ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੀ ਮਹੀਨੇਵਾਰ ਮੀਟਿੰਗ 28 ਅਕਤੂਬਰ, 2017 ਨੂੰ, ਹਰ ਵਾਰ ਦੀ ਤਰਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਪ੍ਰੋਗ੍ਰਾਮ ਹਾਲ ਨੰ:1 ਵਿੱਚ ਹੋਈ। ਮੁੱਖ ਸੰਚਾਲਕ ਉਂਕਾਰਪ੍ਰੀਤ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਦੱਸਿਆ ਕਿ ਅੱਜ ਗੱਲ ਕਰਾਂਗੇ ਕਿ ਕਾਫ਼ਲੇ ਦੀ ਨੀਂਹ ਕਿਵੇਂ ਰੱਖੀ ਗਈ ਸੀ। ਐਤਕੀਂ ਕਾਫ਼ਿਲੇ ਨੂੰ ਸਥਾਪਿਤ ਹੋਇਆਂ 25 ਸਾਲ ਹੋ ਗਏ ਨੇ ਅਤੇ ਦਸੰਬਰ ਵਿੱਚ ਇਹ ਦਿਵਸ ਮਨਾਉਣ ਲਈ ਪ੍ਰੋਗਰਾਮ ਉਲੀਕ ਰਹੇ ਹਾਂ। ਅੱਜ ਦੀ ਇਹ ਮੀਟਿੰਗ ਕਾਫ਼ਿਲੇ ਨਾਲ ਜੁੜੀਆਂ ਯਾਦਾਂ ਨੂੰ ਸਮਰਪਿਤ ਹੈ। ਉਸ ਨੇ ਸਾਰੇ ਹਾਜ਼ਰ ਸਾਥੀਆਂ ਨੂੰ ਕਾਫ਼ਲੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ।
ਜਰਨੈਲ ਸਿੰਘ ਹੁਰੀਂ ਦੱਸਣ ਲੱਗੇ ਕਿ ਕੈਨੇਡਾ ਆਉਣ ਤੋਂ ਬਾਅਦ ਇੱਕ ਦਿਨ ਵੈਨਕੂਵਰ ਤੋਂ ਆਏ ਸਾਹਿਤਕਾਰ ਨੂੰ ਮਿਲਣ ਲਾਇਬ੍ਰੇਰੀ ਜਾ ਰਹੇ ਸਾਂ ਜਦੋਂ ਬੱਸ ਵਿੱਚ ਉਂਕਾਰਪ੍ਰੀਤ ਮਿਲਿਆ। ਉਸ ਤੋਂ ਬਾਅਦ ਮੇਲ-ਜੋਲ ਵਧ ਗਿਆ। ਉਨਾਂ ਕਿਹਾ ਕਿ ਉਂਕਾਰਪ੍ਰੀਤ, ਮੇਜਰ ਮਾਂਗਟ, ਸੁਰਜੀਤ ਫਲੋਰਾ, ਕੁਲਵਿੰਦਰ ਖਹਿਰਾ, ਬਲਤੇਜ ਪੰਨੂੰ ਨਾਲ ਬੈਠ ਪੰਜਾਬੀ ਸਾਹਿਤਕ ਜੱਥੇਬੰਦੀ ਬਣਾਉਣ ਦੀ ਗੱਲ ਹੋਈ। ਜਸਵਿੰਦਰ ਸੰਧੂ ਨੇ ਦੱਸਿਆ ਕਿ ਉਹ 1997 ਤੋਂ ਕਾਫ਼ਿਲੇ ਨਾਲ ਜੁੜੇ ਹੋਏ ਹਨ। ਏਥੇ ਘਰ ਵਰਗਾ ਮਾਹੌਲ ਮਿਲਿਆ ਅਤੇ ਪੰਜਾਬੀ ਦੀ ਲੇਖਣੀ ਬਿਹਤਰ ਹੋਈ ਹੈ।
