Breaking News
Home / ਕੈਨੇਡਾ / ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਪੰਜਾਬੀ ਭਵਨ ਟੋਰਾਂਟੋ ਦਾ ਉਦਘਾਟਨ

ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਪੰਜਾਬੀ ਭਵਨ ਟੋਰਾਂਟੋ ਦਾ ਉਦਘਾਟਨ

ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਰੋਹਾਂ ਦੇ ਸਿਲਸਿਲੇ ਵਿੱਚ ઠਮੁਲਕ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਚਰ ਬਾਰੇ ਖੋਜ ਅਤੇ ਵਿਕਾਸ ਕਾਰਜਾਂ ਨੂੰ ਸਮਰਪਿਤ ਸੰਸਥਾ ‘ਪੰਜਾਬੀ ਭਵਨ ਟੋਰਾਂਟੋ’ ਦਾ ਉਦਘਾਟਨ 1 ਜੁਲਾਈ ਵਾਲੇ ਦਿਨ ਬਰੈਂਪਟਨ ਵਿੱਚ ਕੀਤਾ ਗਿਆ। ਇਸ ਸੰਸਥਾ ਦਾ ਮਕਸਦ ਪੰਜਾਬੀ ਵਿਰਾਸਤ ਅਤੇ ਸਭਿਆਚਾਰ ਨੂੰ ਕੈਨੇਡਾ ਦੇ ਮਲਟੀਕਲਚਰ ਜਸ਼ਨਾਂ ਦਾ ਇੱਕ ਉਘੜਵਾਂ ਅੰਗ ਬਣਾਉਣਾ ਹੈ।
ਪੰਜਾਬੀ ਭਵਨ ਟੋਰਾਂਟੋ ਦੇ ਸੰਸਥਾਪਕ ਅਤੇ ਪ੍ਰਧਾਨ ਵਿਪਨ ਮਹਿਰੋਕ ਨੇ ਸੰਸਥਾ ਦੇ ਉਦੇਸ਼ਾਂ ਬਾਰੇ ਗੱਲ ਕਰਦੇ ਹੋਏ ਕਿਹਾ, “ਇਕ ਪਰਵਾਸੀ ਭਾਈਚਾਰੇ ਵਜੋਂ ਸਾਨੂੰ ਹਮੇਸ਼ਾ ਇਸ ਗੱਲ ਦਾ ਫਿਕਰ ਲੱਗਿਆ ਰਹਿੰਦਾ ਹੈ ਕਿ ਅਸੀਂ ਆਪਣੀ ਵਿਰਾਸਤ ਅਤੇ ਕਲਚਰ ਆਪਣੀ ਅਗਲੀ ਪੀੜ੍ਹੀ ਤੱਕ ਵੀ ਪਹੁੰਚਾਈਏ। ਅਸੀਂ ਆਪਣੇ ਨੌਜਵਾਨਾਂ ਅਤੇ ਆਪਣੀ ਵਿਰਾਸਤ ਵਿਚਾਲੇ ਇੱਕ ਲਿੰਕ ਬਣਨਾ ਚਾਹੁੰਦੇ ਹਾਂ ਅਤੇ ਇਸ ਤਰ੍ਹਾਂ ਦਾ ਲਿੰਕ ਸਥਾਪਤ ਕਰਨ ਲਈ ਹੀ ਪੰਜਾਬੀ ਭਵਨ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਉਦਘਾਟਨ ਵਾਸਤੇ ਕੈਨੇਡਾ ਡੇਅ ਨੂੰ ਚੁਣਨ ਪਿੱਛੇ ਵੀ ਸਾਡੀ ਇੱਕ ਖਾਸ ਸੋਚ ਹੈ”।
ਪੰਜਾਬੀ ਭਵਨ ਦੇ ਉਦਘਾਟਨ ਮੌਕੇ ਰਾਜਨੀਤੀ, ਸਾਹਿਤ ਅਤੇ ਸਮਾਜਕ ਖੇਤਰ ਨਾਲ ਸੰਬੰਧਤ ਕਈ ਨਾਮੀ ਪੰਜਾਬੀ ਸਖਸ਼ੀਅਤਾਂ ਸ਼ਾਮਲ ਹੋਈਆਂ। ਚੁਣੇ ਹੋਏ ਪਬਲਿਕ ਨੁਮਾਇੰਦਿਆਂ ਵਿੱਚੋਂ ਐਮ ਪੀ ਰੂਬੀ ਸਹੋਤਾ, ਐਮ ਪੀ ਸੋਨੀਆ ਸਿੱਧੂ, ਐਮ ਪੀ ਰਾਮੇਸ਼ਵਰ ਸੰਘਾ, ਐਮ ਪੀ ਪੀ ਹਰਿੰਦਰ ਮੱਲ੍ਹੀ, ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਪੀਲ ਸਕੂਲ ਬੋਰਡ ਟਰੱਸਟੀ ਹਰਕੀਰਤ ਸਿੰਘ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਏ। ਸੰਸਥਾ ਦੇ ਡਾਇਰੈਕਟਰ ਅਪਰੇਸ਼ਨਜ਼ ਲਵੀਨ ਕੌਰ ਗਿੱਲ ਦਾ ਕਹਿਣਾ ਹੈ ਕਿ ਕੈਨੇਡੀਅਨ ਪੰਜਾਬੀ ਯੂਥ ਨੂੰ ਪੰਜਾਬੀ ਵਿਰਾਸਤ ਅਤੇ ਭਾਸ਼ਾ ਨਾਲ ਜੋੜਨਾ ਅਤੇ ਪੰਜਾਬੀ ਸਾਹਿਤ ਨੂੰ ਨਵੀਂ ਪੀੜ੍ਹੀ ਦੀ ਪਹੁੰਚ ਵਿੱਚ ਲਿਆਉਣਾ ਸਾਡਾ ਮੁੱਖ ਉਦੇਸ਼ ਹੈ। ਨੌਜਵਾਨ ਨੂੰ ਇਸ ਕੰਮ ਵਿੱਚ ਸ਼ਾਮਲ ਕਰਨ ਲਈ ਅਸੀਂ ਵੱਖ-ਵੱਖ ਤਰੀਕੇ ਅਪਣਾਵਾਂਗੇ।
