Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸਲਾਨਾ ਡਿਨਰ ਸਮਾਗਮ ‘ ਚ ਕੀਤਾ ਮਲੂਕ ਸਿੰਘ ਕਾਹਲੋਂ ਤੇ ਮਕਸੂਦ ਚੌਧਰੀ ਨੂੰ ਸਨਮਾਨਿਤ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸਲਾਨਾ ਡਿਨਰ ਸਮਾਗਮ ‘ ਚ ਕੀਤਾ ਮਲੂਕ ਸਿੰਘ ਕਾਹਲੋਂ ਤੇ ਮਕਸੂਦ ਚੌਧਰੀ ਨੂੰ ਸਨਮਾਨਿਤ

ਗੀਤਾਂ, ਗ਼ਜਲਾਂ ਤੇ ਕਵਿਤਾਵਾਂ ਦੀ ਤਿੰਨ ਘੰਟੇ ਦੀ ਛਹਿਬਰ ਦੌਰਾਨ ਕਈਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਈ ਸਾਲਾਂ ਤੋਂ ਚਲੀ ਆ ਰਹੀ ਆਪਣੀ ਪਰੰਪਰਾ ਜੋ ਕਰੋਨਾ ਕਾਲ ਦੌਰਾਨ ਪਿਛਲੇ ਦੋ ਸਾਲ ਦੁਹਰਾਈ ਨਾ ਜਾ ਸਕੀ, ਨੂੰ ਮੁੜ ਬਹਾਲ ਕਰਦਿਆਂ ਲੰਘੇ ਸ਼ਨੀਵਾਰ 17 ਦਸੰਬਰ ਨੂੰ 2250 ਬੋਵੇਰਡ ਡਰਾਈਵ ਸਥਿਤ ਇਮਾਰਤ ਦੀ ਪਾਰਕਿੰਗ-1 ਵਿਚ ਸਥਿਤ ਹੋਮ ਲਾਈਫ਼ ਰਿਆਲਟੀ ਦੇ ਖੁੱਲ੍ਹੇ-ਡੁੱਲ੍ਹੇ ਮੀਟਿੰਗ-ਹਾਲ ਵਿਚ ਸਲਾਨਾ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸਾਹਿਤ-ਪ੍ਰੇਮੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿੱਚ ਸਭਾ ਵੱਲੋਂ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਮਲੂਕ ਸਿੰਘ ਕਾਹਲੋਂ ਤੇ ਮਕਸੂਦ ਚੌਧਰੀ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਮ ਚੀਮਾ ਅਤੇ ਲਾਹੌਰ ਤੋਂ ਆਈ ਮੋਹਤਰਿਮਾ ਨਬੀਲ ਮੀਰਾ ਬਿਰਾਜਮਾਨ ਹੋਏ।
ਸਮਾਗ਼ਮ ਦੀ ਕਾਰਵਾਈ ਆਰੰਭ ਕਰਦਿਆਂ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੂੰ ਆਏ ਮਹਿਮਾਨਾਂ ਤੇ ਸਾਹਿਤ-ਪ੍ਰੇਮੀਆਂ ਦਾ ਸੁਆਗ਼ਤ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਸਾਰਿਆਂ ਦਾ ਹਾਰਦਿਕ ਸੁਆਗ਼ਤ ਕਰਦੇ ਹੋਏ ਬੜੇ ਭਾਵਪੂਰਤ ਸ਼ਬਦਾਂ ‘ ਚ ਬੋਲਚਾਲ ਵਿੱਚ ਆਉਂਦੇ ਆਮ ਸ਼ਬਦਾਂ ਅਤੇ ਗੁਰਬਾਣੀ ਦੇ ਸੰਦਰਭ ਵਿਚਲੇ ਸ਼ਬਦ ਦੀ ਮਹਿਮਾ ਦੀ ਚਰਚਾ ਛੇੜੀ ਜਿਸ ਨੂੰ ਹੋਰ ਵਿਸਥਾਰ ਦਿੰਦਿਆਂ ਹੋਇਆਂ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ ਨੇ ਦੱਸਿਆ ਕਿ ਬੋਲੀ ਤੋਂ ਬਾਅਦ ਬਣੀ ਭਾਸ਼ਾ ਵਿਚ ਸੱਭ ਤੋਂ ਪਹਿਲਾਂ ਚਿੰਨ੍ਹ ਅਤੇ ਫਿਰ ਅੱਖਰ ਆਏ ਜਿਨ੍ਹਾਂ ਦੇ ਸੁਮੇਲ ਨਾਲ ਸ਼ਬਦ ਦੀ ਬਣਤਰ ਹੋਈ। ਇਨ੍ਹਾਂ ਸ਼ਬਦਾਂ ਤੋਂ ਵਾਕ ਬਣੇ ਜੋ ਪੁਸਤਕ ਰੂਪ ਵਿੱਚ ਆਏ ਅਤੇ ਫਿਰ ਗ੍ਰੰਥਾਂ ਦੀ ਰਚਨਾ ਹੋਈ। ਰਮਾਇਣ , ਭਗਵਤ ਗੀਤਾ , ਬਾਈਬਲ ਤੇ ਪਵਿੱਤਰ ਕੁਰਾਨ ਵਰਗੇ ਧਾਰਮਿਕ ਗ੍ਰੰਥ ਹੋਂਦ ਵਿਚ ਆਏ ਅਤੇ ਫਿਰ ਇਸ ਤੋਂ ਅੱਗੇ ਜਾ ਕੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਦਾ ਦਰਜਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਾਰੀ ਸ਼ਬਦ ਦੀ ਹੀ ਮਹਿਮਾ ਅਤੇ ਉਸ ਦਾ ਅੱਗੋਂ ਵਿਸਥਾਰ ਹੈ।
ਕਵੀ-ਦਰਬਾਰ ਨੂੰ ਆਪਣੇ ਹਿਸਾਬ ਨਾਲ ਤਰਤੀਬ ਦਿੰਦਿਆਂ ਤਲਵਿੰਦਰ ਮੰਡ ਨੇ ਸੱਭ ਤੋਂ ਪਹਿਲਾਂ ਮਲਵਿੰਦਰ ਨੂੰ ਆਪਣੀ ਕਵਿਤਾ ਸੁਨਾਉਣ ਦਾ ਸੱਦਾ ਦਿੱਤਾ ਜਿਸ ਨੇ ਉਸ ਦਿਨ ਦੀ ਪੰਜਾਬੀ ਟ੍ਰਿਬਿਊਨ ਵਿਚ ਆਪਣੇ ਤਾਜ਼ੇ ਛਪੇ ਦੋਹਿਆਂ ਵਿੱਚੋਂ ਕੁਝ ਬਾਖ਼ੁਬੀ ਪੇਸ਼ ਕੀਤੇ। ਉਸ ਤੋਂ ਬਾਅਦ ਪਰਮਜੀਤ ਢਿੱਲੋਂ ਦੀ ਵਾਰੀ ਆ ਗਈ ਜਿਸ ਦੇ ਗੀਤ ਦੇ ਬੋਲਾਂ ਨੇ ਸਰੋਤਿਆਂ ਦੀ ਖ਼ੂਬ ਵਾਹ-ਵਾਹ ਖੱਟੀ। ਫਿਰ ਵਾਰੋ ਵਾਰੀ ਕਵੀ-ਕਵਿੱਤਰੀਆਂ ਤੇ ਗਾਇਕ ਮੰਚ ‘ ਤੇ ਆਉਂਦੇ ਗਏ ਅਤੇ ਆਪਣੀਆਂ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਗਏ।
ਉਨ੍ਹਾਂ ਨੂੰ ਸਮਾਗ਼ਮ ਵਿਚ ਜਿੱਥੇ ਪ੍ਰੋ. ਆਸ਼ਿਕ ਰਹੀਲ, ਜਨਾਬ ਅਬਦੁਲ ਹਮੀਦੀ, ਮੋਹਤਰਿਮਾ ਨਬੀਲਾ ਮੀਰ, ਭੁਪਿੰਦਰ ਦੁਲੇ ਤੇ ਦੀਪ ਕੁਲਦੀਪ ਦੀਆਂ ਖ਼ੂਬਸੂਰਤ ਉਰਦੂ ਤੇ ਪੰਜਾਬੀ ਗ਼ਜ਼ਲਾਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ, ਉੱਥੇ ਇਕਬਾਲ ਬਰਾੜ, ਰਿੰਟੂ ਭਾਟੀਆ, ਮੀਤਾ ਖੰਨਾ, ਹਰਜੀਤ ਭੰਵਰਾ, ਪਰਮਜੀਤ ਸਿੰਘ ਗਿੱਲ ਅਤੇ ਔਜਲਾ ਬ੍ਰਦਰ ਦੇ ਗੀਤ ਵੀ ਦਿਲਾਂ ਨੂੰ ਟੁੰਬਣ ਵਾਲੇ ਸਨ।
ਸਮਾਗ਼ਮ ਦੇ ਅੱਧ-ਵਿਚਾਲੇ ਜਿਹੇ ਜਾ ਕੇ ਮੰਚ-ਸੰਚਾਲਨ ਦੀ ਕਮਾਨ ਪਰਮਜੀਤ ਢਿੱਲੋਂ ਨੇ ਸੰਭਾਲ ਲਈ ਅਤੇ ਗੀਤਾਂ ਗ਼ਜਲਾਂ ਦੇ ਚੱਲ ਰਹੇ ਦੌਰ ਵਿਚ ਉਨ੍ਹਾਂ ਵੱਲੋਂ ਸੁਰਜੀਤ ਕੌਰ, ਜਗੀਰ ਸਿੰਘ ਕਾਹਲੋਂ, ਹਰਦਿਆਲ ਝੀਤਾ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਮਕਸੂਦ ਚੌਧਰੀ, ਕਰਨ ਅਜਾਇਬ ਸੰਘਾ, ਈਸ਼ਰ ਸਿੰਘ, ਹਰਜਿੰਦਰ ਸਿੰਘ ਭਸੀਨ, ਰਛਪਾਲ ਕੌਰ ਗਿੱਲ, ਹਰਜਸਪ੍ਰੀਤ ਗਿੱਲ, ਤੇ ਹੋਰ ਕਵੀਆਂ-ਕਵਿੱਤਰੀਆਂ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਆਪਣੇ ਖ਼ਿਆਲਾਂ ਦਾ ਖ਼ੂਬਸੂਰਤ ਇਜ਼ਹਾਰ ਕੀਤਾ। ਇਸ ਦੌਰਾਨ ਪੰਜਾਬੀ ਮੀਡੀਆ ਦੀ ਜਾਣੀ-ਪਛਾਣੀ ਸ਼ਖ਼ਸੀਅਤ ਇਕਬਾਲ ਮਾਹਲ, ਕੈਲਾਡਨ ਤੋਂ ਆਏ ਅਵਤਾਰ ਸਿੰਘ ਸੰਧੂ, ਇੰਦਰਬੀਰ ਸਿੰਘ ਸੰਧੂ ਅਤੇ ਗੁਰਚਰਨ ਸਿੰਘ ਹੇਅਰ ਵੱਲੋਂ ਵੱਖ-ਵੱਖ ਸਮਾਜਿਕ ਵਿਸ਼ਿਆਂ ‘ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਹਾਜ਼ਰ ਸਰੋਤਿਆਂ ਵਿਚ ਗੁਰਦੇਵ ਚੌਹਾਨ, ਰੌਸ਼ਨ ਪਾਠਕ, ਹਰਪਾਲ ਸਿੰਘ ਭਾਟੀਆ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਡਾ. ਜਗਮੋਹਨ ਸਿੰਘ ਸੰਘਾ, ਹੀਰਾ ਸਿੰਘ ਹੰਸਪਾਲ, ਹਰਮਨ ਗਿੱਲ, ਹੁਨਰ ਕਾਹਲੋਂ, ਇੰਦਰਦੀਪ ਸਿੰਘ, ਰਮਿੰਦਰ ਵਾਲੀਆ, ਦਵਿੰਦਰ ਕੌਰ ਸੰਘਾ, ਜਸਵਿੰਦਰ ਕੌਰ ਸੰਘਾ, ਜਗਦੀਸ਼ ਕੌਰ ਝੰਡ, ਜਗਦੀਸ਼ ਕੌਰ ਕਾਹਲੋਂ, ਪ੍ਰਦੀਪ ਕੌਰ ਮੰਡ, ਰਾਜਵਿੰਦਰ ਕੌਰ ਸੰਧੂ, ਪੁਸ਼ਪਿੰਦਰ ਕੌਰ ਤੇ ਕਈ ਹੋਰ ਸ਼ਾਮਲ ਸਨ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸਰਗ਼ਰਮ ਮੈਂਬਰਾਂ ਮਲੂਕ ਸਿੰਘ ਕਾਹਲੋਂ ਅਤੇ ਮਕਸੂਦ ਚੌਧਰੀ ਨੂੰ ਸਭਾ ਵੱਲੋਂ ਸ਼ਾਨਦਾਰ ਟਰਾਫ਼ੀਆਂ ਅਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਕਿਹਾ ਕਿ ਸਾਡੇ ਸਾਥੀ ਮਕਸੂਦ ਚੌਧਰੀ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਦੇ ਅਦੀਬਾਂ ਦੇ ਵਿਚਕਾਰ ਇੱਕ ਪੁਲ਼ ਦਾ ਕੰਮ ਕਰ ਰਹੇ ਹਨ। ਮਲੂਕ ਸਿੰਘ ਕਾਹਲੋਂ ਨੂੰ ਸਭਾ ਦੀ ਰੀੜ੍ਹ ਦੀ ਹੱਡੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਆਪਣੇ ਸਾਥੀਆਂ ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਤਲਵਿੰਦਰ ਸਿੰਘ ਮੰਡ, ਪਰਮਜੀਤ ਸਿੰਘ ਢਿੱਲੋਂ, ਕਰਨ ਅਜਾਇਬ ਸਿੰਘ ਸੰਘਾ, ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਹੋਰਨਾਂ ਦੇ ਨਾਲ ਮਿਲ ਕੇ ਗਿਆਰਾਂ ਸਾਲ ਪਹਿਲਾਂ ਨਵੰਬਰ 2011 ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਸ਼ੁਰੂਆਤ ਕੀਤੀ। ਉਦੋਂ ਤੋਂ ਲੈ ਕੇ ਹੁਣ ਤੀਕ ਇਹ ਸਭਾ ਆਪਣੇ ਮਹੀਨਾਵਾਰ ਸਮਾਗ਼ਮ ਨਿਰੰਤਰ ਕਰਦੀ ਆ ਰਹੀ ਹੈ। ਇੱਥੋਂ ਤੀਕ ਕਿ ਕਰੋਨਾ ਦੇ ਲੱਗਭੱਗ ਦੋ ਸਾਲ ਦੇ ਲੰਮੇਂ ਅਰਸੇ ਦੌਰਾਨ ਵੀ ਇਹ ਸਮਾਗ਼ਮ ਇਸ ਦੇ ਸਰਗ਼ਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਪ੍ਰਦਾਨ ਕੀਤੀ ਗਈ ਤਕਨੀਕੀ ਸਹਾਇਤਾ ਨਾਲ ਨਿਰਵਿਘਨ ਜਾਰੀ ਰਹੇ। ਉਪਰ ਸਾਰਿਆਂ ਨੇ ਮਿਲ ਕੇ ਰਾਤ ਦੇ ਖਾਣੇ ਦਾ ਭਰਪੂਰ ਅਨੰਦ ਮਾਣਿਆਂ ਅਤੇ ਨਵੇਂ ਸਾਲ 2023 ਦੇ ਜਨਵਰੀ ਮਹੀਨੇ ਫਿਰ ਮਿਲਣ ਦੀ ਆਸ ਨਾਲ ਇੱਕ ਦੂਸਰੇ ਤੋਂ ਉਦੋਂ ਤੱਕ ਅਲਵਿਦਾ ਲਈ।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …