65 ਸਾਲ ਤੋਂ ਵਧੇਰੇ ਉਮਰ ਦੇ ਸੀਨੀਅਰਾਂ ਲਈ ਵੀ ਰਾਹਤ ਦੇਣ ਦੀ ਮੰਗ ਕੀਤੀ
ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੋਈ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਦੀ ਕਾਰਜਕਾਰਨੀ ਕਮੇਟੀ ਦੀ ਜ਼ੂਮ-ਮੀਟਿੰਗ ਵਿਚ ਫ਼ੈੱਡਰਲ ਬੱਜਟ-2021 ਵਿਚ 75 ਸਾਲ ਤੋਂ ਉੱਪਰਲੇ ਸੀਨੀਅਰਜ਼ ਲਈ ਓ.ਏ.ਐੱਸ. ਵਿਚ ਵਾਧਾ ਕਰਨ ਲਈ ਫ਼ੈੱਡਰਲ ਸਰਕਾਰ ਦਾ ਧੰਨਵਾਦ ਕੀਤਾ ਗਿਆ। ਕਮੇਟੀ ਮੈਂਬਰਾਂ ਦਾ ਸਮੂਹਿਕ ਵਿਚਾਰ ਸੀ ਕਿ ਸੀਨੀਅਰਾਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰ ਵੱਲੋਂ ਇਹ ਬਹੁਤ ਵਧੀਆ ਤੇ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ਸਰਕਾਰ 65 ਸਾਲ ਤੋਂ ਉੱਪਰ ਵਾਲੇ ਵਿਅੱਕਤੀਆਂ ਨੂੰ ਸੀਨੀਅਰ ਸਿਟੀਜ਼ਨ ਮੰਨਦੀ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਜ਼ਰੂਰਤਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਇਹ ਮੰਗ ਕੀਤੀ ਕਿ ਸਰਕਾਰ ਨੂੰ 65 ਤੋਂ 75 ਸਾਲ ਦੀ ਉਮਰ ਵਾਲੇ ਸੀਨੀਅਰਾਂ ਦੇ ਓ.ਏ.ਐੱਸ. ਵਿਚ ਵੀ ਵਾਧਾ ਕਰਨਾ ਚਾਹੀਦਾ ਹੈ।
ਕਾਰਜਕਾਰਨੀ ਕਮੇਟੀ ਵੱਲੋਂ 2019 ਵਿਚ ਲਏ ਗਏ ਆਪਣੇ ਫ਼ੈਸਲੇ ਨੂੰ ਦੁਹਰਾਉਂਦਿਆਂ ਹੋਇਆਂ ਇਹ ਵੀ ਮੰਗ ਕੀਤੀ ਗਈ ਕਿ ਜਿਨ੍ਹਾਂ ਸੀਨੀਅਰ ਸਿਟੀਜ਼ਨਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵਧੇਰੇ ਹੋ ਗਈ ਹੈ ਪਰ ਉਨ੍ਹਾਂ ਦਾ ਕੈਨੇਡਾ ਵਿਚ 10 ਸਾਲ ਦਾ ਸਟੇਅ ਅਜੇ ਤੱਕ ਪੂਰਾ ਨਹੀਂ ਹੋਇਆ, ਉਨ੍ਹਾਂ ਨੂੰ ਵੀ ਘੱਟੋ-ਘੱਟ 500 ਡਾਲਰ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦਾ ਜੀਵਨ ਵੀ ਸੁਖਾਲਾ ਅਤੇ ਕੁਝ ਹੱਦ ਤੱਕ ਆਤਮ-ਨਿਰਭਰ ਬਣਾਇਆ ਜਾ ਸਕੇ। ਕਮੇਟੀ ਮੈਂਬਰਾਂ ਵੱਲੋਂ ਆਪਣੀ ਉਪਰੋਕਤ ਮੰਗ ਵਿਚ ਇਸ ਸਬੰਧੀ ਬਰੈਂਪਟਨ ਪੂਰਬੀ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੰਘ ਸਿੱਧੂ ਨੂੰ ਕੀਤੀ ਗਈ ਲਿਖਤੀ ਬੇਨਤੀ ਦਾ ਵੀ ਹਵਾਲਾ ਦਿੱਤਾ ਗਿਆ ਜੋ ਉਨ੍ਹਾਂ ਵੱਲੋਂ ਆਪਣੀ ਟਿੱਪਣੀ ਸਮੇਤ ਫ਼ੈੱਡਰਲ ਸਰਕਾਰ ਨੂੰ ਭੇਜੀ ਗਈ ਸੀ।
ਕਮੇਟੀ ਮੈਂਬਰਾਂ ਵੱਲੋਂ ਸਾਰੇ ਸੀਨੀਅਰਜ਼ ਨੂੰ ਇਸ ਸਮੇਂ ਚੱਲ ਲਈ ਕਰੋਨਾ ਦੀ ਭਿਆਨਕ ਆਫ਼ਤ ਤੋਂ ਬੱਚਣ ਲਈ ਇਸ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਅਪੀਲ ਕੀਤੀ ਗਈ। ਉਨ੍ਹਾਂ ਸਮੂਹ ਸੀਨੀਅਰ ਸਾਥੀਆਂ ਨੂੰ ਕਰੋਨਾ ਦੀਆਂ ਦੋਹਾਂ ਖ਼ੁਰਾਕਾਂ ਦੇ ਟੀਕੇ ਲਗਵਾਉਣ ਦੀ ਵੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮਾਸਕ ਪਹਿਨਣ ਤੇ ਛੇ ਫੁੱਟ ਦੀ ਆਪਸੀ ਦੂਰੀ ਦੇ ਨਿਯਮਾਂ ਦੀ ਹਰ ਹਾਲਤ ਵਿਚ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਅਤੇ ਗਾਹੇ-ਬਗਾਹੇ ਸਾਨੂੰ ਸਾਬਣ ਨਾਲ ਆਪਣੇ ਹੱਥ ਧੋਣੇ ਵੀ ਨਹੀਂ ਭੁੱਲਣੇ ਚਾਹੀਦੇ। ਉਨ੍ਹਾਂ ਕਿਹਾ ਕਿ ਸੀਨੀਅਰਾਂ ਨੂੰ ਲਈ ਸਰਕਾਰ ਵੱਲੋਂ ਮਿਲਣ ਵਾਲੀਆਂ ਡੈਂਟਲ ਕੇਅਰ ਦੀਆਂ ਸਹੂਲਤਾਂ, ਘੱਟ ਖ਼ਰਚੇ ਵਾਲੇ ਅੰਤਮ-ਸਸਕਾਰਾਂ ਅਤੇ ਸੀਨੀਅਰਜ਼ ਦੇ ਹੋਰ ਮਸਲਿਆਂ ਸਬੰਧੀ ਵਿਚਾਰ ਸਾਂਝੇ ਕਰਨ ਲਈ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਹੇਠ ਲਿਖੇ ਮੈਂਬਰਾਂ ਨੂੰ ਉਨ੍ਹਾਂ ਦੇ ਫ਼ੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ: ਜੰਗੀਰ ਸਿੰਘ ਸਹਿੰਬੀ (416-409-0126), ਪਰਮਜੀਤ ਸਿੰਘ ਬੜਿੰਗ (647-963-0331), ਨਿਰਮਲ ਸਿੰਘ ਧਾਰਨੀ (647-764-4743), ਕਰਤਾਰ ਸਿੰਘ ਚਾਹਲ (647-854-8746), ਹਰਦਿਆਲ ਸਿੰਘ ਸੰਧੂ (647-686-4201), ਪ੍ਰੀਤਮ ਸਿੰਘ ਸਰਾਂ (416-833-0567), ਦੇਵ ਕੁਮਾਰ ਸੂਦ (416-553-0722), ਬਲਵਿੰਦਰ ਸਿੰਘ ਬਰਾੜ (647-262-4026).