Home / ਕੈਨੇਡਾ / ਰੂਬੀ ਸਹੋਤਾ ਦੇ ਪਾਰਲੀਮੈਂਟ ਕਮੇਟੀ ਦੀ ਚੇਅਰ ਬਣਨ ਨਾਲ ਔਟਵਾ ਵਿਚ ਵਧੇ ਰੁਝੇਵੇਂ

ਰੂਬੀ ਸਹੋਤਾ ਦੇ ਪਾਰਲੀਮੈਂਟ ਕਮੇਟੀ ਦੀ ਚੇਅਰ ਬਣਨ ਨਾਲ ਔਟਵਾ ਵਿਚ ਵਧੇ ਰੁਝੇਵੇਂ

ਔਟਵਾ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਮੈਂਬਰ ਪਾਰਲੀਮੈਂਟ ਨੂੰ ਹਾਊਸ ਆਫ਼ ਕਾਮਨਜ਼ ਦੀ ਪ੍ਰੋਸੀਜਰ ਐਂਡ ਹਾਊਸ ਅਫ਼ੇਅਰਜ਼ ਦੀ ਸਟੈਂਡਿੰਗ ਕਮੇਟੀ ਦੀ ਚੇਅਰਪਰਸਨ ਅਤੇ ਫ਼ਾਰੱਨ ਅਫ਼ੇਅਰਜ਼ ਐਂਡ ਇੰਟਰਨੈਸ਼ਨਲ ਡਿਵੈੱਲਪਮੈਟ ਸਟੈਂਡਿੰਗ ਕਮੇਟੀ ਦੀ ਮੈਂਬਰ ਨਿਯੁੱਕਤ ਕੀਤਾ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਔਟਵਾ ਵਿਚ ਰੁਝੇਵੇਂ ਹੋਰ ਵੀ ਵੱਧ ਗਏ ਹਨ।
ਪ੍ਰੋਸੀਜਰ ਐਂਡ ਹਾਊਸ ਅਫ਼ੇਅਰਜ਼ ਦੀ ਮਹੱਤਵਪੂਰਨ ਕਮੇਟੀ ਦੀ ਚੇਅਰ ਹੋਣ ਦੇ ਨਾਤੇ ਰੂਬੀ ਸਹੋਤਾ ਇਸ ਕਮੇਟੀ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ। ਇਹ ਕਮੇਟੀ ਚੋਣਾਂ ‘ਇਲੈੱਕਸ਼ਨ ਕੈਨੇਡਾ’ ਨਾਲ ਸਬੰਧਿਤ ਮਾਮਲਿਆਂ ਦੀਆਂ ਰਿਪੋਰਟਾਂ ਦੀ ਸਮੀਖਿਆ ਕਰਦੀ ਹੈ ਅਤੇ ਹਾਊਸ ਦੇ ਨਿਯਮਾਂ ਤੇ ਇਸ ਦੀਆਂ ਕਮੇਟੀਆਂ ਦੇ ਕੰਮ-ਕਾਜ ਨੂੰ ਵੇਖਦੀ ਹੈ। ਦੇਸ਼ ਵਿਚ ਘੱਟ-ਗਿਣਤੀ ਸਰਕਾਰ ਦੇ ਹੁੰਦਿਆਂ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਫ਼ਾਰੱਨ ਅਫ਼ੇਅਰਜ਼ ਕਮੇਟੀ ਦੇ ਮੈਂਬਰ ਹੁੰਦਿਆਂ ਹੋਇਆਂ ਰੂਬੀ ਸਹੋਤਾ ਵਿਦੇਸ਼ਾਂ ਨਾਲ ਸਬੰਧਿਤ ਮਾਮਲਿਆਂ ਦਾ ਅਧਿਐੱਨ ਕਰਨਗੇ ਜਿਨ੍ਹਾਂ ਵਿਚ ਕੈਨੇਡਾ ਦੀ ਵਿਦੇਸ਼-ਨੀਤੀ, ਗਲੋਬਲ ਗਵਰਨੈਂਸ, ਅੰਤਰਰਾਸ਼ਟਰੀ ਸੁਰੱਖਿਆ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਅਤੇ ਵਿਕਾਸ ਸਹਾਇਤਾ, ਆਦਿ ਸ਼ਾਮਲ ਹਨ।