ਅਸੀਂ ਚਾਹੁੰਦੇ ਹਾਂ ਕਿ ਇਕ ਕੈਨੇਡੀਅਨ ਸ਼ਹਿਰੀ ਦੇ ਤੌਰ ‘ਤੇ ਸਾਡੇ ਬੱਚਿਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਕਲਚਰ ਨਾਲ ਜੁੜੇ ਹੋਣ ਵਿੱਚ ਵੀ ਮਾਣ ਮਹਿਸੂਸ ਹੋਵੇ। ਪੰਜਾਬੀ ਭਵਨ ਟੋਰਾਂਟੋ ਦੇ ਉਦੇਸ਼ਾਂ ਦਾ ਖਾਕਾ ਪੇਸ਼ ਕਰਦਿਆਂ ਕਮਿਊਨੀਕੇਸ਼ਨ ਡਾਇਰੈਕਟਰ ਜਸਵੀਰ ਸ਼ਮੀਲ ਨੇ ਕਿਹਾ ਕੈਨੇਡੀਅਨ ਪੰਜਾਬੀ ਕਲਚਰ, ਭਾਸ਼ਾ ਅਤੇ ਸਾਹਿਤ ਦੀ ਗਲੋਬਲ ਪੰਜਾਬੀ ਕਲਚਰ ਵਿੱਚ ਇੱਕ ਅਲੱਗ ਪਛਾਣ ਸਥਾਪਤ ਹੋ ਰਹੀ ਹੈ। ਕੈਨੇਡਾ ਵੀ ਗਲੋਬਲ ਪੰਜਾਬੀ ਕਲਚਰ ਦੇ ਇੱਕ ਵੱਡੇ ਸੈਂਟਰ ਵਜੋਂ ਉਭਰਿਆ ਹੈ। ਸਾਡਾ ਮਕਸਦ ਗਲੋਬਲ ਪੰਜਾਬੀ ਕਲਚਰ ਦੇ ਪ੍ਰਸੰਗ ਵਿੱਚ ਕੈਨੇਡੀਅਨ ਪੰਜਾਬੀ ਕਲਚਰ, ਭਾਸ਼ਾ ਅਤੇ ਸਾਹਿਤ ਦੇ ਅਧਿਐਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਾਜੈਕਟ ਸ਼ੁਰੂ ਕਰਨਾ ਹੈ। ਪੰਜਾਬੀ ਭਵਨ ਵੱਲੋਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਕਈ ਤਰ੍ਹਾਂ ਦੇ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਸੰਸਥਾ ਦੇ ਉਦੇਸ਼ਾਂ ਦੀ ਇੱਕ ਰੂਪ-ਰੇਖਾ ਵੀ ਇਸ ਮੌਕੇ ਪੇਸ਼ ਕੀਤੀ ਗਈ।
ਸੰਸਥਾ ਦੇ ਅਜਿਹੇ ਉਦੇਸ਼ਾਂ ਦੇ ਇੱਕ ਹਿੱਸੇ ਵਜੋਂ ਹੀ ਇੱਕ ਛੋਟੀ ਲਾਇਬਰੇਰੀ ਪਹਿਲਾਂ ਹੀ ਸਥਾਪਤ ਕਰਨ ਦਿੱਤੀ ਗਈ ਹੈ, ਜਿਸ ਵਿੱਚ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਪੁਸਤਕਾਂ ਰੱਖੀਆਂ ਗਈਆਂ ਹਨ। ਸੁਖਦੇਵ ਸਿੰਘ ਝੰਡ ਹੋਰਾਂ ਨੇ ਇਸ ਲਾਇਬਰੇਰੀ ਦੇ ਪ੍ਰਬੰਧ ਦੀ ਜਿੰਮੇਵਾਰੀ ਲਈ ਹੈ। ਉਨ੍ਹਾਂ ਕੋਲ ਪੰਜਾਬ ਵਿੱਚ ਲਾਇਬਰੇਰੀਅਨ ਵਜੋਂ ਕੰਮ ਕਰਨ ਦਾ ਲੰਬਾ ਤਜ਼ਰਬਾ ਹੈ।
ਨਾਮਵਰ ਪੰਜਾਬੀ ਸਾਹਿਤਕ ਅਤੇ ਸਮਾਜਕ ਸਖਸ਼ੀਅਤਾਂ ਵਰਿਆਮ ਸੰਧੂ, ਬਲਰਾਜ ਚੀਮਾ, ਬਲਦੇਵ ਮੁੱਟਾ, ਸੁਰਜੀਤ ਕੌਰ, ਰਛਪਾਲ ਗਿੱਲ, ਗੁਰਚਰਨ ਕੋਛੜ ਵੀ ਇਸ ਮੌਕੇ ਬੋਲਣ ਵਾਲਿਆਂ ਵਿੱਚ ਸ਼ਾਮਲ ਸਨ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …