ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 22 ਅਗਸਤ ਨੂੰ ਬਰੈਂਪਟਨ ਵਿਖੇ ਸਰਗਰਮ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਆਪਣੇ ਮੈਂਬਰਾਂ ਲਈ ਸਾਊਥੈਂਪਟਨ/ਪੋਰਟ ਐੱਲਗਨ ਦੀ ਬੀਚ ‘ਤੇ ਯੋਗਾ ਦਾ ਈਵੈਂਟ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।
ਮੈਂਬਰਾਂ ਦੇ ਬੀਚ ‘ਤੇ ਪਹੁੰਚਣ ਲਈ ਪ੍ਰਬੰਧਕਾਂ ਵੱਲੋਂ ਸਪੈਸ਼ਲ ਚਾਰਟਰਡ ਬੱਸ ਦਾ ਪ੍ਰਬੰਧ ਕੀਤਾ ਗਿਆ। ਇਹ ਬੱਸ ਓਨਟਾਰੀਓ ਖਾਲਸਾ ਦਰਬਾਰ ਦੀ ਪਾਰਕਿੰਗ ਤੋਂ ਸਵੇਰੇ 9.00 ਵਜੇ ਚੱਲੀ ਅਤੇ ਰਸਤੇ ਵਿੱਚ ਇੱਕ ਟਿਮ ਹੌਰਟਿਨ ‘ਤੇ ਪੜਾਅ ਕਰਦਿਆਂ ਹੋਇਆਂ ਲੱਗਭੱਗ ਇੱਕ ਘੰਟੇ ਦਾ ਸਫ਼ਰ ਤੈਅ ਕਰਕੇ 10.00 ਵਜੇ ਮੈਂਬਰਾਂ ਨੂੰ ਸਨੈਕਸ ਤੇ ਚਾਹ-ਪਾਣੀ ਛਕਾਉਣ ਉਪਰੰਤ 11.45 ਵਜੇ ਬੀਚ ਦੇ ਨੇੜੇ ਨਿਸਚਤ ਸਥਾਨ ‘ਤੇ ਪਹੁੰਚੀ। ਇੱਥੇ ਮੈਂਬਰਾਂ ਨੇ ਬਰੇਕ-ਫ਼ਾਸਟ ਵਿੱਚ ਪਕੌੜਿਆਂ, ਸਮੋਸਿਆਂ, ਵੈਜੀ ਸੈਂਡਵਿੱਚਾਂ, ਗਰਮ ਗਰਮ ਗੁਲਾਬ ਜਾਮਨਾਂ ਅਤੇ ਮਸਾਲਾ ਚਾਹ ਦਾ ਅਨੰਦ ਮਾਣਿਆਂ।
ਚਾਹ-ਪਾਣੀ ਛਕਣ ਤੋਂ ਬਾਅਦ ਕਲੱਬ ਦੇ ਚੇਅਰਪਰਸਨ ਗੁਰਚਰਨ ਸਿੰਘ ਖੱਖ ਵੱਲੋਂ ਸਮੂਹ ਮੈਂਬਰਾਂ ਦਾ ਭਰਪੂਰ ਸੁਆਗਤ ਕਰਦਿਆਂ ਹੋਇਆਂ ਨਿੱਘੀ ‘ਜੀ-ਆਇਆਂ’ ਕਹੀ ਗਈ ਅਤੇ ਕਲੱਬ ਦੀ ਸਥਾਪਨਾ ਦੇ ਪਿਛਲੇ 9 ਸਾਲਾਂ ਦੀਆਂ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਸਿਹਤ ਨਾਲ ਸਬੰਧਿਤ ਸਰਗਰਮੀਆਂ ਤੋਂ ਜਾਣੂੰ ਕਰਵਾਇਆ ਗਿਆ। ਉਪਰੰਤ, ਰਵਿੰਦਰ ਜਸਾਨੀ ਵੱਲੋਂ ਇੱਕ ਧਾਰਮਿਕ ਗੀਤ ਪੇਸ਼ ਕੀਤਾ ਗਿਆ ਅਤੇ ਮਰਵਾਹਾ ਪਰਿਵਾਰ ਵੱਲੋਂ ਕਈ ਹਿੰਦੀ ਫ਼ਿਲਮੀ ਗੀਤਾਂ ਉਪਰ ਡਾਂਸ ਕੀਤਾ ਗਿਆ।