ਇਸ ਸਬੰਧੀ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਰੂਬੀ ਸਹੋਤਾ ਨੇ ਕਿਹਾ,”ਕਮੇਟੀਆਂ ਸਾਡੇ ਲੋਕਰਾਜ ਦੀ ‘ਰੀੜ੍ਹ ਦੀ ਹੱਡੀ’ ਹਨ ਅਤੇ ਮੈਂ ਹਾਊਸ ਆਫ਼ ਕਾਮਨਜ਼ ਦੀ ਪ੍ਰੋਸੀਜਰ ਐਂਡ ਹਾਊਸ ਅਫ਼ੇਅਰਜ਼ ਦੀ ਸਟੈਂਡਿੰਗ ਕਮੇਟੀ ਦੀ ਚੇਅਰਪਰਸਨ ਅਤੇ ਫ਼ਾਰੱਨ ਅਫ਼ੇਅਰਜ਼ ਐਂਡ ਇੰਟਰਨੈਸ਼ਨਲ ਡਿਵੈੱਲਪਮੈਟ ਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਦੀ ਨਿਯੁੱਕਤੀ ‘ਤੇ ਮਾਣ ਤੇ ਖ਼ੁਸ਼ੀ ਮਹਿਸੂਸ ਕਰ ਰਹੀ ਹਾਂ। ਮੈਂ ਆਪਣੇ ਸਾਥੀਆਂ ਅਤੇ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਾਂਗੀ ਅਤੇ ਇਹ ਯਕੀਨੀ ਬਣਾਵਾਂਗੀ ਕਿ ਕੈਨੇਡਾ ਦੀ 43ਵੀਂ ਪਾਰਲੀਮੈਂਟ ਦੇਸ਼ ਦੇ ਲਈ ਬੜੇ ਵਧੀਆ ਢੰਗ ਨਾਲ ਆਪਣਾ ਫ਼ਰਜ਼ ਨਿਭਾਏ।” ਇੱਥੇ ਇਹ ਜ਼ਿਕਰਯੋਗ ਹੈ ਕਿ ਰੂਬੀ ਸਹੋਤਾ ਨੇ ਪਿਛਲੀ ਵਾਰ ਸਟੈਂਡਿੰਗ ਕਮੇਟੀ ਆਨ ਪਬਲਿਕ ਸੇਫ਼ਟੀ ਐਂਡ ਨੈਸ਼ਨਲ ਸਕਿਉਰਿਟੀ, ਸਟੈਂਡਿੰਗ ਕਮੇਟੀ ਆਨ ਸਟੇਟੱਸ ਆਫ਼ ਵਿਮੈੱਨ ਅਤੇ ਸਪੈਸ਼ਲ ਕਮੇਟੀ ਆਨ ਇਲੈੱਕਟੌਰਲ ਰੀਫ਼ਾਰਮਜ਼ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਇਸ ਅਰਸੇ ਦੌਰਾਨ ਫ਼ੈੱਡਰਲ ਲਿਬਰਲ ਓਨਟਾਰੀਓ ਕਾਕੱਸ ਦੇ ਚੇਅਰ ਦੇ ਤੌਰ ‘ਤੇ ਵੀ ਸੇਵਾਵਾਂ ਨਿਭਾਈਆਂ।

Check Also

ਟੋਰਾਂਟੋ ‘ਚ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਗੁਰੂ ਰਵੀਦਾਸ ਜੀ ਦਾ 643ਵਾਂ ਪ੍ਰਕਾਸ਼ ਪੁਰਬ ਦੇਸ਼ਾਂ-ਵਿਦੇਸ਼ਾਂ ਵਿੱਚ ਬੜੀ ਸ਼ਰਧਾ ਨਾਲ …