ਕਹਾਣੀਕਾਰ ਵਰਿਆਮ ਸੰਧੂ ਕਹਿਣ ਲੱਗੇ “ਕਾਫ਼ਿਲੇ ਨਾਲ ਮੇਰੀਆਂ ਦੋ ਵਾਰ ਦੀਆਂ ਯਾਦਾਂ ਜੁੜੀਆਂ ਹਨ। ਪਹਿਲੀ ਵਾਰ 2000 ਵਿੱਚ ਜਦੋਂ ਬੇਟੇ ਦੇ ਵਿਆਹ ਵਕਤ ਆਇਆ ਤਾਂ ਕਾਫਲੇ ਦੇ ਸਭ ਨਾਮਵਰ ਲੇਖਕ ਸ਼ਾਮਿਲ ਹੋਏ ਤਾਂ ਆਪਣਾ ਹੀ ਇੱਕ ਪਰਿਵਾਰ ਲੱਗਿਆ। ਦੂਸਰੀ ਯਾਦ ਉਸ ਸਮੇਂ ਦੀ ਹੈ ਜਦੋਂ ਕਾਫ਼ਲੇ ਨੇ ਮੈਨੂੰ ‘ਲਾਈਫ਼ਟਾਈਮ ਐਚੀਵਮੈਂਟ’ ਐਵਾਰਡ ਦਿੱਤਾ ਸੀ।”
ਜਗੀਰ ਕਾਹਲੋਂ ਅਨੁਸਾਰ 2013 ਵਿੱਚ ਕਿਤਾਬ ‘ਜਲਾਵਤਨ’ ਛਪੀ ਤਾਂ ਕਾਫ਼ਲੇ ਨੇ ਤੇ ਸੀਰਤ ਅਦਾਰੇ ਨੇ ਮਾਣ ਦਿੱਤਾ। ਇਹ ਲੇਖਕਾਂ ਦੀ ਜੱਥੇਬੰਦੀ, ਜਾਣੀ ਪਛਾਣੀ ਸੰਸਥਾ ਹੈ, ਆਪਣੀ ਲੱਗਦੀ ਹੈ, ਉਤਸਾਹਿਤ ਕਰਦੀ ਹੈ। ਕੁਲਵਿੰਦਰ ਖਹਿਰਾ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਮੁੱਢ ਤੋਂ ਮੇਜਰ ਮਾਂਗਟ, ਬਲਤੇਜ ਪੰਨੂੰ ਹੁਰਾਂ ਦੇ ਘਰ ਮਿਲਣੀਆਂ ਹੁੰਦੀਆਂ ਰਹੀਆਂ। ਸੰਵਿਧਾਨ ਬਣਾਉਣ ਦੀ ਗੱਲ ਚੱਲ ਰਹੀ ਸੀ। ਕਾਫ਼ਲੇ ਨੂੰ ਮਾਣ ਹੈ ਕਿ ਬਾਹਰੋਂ ਜਿਹੜੇ ਵੀ ਪੰਜਾਬੀ ਦੇ ਜਾਣੇ ਪਛਾਣੇ ਸਾਹਿਤਕਾਰ ਏਥੇ ਆਏ, ਕਾਫ਼ਲੇ ਵਿੱਚ ਸ਼ਰੀਕ ਹੋਏ।
