ਟੋਰਾਂਟੋ ਦੇ ਮੇਅਰ ਜੌਹਨ ਟੋਰੀ ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਉਨ੍ਹਾਂ 61 ਕੈਨੇਡੀਅਨਜ਼ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੇ ਰੂਸ ਦਾਖਲ ਹੋਣ ਉੱਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ।
ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਸਿਰਫ ਫੈਡਰਲ ਸਰਕਾਰ ਦੇ ਅਧਿਕਾਰੀਆਂ ਉੱਤੇ ਹੀ ਲਾਗੂ ਨਹੀਂ ਹੁੰਦੀਆਂ ਸਗੋਂ ਕਈ ਪ੍ਰੀਮੀਅਰਜ਼ ਤੇ ਫੌਜ ਦੇ ਮਾਹਿਰਾਂ ਤੇ ਕੈਨੇਡਾ ਦੇ ਪੱਤਰਕਾਰਾਂ ਉੱਤੇ ਵੀ ਲਾਗੂ ਹੁੰਦੀਆਂ ਹਨ। ਇਹ ਪਾਬੰਦੀਆਂ ਉਨ੍ਹਾਂ ਉੱਤੇ ਲਾਈਆਂ ਗਈਆਂ ਹਨ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਰੂਸ ਖਿਲਾਫ ਸਿੱਧੇ ਤੌਰ ਉੱਤੇ ਕੁੱਝ ਕਿਹਾ, ਲਿਖਿਆ ਜਾਂ ਫਿਰ ਬਿਆਨਿਆ ਹੋਵੇ।
ਫੋਰਡ ਦੇ ਨਾਲ ਪ੍ਰੀਮੀਅਰਜ਼ ਦੀ ਇਸ ਸੂਚੀ ਵਿੱਚ ਸਸਕੈਚਵਨ, ਮੈਨੀਟੋਬਾ, ਅਲਬਰਟਾ ਤੇ ਬਿ੍ਰਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਓਟਵਾ ਦੇ ਮੇਅਰ ਜਿੰਮ ਵਾਟਸਨ ਦਾ ਨਾਂ ਵੀ ਪਾਬੰਦੀਆਂ ਵਾਲੀ ਇਸ ਸੂਚੀ ਵਿੱਚ ਸ਼ਾਮਲ ਹੈ।
ਇਨ੍ਹਾਂ ਤੋਂ ਇਲਾਵਾ ਰੂਸ ਵੱਲੋਂ ਸੈਂਟਰਲ ਬੈਂਕ ਦੇ ਗਵਰਨਰ ਟਿੱਫ ਮੈਕਲਮ, ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਨੁਮਾਇੰਦੇ ਬੌਬ ਰੇਅ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਉੱਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ।
ਜਿ਼ਕਰਯੋਗ ਹੈ ਕਿ ਮੰਗਲਵਾਰ ਨੂੰ ਕੈਨੇਡਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਦੋ ਧੀਆਂ ਸਮੇਤ ਉਨ੍ਹਾਂ ਦੇ 14 ਹੋਰ ਰੂਸੀ ਵਿਅਕਤੀਆਂ ਉੱਤੇ ਪਾਬੰਦੀਆਂ ਲਾ ਦਿੱਤੀਆਂ ਸਨ। ਫਰਵਰੀ ਤੋਂ ਲੈ ਕੇ ਹੁਣ ਤੱਕ ਫੈਡਰਲ ਸਰਕਾਰ ਰੂਸ ਤੇ ਬੇਲਾਰੂਸ ਦੇ 750 ਵਿਅਕਤੀਆਂ ਤੇ ਵਸਤਾਂ ਉੱਤੇ ਪਾਬੰਦੀਆ ਲਾ ਚੁੱਕੀ ਹੈ।