ਇਸ ਤੋਂ ਬਾਅਦ ਸਾਰੇ ਮੈਂਬਰ ਹੁਰੋਨ ਲੇਕ ਦੀ ਬੀਚ ਵੱਲ ਚੱਲ ਪਏ। ਉਹ ਕਈ ਛੋਟੇ-ਛੋਟੇ ਗਰੁੱਪਾਂ ਵਿੱਚ ਵੰਡੇ ਗਏ ਅਤੇ ਕੁਦਰਤ ਦੀ ਸੁੰਦਰਤਾ ਦੇ ਨਜ਼ਾਰੇ ਲੈਣ ਲੱਗੇ। ਆਪਣੀਆਂ ਪੈਂਟਾਂ ਦੇ ਪਹੁੰਚੇ ਉੱਚੇ ਕਰਕੇ ਕਈ ਨੰਗੇ ਪੈਰੀਂ ਲੇਕ ਦੇ ਸਾਫ਼ ਤੇ ਠੰਢੇ ਪਾਣੀ ਦੇ ਅੰਦਰ ਵੀ ਗਏ।
ਇੱਥੇ ਕਲੱਬ ਦੇ ਵਾਈਸ-ਪ੍ਰੈਜ਼ੀਡੈਂਟ ਗਿਆਨ ਪਾਲ ਤੇ ਕਈ ਹੋਰ ਮੈਂਬਰਾਂ ਨੇ ਕੁਦਰਤੀ ਦ੍ਰਿਸ਼ਾਂ ਅਤੇ ਬੀਚ ਦੇ ਨਾਲ-ਨਾਲ ਪਾਣੀ ਅੰਦਰ ਤੁਰਦੇ ਮੈਂਬਰਾਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ। ‘ਲੌਂਗ ਡੌਕ ਪਾਵਿਲੀਅਨ’ ਤੇ ਵਾਪਸ ਆ ਕੇ ਮਿਸਿਜ਼ ਪਰਮਜੀਤ ਮਾਸੂਨ ਨੇ ਯੋਗਾ ਦਾ ਆਪਣਾ ਤਜ਼ਰਬਾ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਮੈਂਬਰਾਂ ਨੂੰ ਯੋਗਾ ਦੇ ਕਈ ਆਸਣ ਅਤੇ ਸਰੀਰਕ ਕਸਰਤਾਂ ਕਰਵਾਈਆਂ ਜਿਨ੍ਹਾਂ ਦਾ ਸਾਰੇ ਮੈਂਬਰਾਂ ਨੇ ਭਰਪੂਰ ਅਨੰਦ ਲਿਆ। ਇਨ੍ਹਾਂ ਵਿੱਚ ਸਾਹ ਲੈਣ ਵਾਲੀਆਂ ਵੱਖ-ਵੱਖ ਕਿਰਿਆਵਾਂ, ਲੋਮ-ਵਿਲੋਮ, ਮੋਢਿਆਂ, ਧੌਣ ਤੇ ਪੈਰਾਂ ਦੀਆਂ ਕਈ ਕਸਰਤਾਂ, ਟਾਡਾ ਆਸਣ, ਉੱਤਾਨ ਆਸਣ, ਤ੍ਰਿਕੋਨਾ ਆਸਣ, ਉਤਕਲ ਆਸਣ ਅਤੇ ਉੱਚੀ-ਉੱਚੀ ਹੱਸਣ ਵਾਲੀ ਥੈਰੇਪੀ ਸ਼ਾਮਲ ਸਨ।
ਸ਼ਾਮ ਦੇ ਤਿੰਨ ਵਜੇ ਸਾਰੇ ਮੈਂਬਰ ਪੋਰਟ ਐੱਲਗਨ ਰੈਸਟੋਰੈਂਟ ਵੱਲ ਚੱਲ ਪਏ। ਸਾਰਿਆਂ ਨੇ ਮਿਲ਼ ਕੇ ਸੁਅਦਲੇ ਖਾਣੇ ਦਾ ਲੁਤਫ਼ ਲਿਆ ਅਤੇ ਫਿਰ ਬਰੈਂਪਟਨ ਵੱਲ ਵਾਪਸੀ ਦੇ ਰਾਹ ਪਏ। ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ ਪੋਰਟ ਐੱਲਗਨ ਬੀਚ ਦੇ ਇਸ ਟੂਰ ਨੂੰ ਸਫ਼ਲ ਬਨਾਉਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ 7 ਨਵੰਬਰ ਨੂੰ ਕਲੱਬ ਦੇ ਅਗਲੇ ਈਵੈਂਟ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਸਾਊਥੈਂਪਟਨ/ਪੋਰਟ ਐੱਲਗਨ ਲੇਕ ਹੁਰੋਨ ਦੀ ਬੀਚ ‘ਤੇ ਯੋਗਾ ਦਾ ਦਿਲਚਸਪ ਈਵੈਂਟ ਆਯੋਜਿਤ
RELATED ARTICLES







