ਕਿਹਾ – ਦਿੱਲੀ ਨੂੰ ਰੋਜ਼ਾਨਾ ਹਰ ਹੀਲੇ 700 ਮੀਟਰਿਕ ਟਨ ਆਕਸੀਜਨ ਸਪਲਾਈ ਹੋਵੇ
ਨਵੀਂ ਦਿੱਲੀ : ਕੌਮੀ ਰਾਜਧਾਨੀ ‘ਚ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਨਾਲ ਸਬੰਧਤ ਆਪਣੇ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ ਨਾ ਹੋਣ ਤੋਂ ਨਿਰਾਸ਼ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਦਿਆਂ ਸਵਾਲ ਪੁੱਛਿਆ ਹੈ ਕਿ ‘ਉਸ ਖਿਲਾਫ ਅਦਾਲਤੀ ਤੌਹੀਨ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ।’ ਕਰੋਨਾ ਸੰਕਟ ਦਰਮਿਆਨ ਆਕਸੀਜਨ ਦੀ ਕਿੱਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ, ”ਤੁਸੀਂ ਸ਼ੁਤਰਮੁਰਗ ਵਾਂਗ ਆਪਣਾ ਸਿਰ ਰੇਤ ਵਿੱਚ ਲੁਕੋ ਸਕਦੇ ਹੋ, ਪਰ ਅਸੀਂ ਅਜਿਹਾ ਨਹੀਂ ਕਰ ਸਕਦੇ।’ ਹਾਈ ਕੋਰਟ ਨੇ ਕਿਹਾ, ”ਕੇਂਦਰ ਸਰਕਾਰ ਚਾਹੇ ਅੱਖਾਂ ਬੰਦ ਕਰ ਲਵੇ ਪਰ ਜਦੋਂ ਲੋਕ ਮਰ ਰਹੇ ਹੋਣ ਤਾਂ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ।” ਦੋ ਮੈਂਬਰੀ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਹਦਾਇਤਾਂ ਦੇ ਚੁੱਕੀ ਹੈ ਤੇ ਹੁਣ ਅਸੀਂ (ਹਾਈ ਕੋਰਟ) ਵੀ ਇਹੀ ਗੱਲ ਆਖ ਰਹੇ ਹਾਂ ਕਿ ਕੇਂਦਰ ਸਰਕਾਰ ਕੋਈ ਵੀ ਢੰਗ ਤਰੀਕਾ ਅਪਣਾਏ, ਉਸ ਨੂੰ ਹਰ ਦਿੱਲੀ ਨੂੰ ਰੋਜ਼ਾਨਾ 700 ਮੀਟਰਿਕ ਟਨ ਆਕਸੀਜਨ ਸਪਲਾਈ ਕਰਨੀ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਤੋਂ ਆਕਸੀਜਨ ਦੀ ਵਾਧੂ ਸਪਲਾਈ ਮੰਗੀ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਮੈਡੀਕਲ ਆਕਸੀਜਨ ਦੀ ਵਾਧੂ ਸਪਲਾਈ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੱਧ ਰਹੇ ਕੋਵਿਡ ਕੇਸਾਂ ਦੇ ਦਬਾਅ ਤੇ ਆਕਸੀਜਨ ਦੀ ਘਾਟ ਕਾਰਨ ਉਹ ਲੈਵਲ 2 ਤੇ ਲੈਵਲ 3 ਦੇ ਬਿਸਤਰਿਆਂ ਨੂੰ ਵਧਾਉਣ ‘ਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਆਪਣੇ ਵੱਲੋਂ ਦਿੱਤੇ ਭਰੋਸੇ ਦੇ ਉਲਟ ਅਜੇ ਤੱਕ ਬਦਲਵੇਂ ਸਰੋਤਾਂ ਤੋਂ ਲੋੜੀਂਦੀ ਸਪਲਾਈ ਨਹੀਂ ਦਿੱਤੀ ਹੈ। ਪੰਜਾਬ ਨੂੰ ਬਾਹਰੋਂ ਐੱਲਐੱਮਓ ਦੀ ਕੁੱਲ ਸਪਲਾਈ ਮੌਜੂਦਾ ਸਮੇਂ 195 ਮੀਟਰਿਕ ਟਨ ਮਿਲ ਰਹੀ ਹੈ।