ਸੁੰਦਰਪਾਲ ਰਾਜਾਸਾਂਸੀ ਨੇ ਕਿਹਾ ਕਿ ਮੈਂ ਭਾਵੇਂ ਕਿਚਨਰ ਦੀ ਵਸਨੀਕ ਰਹੀ ਹਾਂ ਪਰ ਕਲਮਾਂ ਦੇ ਕਾਫ਼ਲੇ ਨਾਲ ਉਦੋਂ ਤੋਂ ਜੁੜੀ ਹੋਈ ਹਾਂ ਜਦੋਂ ਚੀਮਾ ਜੀ ਸੰਚਾਲਕ ਸਨ। ਰਛਪਾਲ ਗਿੱਲ ਦਾ ਕਹਿਣਾ ਸੀ ਕਿ ਉਹ ਵੀ ਸ਼ੁਰੂ ਤੋਂ ਇਸੇ ਸੰਸਥਾ ਨਾਲ ਜੁੜੀ ਹੋਈ ਹੈ।
ਬਲਜਿੰਦਰ ਸੇਖੋਂ ਨੇ ਕੈਨੇਡਾ ਵਿੱਚ ਨਵੇਂ ਆਏ ਨੂੰ ਪੇਸ਼ ਆਈਆਂ ਦੁਸ਼ਵਾਰੀਆਂ ਦੀ ਗੱਲ ਕਰਦਿਆਂ ਹੀ ਲਿਖਣਾ ਸ਼ੁਰੂ ਕੀਤਾ। ਪੰਜਾਬੀ ਦੇ ਉੱਘੇ ਜਰਨਲਿਸਟ ਸੁਰਜਨ ਜ਼ੀਰਵੀ ਦਾ ਕਹਿਣਾ ਸੀ ਕਿ ਜਿੰਨੇ ਵੱਡੇ ਸਾਹਿਤਕ ਸਮਾਰੋਹ ਹੋਏ ਹਨ, ਕਾਫ਼ਲੇ ਵੱਲੋਂ ਹੀ ਹੋਏ ਹਨ। ਸੰਪੂਰਨ ਸਿੰਘ ਚਾਨੀਆ ਨੇ ਕਿਹਾ ਕਿ ਕਾਫ਼ਲੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਰਹਿੰਦਾ ਹੈ। ਜਸਪਾਲ ਢਿੱਲੋਂ ਨੇ ਉੱਚ-ਪੱਧਰੀ ਨਾਟਕਾਂ ਦੀ ਅਤੇ ਸਕਾਰਾਤਮਿਕ ਆਲੋਚਨਾ ਦੀ ਗੱਲ ਕੀਤੀ। ਮਨਮੋਹਣ ਗੁਲਾਟੀ ਨੇ ਦੱਸਿਆ ਕਿ 10 ਕੁ ਸਾਲ ਦੀ ਕਾਫ਼ਿਲੇ ਨਾਲ ਸਾਂਝ ਦੌਰਾਨ ਕਈ ਉਤਰਾਅ, ਚੜਾਅ ਦੇਖੇ ਹਨ ਪਰ ਨਾਲ ਹੀ ਰਚਨਾਤਮਿਕ ਤੇ ਸੰਜੀਦਾ ਗੱਲ-ਬਾਤ ਹੁੰਦੀ ਰਹੀ ਹੈ। ਕਾਫ਼ਲੇ ਦੇ ਪੁਰਾਣੇ ਸਾਥੀਆਂ ਨੂੰ ਨਾਲ ਜੋੜਣ ਦੀ ਗੱਲ ਹੋਣੀ ਚਾਹੀਦੀ ਹੈ। ਗੁਰਜਿੰਦਰ ਸੰਘੇੜਾ ਦਾ ਕਹਿਣਾ ਸੀ ਕਿ ਪਹਿਲੀ ਵਾਰ ਉਨਾਂ ਕਾਫ਼ਲੇ ਦੇ 2011 ਵਿੱਚ ਹੋਏ ਪ੍ਰਗਤੀਸ਼ੀਲ ਸਮਾਰੋਹ ਦੇ ਵਕਤ ਕਵਿਤਾ ਸੁਣਾਈ ਸੀ। ਰਿੰਟੂ ਭਾਟੀਆ ਨੇ ਦੱਸਿਆ ਕਿ 2 ਕੁ ਸਾਲ ਤੋਂ ਕਾਫ਼ਲੇ ਵਿੱਚ ਆਉਣਾ ਸ਼ੁਰੂ ਕੀਤਾ ਹੈ। ਪਰਮਜੀਤ ਦਿਓਲ ਦਾ ਕਹਿਣਾ ਸੀ ਕਿ ਸੇਖੋਂ ਜੀ ਨੇ ਜੋ ਕਾਫ਼ਿਲੇ ਬਾਰੇ ਕਿਹਾ, ਉਸ ਨਾਲ ਸਹਿਮਤ ਹਨ। ਕਾਫ਼ਿਲਾ ਦਮਦਾਰ ਸੰਸਥਾ ਹੈ। ਉਨਾਂ ਸੁਝਾਅ ਦਿੱਤਾ ਕਿ ਪ੍ਰਬੰਧ ਲਈ ਬਹੁ-ਮੈਂਬਰੀ ਕਮੇਟੀ ਬਣਾਈ ਜਾਣੀ ਣਾਹੀਦੀ ਹੈ। ਬਰਜਿੰਦਰ ਗੁਲਾਟੀ 2000 ਵਿੱਚ ਪਹਿਲੀ ਵਾਰ ਕਾਫ਼ਿਲੇ ਵਿੱਚ ਆਈ ਜਦੋਂ ਪਦਮ ਭੂਸ਼ਨ ਸਰਦਾਰ ਅੰਜੁਮ ਅਮਰੀਕਾ ਵਿੱਚੋਂ ‘ਮਿਲੇਨੀਅਮ ਪੀਸ’ ਐਵਾਰਡ ਲੈ ਕੇ ਕਾਫ਼ਲੇ ਵਿੱਚ ਆਏ ਸਨ। ਕਾਫ਼ਿਲੇ ਵਿੱਚ ਝਲਮਣ ਸਿੰਘ ਗੋਸਲ, ਤ੍ਰਿਲੋਚਨ ਸਿੰਘ ਗਿੱਲ, ਪ੍ਰਿਤਪਾਲ ਸਿੰਘ ਬਿੰਦਰਾ, ਜਰਨੈਲ ਸਿੰਘ ਗਰਚਾ ਅਤੇ ਇਕਬਾਲ ਸਿੰਘ ਰਾਮੂਵਾਲੀਆ ਵਰਗੇ ਮਰਹੂਮ ਸਾਥੀਆਂ ਨੂੰ ਯਾਦ ਕਰਦੇ ਹਾਂ ਜਿਨਾਂ ਆਪਣਾ ਚੰਗਾ ਯੋਗਦਾਨ ਪਾਇਆ ਪਰ ਅੱਜ ਸਾਡੇ ਕੋਲੋਂ ਸਦਾ ਲਈ ਵਿਛੜ ਚੁੱਕੇ ਹਨ।
ਸਭ ਮੈਂਬਰਾਂ ਵੱਲੋਂ ਕਾਫ਼ਿਲੇ ਦੇ ਪਹਿਲਾਂ ਰਹਿ ਚੁੱਕੇ ਸੰਚਾਲਕਾਂ ਜਗਜੀਤ ਸੰਧੂ, ਜਸਵਿੰਦਰ ਸੰਧੂ, ਵਕੀਲ ਕਲੇਰ, ਅਮਰਜੀਤ ਸਾਥੀ, ਬਲਰਾਜ ਚੀਮਾ, ਕ੍ਰਿਪਾਲ ਸਿੰਘ ਪੰਨੂੰ, ਜਰਨੈਲ ਸਿੰਘ ਗਰਚਾ, ਸੌਦਾਗਰ ਬਰਾੜ, ਗੁਰਦਾਸ ਮਿਨਹਾਸ, ਬਲਬੀਰ ਸੰਘੇੜਾ, ਮਿੰਨੀ ਗਰੇਵਾਲ, ਕੁਲਜੀਤ ਮਾਨ ਤੇ ਹੋਰਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ।