5.6 C
Toronto
Friday, November 21, 2025
spot_img
Homeਕੈਨੇਡਾਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਮਿਲ ਕੇ ਮਨਾਇਆ ਮਲਟੀਕਲਚਰਲ-ਡੇਅ

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਮਿਲ ਕੇ ਮਨਾਇਆ ਮਲਟੀਕਲਚਰਲ-ਡੇਅ

ਡਿਪਟੀ ਮੇਅਰ ਹਰਕੀਰਤ ਸਿੰਘ ਤੇ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ
ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਰੈਂਪਟਨ ਵਿਚ ਪਿਛਲੇ ਕੁਝ ਸਾਲਾਂ ਤੋਂ ਸਫ਼ਲਤਾ-ਪੂਰਵਕ ਵਿਚਰ ਰਹੀ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਲੰਘੇ ਸ਼ਨੀਵਾਰ 17 ਦਸੰਬਰ ਨੂੰ ਬਰੈਂਪਟਨ ਦੇ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਖੇ ਮਲਟੀਕਲਚਰਲ-ਡੇਅ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ ਸੌ ਤੋਂ ਵਧੇਰੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਪ੍ਰੋਗਰਾਮ ਦੇ ਆਰੰਭ ਵਿੱਚ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਆਏ ਸਮੂਹ ਮਹਿਮਾਨਾਂ ਤੇ ਮੈਂਬਰਾਂ ਦਾ ਹਾਰਦਿਕ ਸੁਆਗ਼ਤ ਕਰਦਿਆਂ ਹੋਇਆਂ ਵੱਖ-ਵੱਖ ਕਮਿਊਨਿਟੀਆਂ ਵਿਚ ਮਨਾਏ ਜਾਂਦੇ ਤਿਓਹਾਰਾਂ ਦੀ ਮਹੱਤਤਾ ਦੱਸੀ ਗਈ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਵਿਚ ਬਹੁਤ ਸਾਰੇ ਜਸਨ ਸੱਭਿਆਚਾਰ ਜਾਂ ਨਸਲੀ ਵਿਸ਼ਿਆਂ ‘ ਤੇ ਕੇਂਦ੍ਰਿਤ ਹੁੰਦੇ ਸਨ ਅਤੇ ਉਹ ਲੋਕਾਂ ਦੀ ਆਪਸੀ ਭਾਈਚਾਰਕ-ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਸਨ ਅਤੇ ਇਹ ਅੱਜ ਵੀ ਬਾਖ਼ੂਬੀ ਕਰ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕਈਆਂ ਦਾ ਸਰੂਪ ਬਦਲ ਗਿਆ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਮਨਾਏ ਜਾਂਦੇ ਲੋਹੜੀ, ਹੋਲੀ, ਹੋਲਾ ਮਹੱਲਾ, ਵਿਸਾਖੀ, ਦੀਵਾਲੀ ਤੇ ਧਾਰਮਿਕ ਤਿਓਹਾਰ ਅਤੇ ਇਨ੍ਹਾਂ ਦੇਸ਼ਾਂ ਵਿਚ ਮਨਾਏ ਜਾਂਦੇ ਕ੍ਰਿਸਮਸ ਡੇਅ, ਕੈਨੇਡਾ ਡੇਅ, ਲੇਬਰ ਡੇਅ, ਆਦਿ ਤਿਓਹਾਰ ਇਸ ਲੜੀ ਨੂੰ ਅੱਗੇ ਵਧਾਉਂਦੇ ਹਨ।
ਸਮਾਗ਼ਮ ਦੇ ਮੁੱਖ-ਮਹਿਮਾਨ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਸਨ। ਉਨ੍ਹਾਂ ਵੱਲੋਂ ਬਰੈਂਪਟਨ ਦੇ ਲੋਕਾਂ ਵਿੱਚ ਵੱਧ ਰਹੀ ਅਸੁਰੱਖਿਆ ਦੀ ਭਾਵਨਾ, ਸਿਹਤ ਸਬੰਧੀ ਸਮੱਸਿਆਵਾਂ ਅਤੇ ਸੀਨੀਅਰਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਗਈ ਅਤੇ ਸਿਟੀ ਕੌਂਸਲ ਵੱਲੋਂ ਇਨ੍ਹਾਂ ਨੂੰ ਦੂਰ ਕਰਨ ਲਈ ਅਪਨਾਈਆਂ ਜਾਣ ਵਾਲੀਆਂ ਯੋਜਨਾਵਾਂ ਬਾਰੇ ਵਿਸਥਾਰ ਪੂਰਵਕ ਵਰਨਣ ਕੀਤਾ ਗਿਆ। ਇਸ ਦੌਰਾਨ ਚੱਲੇ ਸੱਭਿਆਚਾਰਕ ਪ੍ਰੋਗਰਾਮ ਵਿਚ ਮਲੂਕ ਸਿੰਘ ਕਾਹਲੋਂ, ਦਲਬੀਰ ਸਿੰਘ ਕਾਲਰਾ, ਸਤਪਾਲ ਸਿੰਘ ਕੋਮਲ, ਤਰਲੋਕ ਸਿੰਘ ਸੋਢੀ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਮਰਵਾਹਾ ਅਤੇ ਸ੍ਰੀਮਤੀ ਜੋਗਿੰਦਰ ਕੌਰ ਨੇ ਕਵਿਤਾਵਾਂ, ਪੰਜਾਬੀ ਲੋਕ-ਗੀਤ, ਟੱਪੇ ਤੇ ਬੋਲੀਆਂ ਸੁਣਾ ਕੇ ਹਾਜ਼ਰੀਨ ਦਾ ਖ਼ੂਬ ਮਨੋਰੰਜਨ ਕੀਤਾ।
ਕਲੱਬ ਦੀ ਕਾਰਜਕਾਰਨੀ ਦੇ ਸਮੂਹ ਮੈਂਬਰਾਂ ਵੱਲੋਂ ਇਸ ਸੱਭਿਆਚਾਰਕ ਪ੍ਰੋਗਰਾਮ ਦੀ ਸਫ਼ਲਤਾ ਦੀ ਸਰਾਹਨਾ ਕੀਤੀ ਗਈ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਅਤੇ ਸਕੱਤਰ ਹਰਚਰਨ ਸਿੰਘ ਵੱਲੋਂ ਵੱਲੋਂ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗ਼ਮ ਦੀ ਕਾਰਵਾਈ ਕੈਮਰਾਬੰਦ ਕਰਨ ਲਈ ਬੀਬੀ ਕੰਵਲਜੀਤ ਕੌਰ ਅਤੇ ਕੁਲਦੀਪ ਸਿੰਘ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਮੈਂਬਰਾਂ ਲਈ ਸ਼ਾਨਦਾਰ ਬਰੇਕਫ਼ਾਸਟ ਅਤੇ ਲੰਚ ਦਾ ਪ੍ਰਬੰਧ ਕੀਤਾ ਗਿਆ। ਇਸ ਤਰ੍ਹਾਂ ਇਸ ਸਾਲ ਦੇ ਅਖ਼ੀਰਲੇ ਮਹੀਨੇ ਹੋਣ ਵਾਲਾ ਇਹ ਸਮਾਗ਼ਮ ਸਾਰਿਆਂ ਲਈ ਯਾਦਗਾਰੀ ਬਣ ਗਿਆ। ਨਵੇਂ ਸਾਲ ਵਿਚ ਫਿਰ ਮਿਲਣ ਦੀ ਆਸ ਨਾਲ ਸਾਰਿਆਂ ਨੇ ਇਕ ਦੂਸਰੇ ਕੋਲੋਂ ਵਿਦਾਇਗੀ ਲਈ।

 

RELATED ARTICLES
POPULAR POSTS