ਬਰੈਂਪਟਨ/ਡਾ. ਝੰਡ : ਵੱਖ-ਵੱਖ ਸਿੱਖਿਆਦਾਇਕ ਵਿਸ਼ਿਆਂ ‘ਤੇ ਫ਼ਿਲਮਾਂ ਅਤੇ ਸੰਗੀਤਕ ਵੀਡੀਓਜ਼ ਬਨਾਉਣ ਵਾਲੇ ਉੱਘੇ ਫਿਲ਼ਮੀ ਅਦਾਕਾਰ ਰਾਜ ਕਾਕੜਾ ਦਾ ਕੈਨੇਡਾ ਪਹੁੰਚਣ ‘ਤੇ ਉਸਦੇ ਦੋਸਤਾਂ-ਮਿੱਤਰਾਂ ਤੇ ਸ਼ੁਭ-ਚਿੰਤਕਾਂ ਵੱਲੋਂ ਨਿੱਘਾ ਸਵਾਗਤ ਅਤੇ ਸ਼ਾਨਦਾਰ ਸਨਮਾਨ ਕੀਤਾ ਗਿਆ। ਬਰੈਂਪਟਨ ‘ਚ ਇਸ ਸਨਮਾਨ-ਸਮਾਰੋਹ ਦਾ ਆਯੋਜਨ ਕਰਨ ਵਿਚ ਰਾਜ ਕਾਕੜਾ ਦੇ ਅਤਿ-ਨੇੜਲੇ ਦੋਸਤ ਪਲਵਿੰਦਰ ਭੇਲਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਉਨ੍ਹਾਂ ਵੱਲੋਂ ਰਾਜ ਕਾਕੜਾ ਦੇ ਫ਼ਿਲਮੀ ਅਤੇ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਸਮਾਗਮ ਵਿਚ ਮੌਜੂਦ ਸਾਥੀਆਂ ਨਾਲ ਸਾਂਝੀ ਕੀਤੀ ਗਈ ਅਤੇ ਇਨ੍ਹਾਂ ਖ਼ੇਤਰਾਂ ਵਿਚ ਰਾਜ ਕਾਕੜਾ ਵੱਲੋਂ ਪਾਏ ਗਏ ਦੇ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਨਿਜ਼ਾਮ ਵਿਚ ਵਿਚਰਦਿਆਂ ਹੋਇਆਂ ਸੱਚ ਬੋਲਣਾ ਬੜਾ ਮੁਸ਼ਕਲ ਹੈ ਪਰ ਰਾਜ ਕਾਕੜੇ ਨੇ ਇਹ ਮੁਸ਼ਕਲ ਕੰਮ ਕਰਕੇ ਵਿਖਾਇਆ ਹੈ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰਾਜ ਕਾਕੜਾ ਨੇ ਕਿਹਾ ਕਿ ਸੱਚ ਦਾ ਰਸਤਾ ਭਾਵੇਂ ਮੁਸ਼ਕਲਾਂ ਭਰਿਆ ਹੈ ਪਰ ਉਸ ਉੱਪਰ ਚੱਲ ਕੇ ਜੋ ਰੂਹ ਨੂੰ ਸਕੂਨ ਮਿਲਦਾ ਹੈ, ਉਹ ਹੋਰ ਕਿਧਰੇ ਵੀ ਨਹੀਂ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਆਪਣੇ ਭਵਿੱਖਮਈ ਪ੍ਰਾਜੈੱਕਟਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਪ੍ਰਸਿੱਧ ਮੁੱਕੇਬਾਜ਼ ਪਦਮਸ਼੍ਰੀ ਕੌਰ ਸਿੰਘ ਦੀ ਜੀਵਨੀ ਉੱਪਰ ਫ਼ਿਲਮ ਬਣਾ ਰਹੇ ਹਨ ਅਤੇ ਇਸ ਵਿਚ ਉਹ ਉਨ੍ਹਾਂ ਦੇ ਕੋਚ ਦੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਇੱਥੇ ਕੈਨੇਡਾ ਵਿਚ ਪੰਜਾਬੀ ਕਮਿਊਨਿਟੀ ਵੱਲੋਂ ਮਿਲੇ ਪਿਆਰ ਅਤੇ ਪਲਵਿੰਦਰ ਭੋਲਾ ਦੀ ਟੀਮ ਦਾ ਇਸ ਸਮਾਗ਼ਮ ਰਚਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹਾਜ਼ਰ ਸਾਥੀਆਂ ਵਿਚ ਜਤਿੰਦਰ ਲੱਕੀ, ਕਮਲ ਧਾਲੀਵਾਲ, ਬਲਜਿੰਦਰ ਬਾਂਸਲ, ਮਨਵਿੰਦਰ ਸਿੰਘ, ਮਦਨ ਬੰਗਾ, ਅਸ਼ੂਤੋਸ਼ ਪਾਠਕ, ਰਛਪਾਲ ਛੀਨਾ, ਇਕਬਾਲ ਸਿੰਘ, ਗਗਨਦੀਪ ਢਿੱਲੋਂ, ਰਮਨਪ੍ਰੀਤ ਭੇਲਾ ਅਤੇ ਕਮਪ੍ਰੀਤ ਸਰਾਂ ਤੇ ਕਈ ਹੋਰ ਸ਼ਾਮਲ ਹੈ।