Breaking News
Home / ਕੈਨੇਡਾ / ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੀ ਸਲਾਨਾ ਜਨਰਲ-ਬਾਡੀ ਮੀਟਿੰਗ ਵਿਚ ਨਵੀਂ ਕਾਰਕਾਰਨੀ ਕਮੇਟੀ ਦੀ ਚੋਣ ਹੋਈ

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੀ ਸਲਾਨਾ ਜਨਰਲ-ਬਾਡੀ ਮੀਟਿੰਗ ਵਿਚ ਨਵੀਂ ਕਾਰਕਾਰਨੀ ਕਮੇਟੀ ਦੀ ਚੋਣ ਹੋਈ

ਕਲੱਬ ਨੇ ਇਸ ਮੌਕੇ ਡਾਇਬਟੀਜ਼ ਉੱਪਰ ਕਰਵਾਇਆ ਸੈਮੀਨਾਰ
ਬਰੈਂਪਟਨ/ਡਾ. ਝੰਡ : ਪਿਛਲੇ ਕੁਝ ਸਾਲਾਂ ਤੋਂ ਸਰਗਰਮ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੰਸਥਾ ‘ਪੀ.ਐੱਸ.ਬੀ. ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਦੀ ਸਲਾਨਾ ਜਨਰਲ-ਬਾਡੀ ਮੀਟਿੰਗ ਲੰਘੇ ਸ਼ਨੀਵਾਰ 10 ਅਗੱਸਤ ਨੂੰ ‘ਲੋਫਰ ਲੇਕ’ ਨੇੜੇ ਪਾਲ ਪਲੈਸ਼ੀ ਕਮਿਊਨਿਟੀ ਸੈਂਟਰ ਵਿਚ ਹੋਈ ਜਿਸ ਵਿਚ ਮੈਂਬਰਾਂ ਵੱਲੋਂ ਕਲੱਬ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਸਲਾਨਾ ਸਮਾਗਮ ਵਿਚ ਕਲੱਬ ਦੇ 80 ਮੈਂਬਰ ਹਾਜ਼ਰ ਸਨ। ਸਮਾਗਮ ਦੀ ਕਾਰਵਾਈ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਚਲਾਉਂਦਿਆਂ ਹੋਇਆਂ ਉਨ੍ਹਾਂ ਵੱਲੋਂ ਪ੍ਰਧਾਨਗੀ ਦਾ ਅਹੁਦਾ ਛੱਡਣ ਅਤੇ ਮੌਜੂਦਾ ਕਾਰਜਕਾਰਨੀ ਭੰਗ ਕਰਨ ਦੀ ਪੇਸ਼ਕਸ਼ ਕੀਤੀ ਗਈ ਜਿਸ ਨੂੰ ਕਾਫ਼ੀ ਹਿਚਕਚਾਹਟ ਤੋਂ ਬਾਅਦ ਮੈਂਬਰਾਂ ਵੱਲੋਂ ਸਵੀਕਾਰ ਕਰ ਲਿਆ ਗਿਆ। ਸਾਰੇ ਮੈਂਬਰਾਂ ਵੱਲੋਂ ਖੱਖ ਸਾਬ੍ਹ ਦੇ ਪ੍ਰਧਾਨ ਵਜੋਂ ਲੰਮਾਂ ਸਮਾਂ ਨਿਭਾਈ ਗਈ ਭੂਮਿਕਾ ਦੀ ਭਾਰੀ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਕਲੱਬ ਦੇ ਚੇਅਰਪਰਸਨ ਦੀ ਨਵੀਂ ਭੂਮਿਕਾ ਨਿਭਾਉਣ ਲਈ ਜ਼ੋਰ ਪਾਇਆ ਗਿਆ ਜਿਸ ਨੂੰ ਉਨ੍ਹਾਂ ਨੇ ਅਣਮੰਨੇ ਜਿਹੇ ਮਨ ਨਾਲ ਮਸਾਂ ਹੀ ਪ੍ਰਵਾਨ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ ਲਈ ਕਲੱਬ ਦੇ ਮੁੱਢਲੇ ਮੈਂਬਰ ਮਲੂਕ ਸਿੰਘ ਕਾਹਲੋਂ ਨੂੰ ਚੋਣ-ਅਧਿਕਾਰੀ ਦੀ ਜ਼ਿੰਮੇਂਵਾਰੀ ਸੰਭਾਲਣ ਲਈ ਕਿਹਾ ਗਿਆ।
ਚੋਣ ਪ੍ਰਕਿਰਿਆ ਆਰੰਭ ਕਰਦੇ ਹੋਏ ਮਲੂਕ ਸਿੰਘ ਕਾਹਲੋਂ ਨੇ ਮੈਂਬਰਾਂ ਕੋਲੋਂ ਕਲੱਬ ਦੇ ਪ੍ਰਧਾਨ ਲਈ ਨਾਵਾਂ ਦੀ ਮੰਗ ਕੀਤੀ ਜਿਸ ਦੇ ਲਈ ਉਨ੍ਹਾਂ ਵੱਲੋਂ ਕੇਵਲ ਇਕ ਹੀ ਨਾਂ ਕਲੱਬ ਦੇ ਸਾਬਕਾ ਸਕੱਤਰ ਹਰਚਰਨ ਸਿੰਘ ਰਾਜਪੂਤ ਦਾ ਪੇਸ਼ ਕੀਤਾ ਗਿਆ। ਨਤੀਜੇ ਵਜੋਂ, ਉਨ੍ਹਾਂ ਨੂੰ ਸਰਬ-ਸੰਮਤੀ ਨਾਲ ਦੋ ਸਾਲਾਂ ਲਈ ਕਲੱਬ ਦਾ ਨਵਾਂ ਪ੍ਰਧਾਨ ਐਲਾਨਿਆ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰਜਕਾਰਨੀ ਕਮੇਟੀ ਦੇ ਬਾਕੀ ਮੈਂਬਰ ਨਾਮਜ਼ਦ ਕਰਨ ਦੇ ਅਧਿਕਾਰ ਦਿੱਤੇ ਗਏ। ਨਵੀਂ ਕਾਰਜਕਾਰਨੀ ਕਮੇਟੀ ਵਿਚ ਕਲੱਬ ਦੇ ਨਵਯੁਕਤ ਪ੍ਰਧਾਨ ਹਰਚਰਨ ਸਿੰਘ ਰਾਜਪੂਤ ਵੱਲੋਂ ਗਿਆਨ ਪਾਲ ਨੂੰ ਉਪ-ਪ੍ਰਧਾਨ, ਮਨਜੀਤ ਸਿੰਘ ਗਿੱਲ ਨੂੰ ਸਕੱਤਰ ਅਤੇ ਰਾਮ ਸਿੰਘ ਨੂੰ ਖ਼ਜ਼ਾਨਚੀ ਨਿਯੁੱਕਤ ਕੀਤਾ ਗਿਆ। ਦਲਬੀਰ ਸਿੰਘ ਕਾਲੜਾ ਤੇ ਰਘਬੀਰ ਸਿੰਘ ਮੱਕੜ ਨੂੰ ਡਾਇਰੈੱਕਟਰ ਬਣਾਇਆ ਗਿਆ ਅਤੇ ਕਲੱਬ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਖੱਖ ਨੂੰ ਦੋ ਸਾਲਾਂ ਲਈ ਚੇਅਰਪਰਸਨ ਨਿਯੁੱਕਤ ਕੀਤਾ ਗਿਆ।
ਸਮਾਗਮ ਦੇ ਦੂਸਰੇ ਭਾਗ ਵਿਚ ਸਿਹਤ ਮਸਲਿਆਂ ਨਾਲ ਸਬੰਧਿਤ ਡਾਇਬਟੀਜ਼ ਉੱਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੀਆਂ ਸਟਾਫ਼ ਮੈਂਬਰਾਂ ਰਮਨਪ੍ਰੀਤ ਅਤੇ ਨਵਦੀਪ ਵੱਲੋਂ ਇਸ ਬੀਮਾਰੀ ਨਾਲ ਸਬੰਧਿਤ ਡਾਇਬਟੀਜ਼ ਮੈਨੇਜਮੈਂਟ ਅਤੇ ਨਿਊਟ੍ਰੀਸ਼ਨ ਬਾਰੇ ਬਹੁਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਟਾਈਪ-1 ਅਤੇ ਟਾਈਪ-2 ਦੋਹਾਂ ਕਿਸਮਾਂ ਦੀ ਡਾਇਅਬਟੀਜ਼ ਬਾਰੇ ਵਿਆਖਿਆ ਭਰਪੂਰ ਪ੍ਰੈਜ਼ੈੱਨਟੇਸ਼ਨ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਟਾਈਪ-2 ਡਾਇਬਟੀਜ਼ ਨੂੰ ਤਾਂ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਕਰਕੇ ਬੜੀ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਟਾਈਪ-1 ਲਈ ਮਰੀਜ਼ ਨੂੰ ਡਾਕਟਰ ਦੀ ਸਲਾਹ ਅਨੁਸਾਰ ਬਾ-ਕਾਇਦਾ ‘ਇਨਸੂਲੀਨ’ ਲੈਣ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਮੈਂਬਰਾਂ ਵੱਲੋਂ ਭਾਰੀ ਸ਼ਲਾਘਾ ਕੀਤੀ ਗਈ। ਸੁਆਲ-ਜੁਆਬ ਸੈਸ਼ਨ ਵਿਚ ਡੀ.ਐੱਸ. ਕਾਲੜਾ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਬੇਦੀ ਵੱਲੋਂ ਸੁਆਲ ਪੁੱਛੇ ਗਏ ਜਿਨ੍ਹਾਂ ਦੇ ਤਸੱਲੀਬਖ਼ਸ਼ ਜੁਆਬ ਬੁਲਾਰਿਆਂ ਵੱਲੋਂ ਦਿੱਤੇ ਗਏ।
ਤੀਸਰੇ ਭਾਗ ਵਿਚ ਹਾਜ਼ਰ ਮੈਂਬਰਾਂ ਦਾ ਮਨੋਰੰਜਨ ਕੀਤਾ ਗਿਆ ਜਿਸ ਵਿਚ ਮਰਵਾਹਾ ਜੋੜੀ ਨੇ ਕਵਿਤਾਵਾਂ ਅਤੇ ਗੀਤ ਸੁਣਾਏ। ਸਮਾਗਮ ਵਿਚ ਹਾਜ਼ਰ ਬੀਬੀਆਂ ਨੇ ਗਿੱਧੇ ਦਾ ਪਿੜ ਬੰਨ੍ਹ ਲਿਆ ਅਤੇ ਬੋਲੀਆਂ ਪਾ ਕੇ ਖ਼ੂਬ ਗਿੱਧਾ ਪਾਇਆ। ਉਪਰੰਤ, ਸਾਰਿਆਂ ਨੇ ਮਿਲ ਕੇ ਸੁਆਦਲੇ ਖਾਣੇ ਦਾ ਅਨੰਦ ਮਾਣਿਆਂ। ਕਲੱਬ ਦੇ ਨਵੇਂ ਪ੍ਰਧਾਨ ਹਰਚਰਨ ਸਿੰਘ ਰਾਜਪੂਤ ਵੱਲੋਂ ਸੈਮੀਨਾਰ ਦੇ ਬੁਲਾਰਿਆਂ ਅਤੇ ਸਾਰੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਸਾਰੇ ਖੁਸ਼ੀ-ਖੁਸ਼ੀ ਘਰਾਂ ਨੂੰ ਪਰਤੇ।

Check Also

ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ

ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …