ਘਰਾਂ ਵਿਚੋਂ ਬਣਾ ਕੇ ਲਿਆਂਦੇ ਖਾਣੇ ਨੇ ਬਹੁਕੌਮੀ ਸਭਿਆਚਾਰ ਦੇ ਰੰਗ ਬੰਨ੍ਹੇ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪਿਛਲੇ ਦਿਨੀਂ ਕਲੀਵਵਿਊ ਸੀਨੀਅਰਜ਼ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਪਾਰਕ ਵਿਚ ਰਲ ਮਿਲ ਕੇ ਪੌਟਲੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ, ਜਿਸ ਵਿਚ ਖਾਣ-ਪੀਣ ਤੋਂ ਇਲਾਵਾ ਨੱਚਣ ਗਾਉਣ ਵੀ ਸ਼ਾਮਿਲ ਸੀ। ਇਸ ਇਲਾਕੇ ਵਿਚ ਵਸਦੇ ਵੱਖ-ਵੱਖ ਭਾਈਚਾਰੇ ਦੇ ਵਿਅਕਤੀ ਇਸ ਕਲੱਬ ਦੇ ਮੈਂਬਰ ਹੋਣ ਕਾਰਨ, ਇਸ ਪ੍ਰੋਗਰਾਮ ਵਿਚ ਪੰਜਾਬੀ, ਗੁਜਰਾਤੀ ਅਤੇ ਕੈਨੇਡੀਅਨ ਰੰਗ ਵੇਖਣ ਨੂੰ ਮਿਲੇ। ਗੁਜਰਾਤੀ ਖੰਡਵੀ, ਖਾਮਣ ਢੋਕਲਾ, ਪੱਤਰਾ, ਹਰਿਆਣਵੀ ਪਾਪੜ, ਪੰਜਾਬੀ ਬਾਸਮਤੀ ਚੌਲ, ਨ੍ਹਾਨ, ਰੋਟੀ ਤੇ ਕੜ੍ਹੀ ਕੋਫਤਾ, ਉਤਰੀ ਭਾਰਤ ਦੇ, ਦਹੀਂ ਭੱਲੇ, ਕਾਬਲੀ ਛੋਲੇ, ਚਨਾ ਮਸਾਲਾ, ਸਮੋਸੇ, ਜਲੇਬੀ, ਗੁਲਾਬ ਜਾਮਣ, ਕੈਨੇਡੀਅਨ ਪਾਸਤਾ ਮੈਕਰੋਨੀ, ਕੇਕ ਆਦਿ ਇਸ ਸਮੇਂ ਪਰੋਸੇ ਗਏ ਅਤੇ ਬਾਅਦ ਵਿਚ ਬੀਬੀਆਂ ਨੇ ਬੋਲੀਆਂ ਅਤੇ ਗਿੱਧਾ ਪਾਇਆ, ਬੈਠਣ ਉਪਰੰਤ ਹਿੰਦੀ ਗਾਣਿਆਂ ਦੀ ਅੰਤਰਾਕਸ਼ੀ ਖੇਡੀ ਗਈ, ਜਿਸ ਵਿਚ ਮਹਿਲਾਵਾਂ ਦੇ ਨਾਲ-ਨਾਲ ਮਰਦ ਵੀ ਸ਼ਾਮਲ ਹੋਏ, ਜਿਨ੍ਹਾਂ ਵਿਚ ਸੁਖਵਿੰਦਰ ਜੀਤ ਮੋਹਰੀ ਰਹੇ। ਇਸ ਗਾਣਿਆਂ ਦੀ ਖੇਡ ਨੇ ਨਵੇਂ ਪੁਰਾਣੇ ਹਿੰਦੀ ਗੀਤ ਸਭ ਦੇ ਚੇਤਿਆਂ ਵਿਚ ਲਿਆ ਦਿੱਤੇ।
ਉਨਟਾਰੀਓ ਵਿਚ ਕਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੀ ਢਿੱਲ ਮਿਲਣ ‘ਤੇ ਤਕਰੀਬਨ ਸਾਰੇ ਸੀਨੀਅਰ ਕਲੱਬ ਗਰਮੀਆਂ ਵਿਚ ਕੀਤੇ ਜਾਂਦੇ ਪ੍ਰੋਗਰਾਮ ਹੁਣ ਛੇਤੀ-ਛੇਤੀ ਕਰਨ ਵਿਚ ਰੁਝੇ ਹੋਏ ਹਨ। ਵੱਖ-ਵੱਖ ਕਲੱਬ ਟੂਰ, ਕਈ ਕੈਨੇਡਾ ਡੇਅ ਮਨਾਉਣ, ਤਾਸ਼ ਦੇ ਮੁਕਾਬਲੇ ਕਰਵਾਉਣ, ਸਭਿਆਚਾਰਕ ਪ੍ਰੋਗਰਾਮ ਕਰਵਾਉਣ ਵੱਲ ਵਧ ਰਹੇ ਹਨ।
ਬਜ਼ੁਰਗਾਂ ਦੇ ਖਾਸ ਕਰ ਗਰਮੀ ਦੇ ਮਹੀਨਿਆਂ ਵਿਚ ਮਨੋਰੰਜਨ ਦਾ ਸਾਧਨ ਇਹ ਕਲੱਬ ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਨਾਲ ਹੀ ਆਪਣੀਆਂ ਅਤੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ‘ਤੇ ਚਰਚਾ ਅਤੇ ਇਸ ਚਰਚਾ ਵਿਚੋਂ ਨਿਕਲੀਆਂ ਮੰਗਾਂ ਵੱਲ ਵੀ ਇਹ ਕਲੱਬ ਇਲਾਕੇ ਦੇ ਸਿਆਸੀ ਲੀਡਰਾਂ ਦਾ ਧਿਆਨ ਦਿਵਾਉਂਦੇ ਹਨ।
ਕਲੀਵਵਿਊ ਕਲੱਬ ਦੇ ਮੈਂਬਰਾਂ ਵਲੋਂ ਕੁਝ ਦਿਨ ਪਹਿਲਾਂ ਕੀਤੇ ਸਫਲ ਸਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਮਹਿਲਾ ਮੈਂਬਰਾਂ ਵਲੋਂ ਕੀਤਾ ਇਹ ਸਫਲ ਉਦਮ ਇਸ ਕਲੱਬ ਦੇ ਮੈਂਬਰਾਂ ਦੀ ਚੰਗੀ ਪਹਿਲ ਕਦਮੀ ਦਾ ਪ੍ਰਤੀਕ ਹੈ।
ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਸ੍ਰੀਮਤੀ ਕਿਰਨ ਲਾਲ, ਪੂਨਮ ਸਿੰਘ, ਜੈ ਸ਼੍ਰੀ ਪਾਂਡੀਆ, ਜਗਮੋਹਨ ਕੌਰ, ਇੰਦਰਜੀਤ ਕੌਰ, ਹਰਜਿੰਦਰ ਕੌਰ, ਜੋਗਿੰਦਰ ਕੌਰ, ਦਲਜੀਤ ਕੌਰ, ਭੁਪਿੰਦਰ ਕੌਰ ਅਤੇ ਨਛੱਤਰ ਕੌਰ ਦਾ ਵੱਡਾ ਯੋਗਦਾਨ ਰਿਹਾ। ਇਸ ਕਲੱਬ ਬਾਰੇ ਹੋਰ ਜਾਣਕਾਰੀ ਲਈ ਜਨਰਲ ਸਕੱਤਰ, ਸ: ਤਰਲੋਚਨ ਸਿੰਘ ਬਡਵਾਲ (647 960 9841) ਨਾਲ ਸੰਪਰਕ ਕੀਤਾ ਜਾ ਸਕਦਾ ਹੈ।