲ ਕੈਨੇਡਾ-ਵਾਸੀਆਂ ਨੂੰ ਉਹ ਲਾਭ ਮਿਲਣਗੇ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ।
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ-ਵਾਸੀਆਂ ਅਤੇ ਸਮੂਹ ਕੈਨੇਡਾ ਵਾਸੀਆਂ ਨੂੰ ਦਿੱਤੇ ਜਾ ਰਹੇ ਅਜਿਹੇ ਕੁਝ ਸੇਵਾਵਾਂ ਦੇ ਲਾਭਾਂ ਬਾਰੇ ਖ਼ੁਲਾਸਾ ਕੀਤਾ ਜਿਨ੍ਹਾਂ ਵਿਚ ਕੈਨੇਡਾ ਚਾਈਲਡ ਬੈਨੀਫ਼ਿਟ, ਜੀ.ਐੱਸ.ਟੀ. ਕਰੈਡਿਟ, ਕੈਨੇਡਾ ਪੈੱਨਸ਼ਨ ਪਲੈਨ, ਓਲਡ ਏਜ ਸਕਿਉਰਿਟੀ ਤੇ ਗਰੰਟੀਡ ਇਨਕਮ ਸਪਲੀਮੈਂਟ ਸ਼ਾਮਲ ਹਨ, ਜੋ ਮਹਿੰਗਾਈ ਦਰ ਨਾਲ ਸੂਚੀਬੱਧ ਕਰ ਦਿੱਤੇ ਗਏ ਹਨ। ਫ਼ੈਡਰਲ ਸਰਕਾਰ ਦੇ ਇਸ ਮਹੱਤਵਪੂਰਨ ਕਦਮ ਨਾਲ ਕੈਨੇਡਾ-ਵਾਸੀਆਂ ਨੂੰ ਦਿੱਤੇ ਜਾ ਰਹੇ ਲਾਭ ਹੁਣ ਮਹਿੰਗਾਈ ਦੇ ਨਾਲ ਜੋੜ ਦਿੱਤੇ ਗਏ ਹਨ, ਜਿਸ ਨਾਲ ਯੋਗ ਕੈਨੇਡਾ-ਵਾਸੀਆਂ ਨੂੰ ਮਦਦ ਮਿਲੇਗੀ।
ਇਸਦੇ ਬਾਰੇ ਗੱਲਬਾਤ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਯੋਗ ਕੈਨੇਡਾ-ਵਾਸੀਆਂ ਨੇ ਸਾਲ 2023 ਲਈ ਕਲਾਈਮੇਟ ਐਕਸ਼ਨ ਇਨਸੈਂਟਿਵ ਦੀ ਪਹਿਲੀ ਤਿਮਾਹੀ ਦੀ ਕਿਸ਼ਤ ਪਹਿਲਾਂ ਹੀ 13 ਜਨਵਰੀ ਨੂੰ ਪ੍ਰਾਪਤ ਕਰ ਲਈ ਹੈ ਜੋ ਮਹਿੰਗਾਈ ਦੇ ਨਾਲ ਸੂਚੀਬੱਧ ਕੀਤੀ ਗਈ ਹੈ। ਇਹ ਰਕਮ ਕੈਨੇਡਾ-ਵਾਸੀਆਂ ਦੀਆਂ ਜੇਬਾਂ ਵਿਚ ਸਿੱਧੀ ਪਾਈ ਜਾ ਰਹੀ ਹੈ ਤਾਂ ਜੋ ਉਹ ਆਪਣੇ ਜੀਵਨ ਪੱਧਰ ਨੂੰ ਲੋੜੀਂਦੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਬਾਵਜੂਦ ਸਾਵਾਂ ਰੱਖ ਸਕਣ।”
ਇਹ ਕੈਨੇਡਾ ਸਰਕਾਰ ਦੀ ਫ਼ੈੱਡਰਲ ਅਫ਼ੋਰਡੇਬਲ ਪਲੈਨ ਦਾ ਇੱਕ ਹਿੱਸਾ ਹੈ ਜਿਸ ਵਿਚ ਇਹ ਵੀ ਸ਼ਾਮਲ ਹੈ:
ਕੈਨੇਡਾ ਵਰਕਰਜ਼ ਬੈਨੀਫਫ਼ਿਟ ਨੂੰ ਵਧਾਊਣਾ ਜਿਸ ਨਾਲ ਇਸ ਸਾਲ ਪਰਿਵਾਰਾਂ ਦੀਆਂ ਜੇਬਾਂ ਵਿਚ 2,400 ਡਾਲਰ ਪੈਣਗੇ।
75 ਸਾਲ ਤੋਂ ਉੱਪਰ ਵਾਲੇ ਸੀਨੀਅਰ ਸਿਟੀਜ਼ਨਾਂ ਦੀ ਓਲਡ ਏਜ ਸਕਿਉਰਿਟੀ ਵਿਚ 10 ਫੀਸਦੀ ਵਾਧਾ ਜਿਸ ਨਾਲ ਉਨ੍ਹਾਂ ਨੂੰ 766 ਡਾਲਰ ਸਲਾਨਾ ਤੱਕ ਦਾ ਲਾਭ ਹੋਵੇਗਾ। ਕੈਨੇਡੀਅਨ ਕਿਰਾਏਦਾਰ ਜੋ ਮਹਿੰਗਾਈ ਕਾਰਨ ਵੱਧ ਰਹੇ ਮਕਾਨ ਕਿਰਾਇਆਂ ਨਾਲ ਜੂਝ ਰਹੇ ਹਨ, ਨੂੰ 500 ਡਾਲਰ ਦੀ ਰਾਸ਼ੀ ਮੁਹੱਈਆ ਕਰਨੀ।
ਚਾਈਲਡ ਕੇਅਰ ਫ਼ੀਸਾਂ ਦੇ ਖ਼ਰਚਿਆਂ ਵਿਚ ਔਸਤਨ 50 ਫ਼ੀਸਦੀ ਦੀ ਕਟੌਤੀ ਕਰਨੀ।
90,000 ਡਾਲਰ ਸਲਾਨਾ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ 12 ਸਾਲ ਤੋਂ ਛੋਟੇ ਬੱਚਿਆਂ ਲਈ ਡੈਂਟਲ ਕੇਅਰ ਦਾ ਪ੍ਰਬੰਧ ਕਰਨਾ।
ਸੋਨੀਆ ਸਿੱਧੂ ਨੇ ਕਿਹਾ, ”ਹੋਰਨਾਂ ਵਾਂਗ ਬਰੈਂਪਟਨ-ਵਾਸੀ ਵੀ ਬੇਸ਼ਕ ਵੱਧ ਰਹੀ ਮਹਿੰਗਾਈ ਦੇ ਦਬਾਅ ਨਾਲ ਜੂਝ ਰਹੇ ਹਨ ਪਰ ਫ਼ੈੱਡਰਲ ਪੱਧਰ ਤੇ ਅਸੀਂ ਪਰਿਵਾਰਾਂ ਦੇ ਜੀਵਨ ਨੂੰ ਸਾਵਾਂ-ਪੱਧਰਾ ਚਲਾਉਣ ਲਈ ਆਪਣੀਆਂ ਕੋਸ਼ਿਸ਼ਾਂ ਬਾ-ਦਸਤੂਰ ਜਾਰੀ ਰੱਖਾਂਗੇ।”
Home / ਕੈਨੇਡਾ / ਫ਼ੈੱਡਰਲ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਲਾਭ ਮਹਿੰਗਾਈ ਦੇ ਨਾਲ ਸੂਚੀਬੱਧ ਕੀਤੇ : ਸੋਨੀਆ ਸਿੱਧੂ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …