ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਪਰਤਣ ਵਾਲੇ ਲੋਕਾਂ ਨੂੰ ਫੈਡਰਲ ਸਰਕਾਰ ਵੱਲੋਂ ਹੋਟਲਾਂ ਵਿੱਚ ਲਾਜ਼ਮੀ ਤੌਰ ਉੱਤੇ ਕੁਆਰਨਟੀਨ ਕੀਤੇ ਜਾਣ ਦੇ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ 2000 ਤੋਂ ਵੀ ਵੱਧ ਲੋਕ ਕੋਵਿਡ-19 ਪਾਜ਼ੀਟਿਵ ਆ ਚੁੱਕੇ ਹਨ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਵਿੱਚੋਂ ਇੱਕ ਚੌਥਾਈ ਵੇਰੀਐਂਟ ਆਫ ਕਨਸਰਨ ਨਾਲ ਸੰਕ੍ਰਮਿਤ ਹਨ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਦਿੱਤੇ ਗਏ ਡਾਟਾ ਅਨੁਸਾਰ ਸਾਫ ਹੁੰਦਾ ਹੈ ਕਿ 22 ਫਰਵਰੀ ਤੇ 22 ਅਪਰੈਲ ਦਰਮਿਆਨ 557 ਕੌਮਾਂਤਰੀ ਟਰੈਵਲਰਜ਼ ਵੇਰੀਐਂਟ ਆਫ ਕਨਸਰਨ ਨਾਲ ਪਾਜ਼ੀਟਿਵ ਪਾਏ ਗਏ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ 24 ਅਪਰੈਲ ਨੂੰ ਟਵਿੱਟਰ ਉੱਤੇ ਫੈਡਰਲ ਸਰਕਾਰ ਨੂੰ ਸਾਰੇ ਗੈਰ ਅਸੈਂਸ਼ੀਅਲ ਟਰੈਵਲ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜੇ ਇਸੇ ਤਰ੍ਹਾਂ ਪਾਜ਼ੀਟਿਵ ਟਰੈਵਲਰਜ਼ ਕੈਨੇਡਾ ਆਉਂਦੇ ਰਹੇ ਤਾਂ ਸਾਡੇ ਆਈ ਸੀ ਯੂਜ਼ ਪੂਰੀ ਤਰ੍ਹਾਂ ਭਰ ਜਾਣਗੇ। ਪਿਛਲੇ ਹਫਤੇ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਸ ਉੱਤੇ ਵੀ ਆਰਜ਼ੀ ਰੋਕ ਲਾ ਦਿੱਤੀ ਹੈ। ਪਰ ਸਿਰਫ ਇਹ ਦੋਵੇਂ ਦੇਸ਼ ਹੀ ਕੋਵਿਡ-19 ਦਾ ਸਰੋਤ ਨਹੀਂ ਹਨ।
7 ਅਪਰੈਲ ਤੋਂ 24 ਅਪਰੈਲ ਦਰਮਿਆਨ ਪਬਲਿਕ ਹੈਲਥ ਏਜੰਸੀ ਵੱਲੋਂ 19 ਦੇਸ਼ਾਂ ਤੋਂ 165 ਫਲਾਈਟਸ ਦੀ ਪਛਾਣ ਕੀਤੀ ਗਈ ਜਿਨ੍ਹਾਂ ਵਿੱਚ ਅਜਿਹਾ ਘੱਟੋ ਘੱਟ ਇੱਕ ਪੈਸੰਜਰ ਸੀ ਜਿਹੜਾ ਬਾਅਦ ਵਿੱਚ ਕੋਵਿਡ-19 ਪਾਜ਼ੀਟਿਵ ਆਇਆ।ਇਨ੍ਹਾਂ ਵਿੱਚੋਂ 43 ਫਲਾਈਟਸ ਭਾਰਤ ਤੋਂ ਆਈਆਂ, 29 ਅਮਰੀਕਾ ਤੋਂ, 30 ਯੂਰਪ ਤੋਂ ਤੇ 17 ਯੂਨਾਈਟਿਡ ਅਰਬ ਅਮੀਰਾਤ ਤੋਂ ਆਈਆਂ। ਸਿਰਫ ਇੱਕ ਫਲਾਈਟ ਹੀ ਪਾਕਿਸਤਾਨ ਤੋਂ ਆਈ ਸੀ। ਹੈਲਥ ਕੈਨੇਡਾ ਇਹ ਡਾਟਾ ਮੁਹੱਈਆ ਨਹੀਂ ਕਰਵਾ ਸਕੀ ਕਿ ਹੋਟਲ ਛੱਡਣ ਤੋਂ ਬਾਅਦ ਕਿੰਨੇ ਪੈਸੰਜਰ ਪਾਜ਼ੀਟਿਵ ਆਏ। ਸਖਤੀਆਂ ਦੇ ਬਾਵਜੂਦ ਫੈਡਰਲ ਸਰਕਾਰ ਤੋਂ ਹੋਰ ਸਖ਼ਤ ਮਾਪਦੰਡ ਅਪਨਾਏ ਜਾਣ ਦੀ ਮੰਗ ਚੁਫੇਰਿਓਂ ਹੋ ਰਹੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …