10.6 C
Toronto
Saturday, October 18, 2025
spot_img
Homeਕੈਨੇਡਾਸੀਨੀਅਰਜ਼ ਐਸੋਸੀਏਸ਼ਨ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ

ਸੀਨੀਅਰਜ਼ ਐਸੋਸੀਏਸ਼ਨ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ

ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ਼ ਆਫ ਬਰੈਂਪਟਨ ਦੀ ਕਾਰਜਕਾਰਨੀ ਵਲੋਂ ਪੰਜਾਬ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਕਾਰਜਕਾਰਨੀ ਵਲੋਂ ਮਿਲੀ ਸੂਚਨਾ ਮੁਤਾਬਕ ਇਸ ਵਿੱਚ ਇਹ ਵਿਚਾਰ ਖੁੱਲ੍ਹ ਕੇ ਸਾਹਮਣੇ ਆਏ ਕਿ ਕਿਸਾਨਾਂ ਅਤੇ ਵਿਰੋਧੀ ਧਿਰਾਂ ਦੀ ਰਾਇ ਲਏ ਬਿਨਾਂ ਖੇਤੀ ਸਬੰਧੀ ਤਿੰਨ ਆਰਡੀਨੈਂਸਾਂ ਨੂੰ ਕਾਨੂੰਨ ਵਿੱਚ ਬਦਲਣਾ ਕਿਸਾਨ ਹਿੱਤਾਂ ਦੇ ਉਲਟ ਨਾਦਰਸ਼ਾਹੀ ਫੁਰਮਾਨ ਹੈ। ਹੁਣ ਕਿਸਾਨ ਘੋਲ ਦੌਰਾਨ ਸਰਕਾਰੀ ਤੌਰ ‘ਤੇ ਪੰਜਾਬ ਲਈ ਮਾਲ ਗੱਡੀਆਂ ਬੰਦ ਕਰਨਾ ਪੰਜਾਬ ਦੇ ਸਮੂਹ ਲੋਕਾਂ ਦੇ ਉਲਟ ਇਸ ਤੋਂ ਅਗਲਾ ਕਦਮ ਹੈ।
ਇਹ ਕਾਨੂੰਨ ਕਿਸਾਨਾਂ ਦੀ ਜ਼ਮੀਨ ਦੀ ਮਾਲਕੀ ਖੋਹਣ ਵੱਲ ਇੱਕ ਕਦਮ ਹੈ। ਕੇਂਦਰ ਸਰਕਾਰ ਦੁਆਰਾ ਜਾਰੀ ਇਹ ਅਮਲ ਦੇਸ ਦੇ ਸਰੋਤਾਂ ਨੂੰ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਕੇ ਆਮ ਲੋਕਾਂ ਨੂੰ ਇਹਨਾਂ ਤੋਂ ਵਾਂਝਾ ਕਰਨਾ ਹੈ। ਇਹ ਕਾਨੂੰਨ ਸਿਰਫ ਕਿਸਾਨਾਂ ਦੀ ਮਾਲਕੀ ਹੀ ਨਹੀਂ ਬਦੇਸ਼ਾ ਵਿੱਚ ਬੈਠੇ ਲੋਕਾਂ ਦੀ ਜਮੀਨ ਦੀ ਮਾਲਕੀ ਤੇ ਉਸ ਤੋਂ ਹੋਣ ਵਾਲੀ ਆਮਦਨ ਖੁੱਸਣ ਦਾ ਡਰ ਹੈ। ਜਦੋਂ ਕਿ ਦੇਸ਼ ਦੇ ਸਰੋਤਾਂ ਤੇ ਸਾਰੇ ਭਾਰਤੀਆਂ ਦਾ ਬਰਾਬਰ ਦਾ ਹੱਕ ਹੈ। ਬਹੁਤ ਸਾਰੇ ਪਬਲਿਕ ਸੈਕਟਰ ਦੇ ਅਦਾਰੇ ਜਿਹਨਾਂ ‘ਚੋਂ ਬਹੁਤੇ ਮੁਨਾਫਾ ਦੇ ਰਹੇ ਸਨ ਵੇਚ ਦਿੱਤੇ ਗਏ ਹਨ ਤੇ ਸਰਕਾਰ ਬਾਕੀਆਂ ਨੂੰ ਵੇਚਣ ਦੇ ਰਾਹ ਤੁਰੀ ਹੋਈ ਹੈ। ਜਿਹੜਾ ਕਿ ਦੇਸ਼ ਦੇ ਲੋਕਾਂ ਨਾਲ ਧੋਖਾ ਹੈ।
ਕਿਸਾਨ ਆਪਣੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਜਾਣ ਤੋਂ ਰੋਕਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੇ ਹਨ। ਇਸ ਸੰਘਰਸ਼ ਦਾ ਇੱਕ ਹਾਂ ਪੱਖੀ ਨਤੀਜਾ ਇਹ ਨਿਕਲਿਆ ਹੈ ਕਿ ਕਿਸਾਨ ਇੱਕਮੁੱਠ ਹੋ ਕੇ ਜਮਹੂਰੀ ਢੰਗ ਨਾਲ ਇਹ ਘੋਲ ਚਲਾ ਰਹੇ ਹਨ। ਇਸ ਦੇ ਘੇਰੇ ਵਿੱਚ ਕਿਸਾਨਾਂ ਤੋਂ ਬਿਨਾਂ ਸਮੁੱਚੀ ਮਜਦੂਰ ਜਮਾਤ, ਛੋਟੇ ਕਾਰੋਬਾਰੀ ਤੇ ਹੋਰ ਲੋਕ ਜੁੜ ਰਹੇ ਹਨ। ਬਜੁਰਗਾਂ, ਔਰਤਾਂ, ਨੌਜਵਾਨਾਂ ਤੇ ਬੱਚਿਆਂ ਦੀ ਸ਼ਮੂਲੀਅਤ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ, ਨਾਟਕਕਾਰ, ਗੀਤਕਾਰ, ਬੁੱਧੀਜੀਵੀ ਅਤੇ ਲੋਕ ਪੱਖੀ ਆਰਥਿਕ ਮਾਹਰ ਇਸ ਅੰਦੋਲਨ ਨੂੰ ਪੂਰੀ ਹਮਾਇਤ ਦੇ ਰਹੇ ਹਨ ਤੇ ਇਸ ਵਿੱਚ ਸਰਗਰਮ ਭੁਮਿਕਾ ਨਿਭਾ ਰਹੇ ਹਨ।
ਐਸੋਸੀਏਸ਼ਨ ਇਹ ਮਹਿਸੂਸ ਕਰਦੀ ਹੈ ਕਿ ਭਾਵੇਂ ਅਸੀਂ ਬਦੇਸ਼ਾਂ ਵਿੱਚ ਬੈਠੇ ਹਾਂ ਪਰ ਫਿਰ ਵੀ ਸਾਡਾ ਇਸ ਨਾਲ ਸਬੰਧ ਹੈ। ਇਸ ਲਈ ਤਹਿ ਦਿਲੋਂ ਇਸ ਦੀ ਹਮਾਇਤ ਕਰਨਾ ਸਾਡਾ ਫਰਜ਼ ਹੈ। ਬੇਸ਼ੱਕ ਅਸੀਂ ਸਰੀਰਕ ਤੌਰ ‘ਤੇ ਇਸ ਅੰਦੋਲਨ ਵਿੱਚ ਭਾਗ ਨਹੀਂ ਲੈ ਸਕਦੇ ਪਰ ਮਾਇਕ ਸਹਾਇਤਾ ਜਰੂਰ ਕਰ ਸਕਦੇ ਹਾਂ। ਐਸੋਸੀਏਸ਼ਨ ਵਲੋਂ ਸਾਰੇ ਸੀਨੀਅਰਜ਼ ਨੂੰ ਅਪੀਲ ਹੈ ਕਿ ਉਹ ਆਪਣੇ ਇਲਾਕੇ ਅਤੇ ਪਿੰਡਾਂ ਦੀਆਂ ਕਿਸਾਨ ਇਕਾਈਆਂ ਨੂੰ ਵਿਤ ਮੁਤਾਬਕ ਜ਼ਰੂਰ ਹੀ ਸਹਾਇਤਾ ਭੇਜਣ। ਜਥੇਬੰਦੀ ਵਲੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸਬੰਧ ਵਿੱਚ ਪਰਮਜੀਤ ਬੜਿੰਗ ਨੇ ਆਪਣੇ ਪਿੰਡ ਦੀ ਕਿਸਾਨ ਜਥੇਬੰਦੀ ਦੀ ਇਕਾਈ ਨੂੰ ਦਸ ਹਜ਼ਾਰ ਰੁਪਏ ਦੀ ਸਹਾਇਤਾ ਭੇਜ ਕੇ ਪਹਿਲਕਦਮੀ ਕੀਤੀ ਹੈ ਜਿਸਦੀ ਰਸੀਦ ਪ੍ਰਾਪਤ ਹੋ ਚੁੱਕੀ ਹੈ। ਐਸੋਸੀਏਸ਼ਨ ਨੂੰ ਤੁਹਾਡੇ ਭਰਪੂਰ ਹੁੰਗਾਰੇ ਦੀ ਆਸ ਹੈ ਕਿ ਸਾਰੇ ਆਪਣਾ ਬਣਦਾ ਯੋਗਦਾਨ ਜਰੂਰ ਪਾਓਗੇ।
ਇਸ ਵਾਰ ਪੰਜਾਬ ਵਿੱਚ ਪੈਨਸ਼ਨ ਲੈ ਰਹੇ ਲੋਕਾਂ ਲਈ ਲਾਈਵ ਸਰਟੀਫਿਕੇਟ ਭੇਜਣ ਦੀ ਮਿਤੀ ਦੀ ਦਸੰਬਰ ਤੱਕ ਵਧਾਉਣ ਦੀ ਖਬਰ ਹੈ। ਇਸ ਸਬੰਧ ਵਿੱਚ ਇਹ ਸਪਸ਼ਟ ਨਹੀਂ ਕਿ ਦਸੰਬਰ ਮਹੀਨੇ ਵਿੱਚ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਕਿ ਨਹੀਂ। ਇਸ ਸਬੰਧ ਵਿੱਚ ਕਿਸੇ ਵੀ ਤਾਜ਼ਾ ਜਾਣਕਾਰੀ ਲਈ ਕਾਰਜਕਾਰਨੀ ਦੇ ਮੈਂਬਰਾਂ ਜੰਗੀਰ ਸਿੰਘ ਸੈਂਭੀ (416-409-0126), ਪਰਮਜੀਤ ਬੜਿੰਗ (647-963-0331), ਕਰਤਾਰ ਸਿੰਘ ਚਾਹਲ (647-854-8746), ਪ੍ਰੀਤਮ ਸਿੰਘ ਸਰਾਂ ( 416-833-0567), ਪ੍ਰੋ: ਨਿਰਮਲ ਸਿੰਘ ਧਾਰਨੀ (905-497-1173), ਬਲਵਿੰਦਰ ਬਰਾੜ (647-262-4026), ਹਰਦਿਆਲ ਸਿੰਘ ਸੰਧੂ (647-686-4201) ਜਾਂ ਦੇਵ ਕੁਮਾਰ ਸੂਦ (416-553-0722) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS