ਉੱਥੇ ਮੌਜੂਦ ਸਭ ਤੋਂ ਵਡੇਰੀ ਉਮਰ ਦੀ ਮਾਤਾ ਦਾ ਸੋਨ ਤਮਗੇ ਨਾਲ ਕੀਤਾ ਸਨਮਾਨ
ਟੋਰਾਂਟੋ/ਹਰਜੀਤ ਬਾਜਵਾ : ਲੰਘੇ ਦਿਨੀ ਟੋਰਾਂਟੋ ਟਰੱਕ ਡਰਾਇੰਵਿੰਗ ਸਕੂਲ ਦੇ ਜਸਵਿੰਦਰ ਸਿੰਘ ਵੜੈਚ ਵੱਲੋਂ ਸਾਊਥ ਏਸ਼ੀਅਨ ਆਵਾਜ਼ ਰੇਡੀਓ ਦੇ ਕੁਲਵਿੰਦਰ ਛੀਨਾ ਦੇ ਸਹਿਯੋਗ ਨਾਲ ਮਾਂ ਦਿਵਸ ਨੂੰ ਸਮਰਪਿਤ ਮੁਫਤ 5ਵਾਂ ਸਲਾਨਾ ਮੇਲਾ ‘ਮੇਲਾ ਬੀਬੀਆਂ ਦਾ’ ਟੋਰਾਂਟੋ ਵਿਖੇ (ਨੇੜੇ ਸਟੀਲ ਐਂਡ ਐਲਬੀਅਨ ਰੋਡ) ਕਰਵਾਇਆ ਗਿਆ ਜਿਸ ਵਿੱਚ ਉਸ ਦਿਨ ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਵੱਡੀ ਗਿਣਤੀ ਬੀਬੀਆਂ ਅਤੇ ਭੈਣਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ।
ਇਸ ਮੇਲੇ ਦੀ ਖਾਸੀਅਤ ਇਹ ਸੀ ਕਿ ਮੇਲੇ ਦੇ ਪ੍ਰਬੰਧਕਾਂ ਵੱਲੋਂ ਜਿੱਥੇ ਇਸ ਮੇਲੇ ਤੱਕ ਪਹੁੰਚ ਕਰਨ ਲਈ (ਬੀਬੀਆਂ ਨੂੰ ਛੱਡਣ/ਲਿਆਉਣ ਲਈ) ਮੁਫਤ ਬੱਸਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਸੀ ਉੱਥੇ ਹੀ ਸਾਰਾ ਦਿਨ ਮੁਫਤ ਵਿੱਚ ਚਾਹ-ਪਾਣੀ ਅਤੇ ਰੋਟੀ ਪਾਣੀ ਦਾ ਪ੍ਰਵਾਹ ਚੱਲਦਾ ਰਿਹਾ ਅਤੇ ਮੇਲੇ ਦੌਰਾਨ ਰੱਖੇ ਗਏ ਮਨੋਰੰਜਕ ਪ੍ਰੋਗਰਾਮ ਦੌਰਾਨ ਜਿੱਥੇ ਨਾਮਵਰ ਪੰਜਾਬੀ ਗਾਇਕਾਂ ਨੇ ਆਪੋ-ਆਪਣੇ ਗੀਤਾਂ ਦੀ ਚੰਗੀ ਛਹਿਬਰ ਲਾਈ ਉੱਥੇ ਹੀ ਬੀਬੀਆਂ ਨੇ ਖੁੱਲ੍ਹ ਕੇ ਗਿੱਧਾ ਵੀ ਪਾਇਆ। ਸਮਾਗਮ ਦੌਰਾਨ ਗੁਰਸੇਵਕ ਸੋਨੀ, ਹਰਜੀਤ ਬਾਜਵਾ, ਦਿਲਪ੍ਰੀਤ, ਮਿਸ ਸੁਖਦੀਪ ਗਰੇਵਾਲ, ਮਿਸ ਜੋਤੀ ਸ਼ਰਮਾ, ਮਿਸ ਅਮਨਦੀਪ ਕੌਰ ਵਿਰਕ ਆਦਿ ਨੇ ਬੀਬੀਆਂ ਨੂੰ ਆਪਣੇ ਗੀਤਾਂ ਨਾਲ ਖੂਬ ਨਚਾਇਆ ਅਤੇ ਸਟੇਜ ਦੀ ਕਾਰਵਾਈ ਕੁਲਵਿੰਦਰ ਸਿੰਘ ਛੀਨਾ ਨੇ ਖੂਬ ਨਿਭਾਈ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਗੀਤਕਾਰ ਅਤੇ ਸ਼ਾਇਰ ਮੱਖਣ ਬਰਾੜ ਵੱਲੋਂ ਵੀ ਹਾਜ਼ਰੀਨ ਨੂੰ ਖੂਬ ਹਸਾਇਆ ਜਦੋਂ ਕਿ ਨੱਚਦੀ ਜਵਾਨੀ ਦੇ ਬੱਚਿਆਂ ਦੀ ਟੀਮ ਵੱਲੋਂ ਗਿੱਧਾ ਅਤੇ ਭੰਗੜਾ ਵੀ ਪਾਇਆ ਗਿਆ। ਇਸ ਦੌਰਾਨ ਉੱਥੇ ਪਹੁੰਚੀ ਸਭ ਤੋਂ ਵਡੇਰੀ ਉਮਰ ਦੀ ਮਾਤਾ ਗੁਰਦੇਵ ਕੌਰ (91 ਸਾਲ) ਨੂੰ ਗੋਲਡ ਮੈਡਲ ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਜਿੱਥੇ ਬੋਲਦਿਆਂ ਪ੍ਰਬੰਧਕਾਂ ਨੇ ਆਖਿਆ ਕਿ ਮਾਵਾਂ ਦਾ ਦੇਣ ਦੁਨੀਆ ਦਾ ਕੋਈ ਵੀ ਵਿਅਕਤੀ ਨਹੀ ਦੇ ਸਕਦਾ ਜਿਹਨਾਂ ਕਾਰਨ ਹਰ ਇੱਕ ਨੂੰ ਜਹਾਨ ਵੇਖਣ ਦਾ ਮੌਕਾ ਮਿਲਦਾ ਹੈ ਅਤੇ ਮਾਵਾਂ ਦੀਆਂ ਦੁਆਵਾਂ ਹਮੇਸ਼ਾਂ ਹੀ ਬੱਚਿਆਂ ਦੀ ਤਰੱਕੀ ਲਈ ਹੀ ਹੁੰਦੀਆਂ ਹਨ। ਇਸ ਮੌਕੇ ਹਰਦੀਪ ਚਾਹਲ, ਜੋਗਾ ਕੰਗ, ਨਵਪ੍ਰੀਤ ਔਲਖ, ਰਣਜੀਤ ਉੱਪਲ, ਵਰਿੰਦਰ ਰਾਣਾ, ਜਗਜੀਤ ਸ਼ੌਕਰ, ਰਾਜਵਿੰਦਰ ਗਿੱਲ, ਅਮਰਿੰਦਰ ਉੱਪਲ, ਦਲਜੀਤ ਵਿਰਕ, ਕਰਮਜੀਤ ਸਮੱਘ, ਦਿਲਬਰ ਵੜੈਚ, ਗੁਰਬੀਰ ਰਟੌਲ, ਬਲਜੀਤ ਮੰਡ, ਮਨਨ ਗੁਪਤਾ, ਸੰਦੀਪ ਭੱਟੀ, ਸੋਢੀ ਨਾਗਰਾ, ਟੋਨੀ ਜੌਹਲ, ਸੁਖਦੀਪ ਸੰਧੂ, ਹਰਪ ਗਰੇਵਾਲ, ਅਜੀਤ ਗਰਚਾ ਅਤੇ ਬਲਜੀਤ ਗਰਚਾ ਵੀ ਸਹਿਯੋਗੀਆਂ ਵੱਜੋਂ ਹਾਜ਼ਰ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …