ਪ੍ਰਿੰ. ਸਰਵਣ ਸਿੰਘ
ਕਿਰਪਾਲ ਸਿੰਘ ਪੰਨੂੰ ਦਾ ਜਨਮ 25 ਮਾਰਚ 1936 ਨੂੰ ਰਾੜਾ ਸਾਹਿਬ ਨੇੜੇ ਪਿੰਡ ਕਟਾਹਰੀ ਵਿਚ ਹੋਇਆ ਸੀ। ਬਰੈਂਪਟਨ ‘ਚ ਰਹਿੰਦੇ ਪੰਜਾਬ ਬਿਜਲੀ ਬੋਰਡ ਦੇ ਰਿਟਾਇਰ ਚੀਫ ਇੰਜਨੀਅਰ ਈਸ਼ਰ ਸਿੰਘ ਨੇ ਉਸ ਦੀ ਨਿਸ਼ਕਾਮ ਸੇਵਾ ਦਾ ਵੇਰਵਾ ਅੰਗਰੇਜ਼ੀ ਵਿਚ ਡਰਾਫਟ ਕਰ ਕੇ ਓਨਟਾਰੀਓ ਸਰਕਾਰ ਦੇ ਧਿਆਨ ਵਿਚ ਲਿਆਂਦਾ ਤਾਂ ਸਰਕਾਰ ਨੇ ਪੰਨੂੰ ਨੂੰ ‘ਓਨਟਾਰੀਓ ਸੀਨੀਅਰਜ਼ ਅਚੀਵਮੈਂਟ ਅਵਾਰਡ’ ਦੇਣ ਦਾ ਐਲਾਨ ਕੀਤਾ। ਪੰਜਾਬੀ ਪਿਆਰਿਆਂ ਨੂੰ ਖੁਸ਼ੀ ਹੈ ਕਿ ਪੰਜਾਬੀ ਦੇ ਕੰਪਿਊਟਰੀਕਰਨ ਵਿਚ ਪ੍ਰਦਾਨ ਕੀਤੀਆਂ ਸੇਵਾਵਾਂ ਲਈ 25 ਜੂਨ 2025 ਨੂੰ ਓਨਟਾਰੀਓ ਸਰਕਾਰ ਵੱਲੋਂ ਕਿਰਪਾਲ ਸਿੰਘ ਪੰਨੂੰ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਦੇਣ ਦੀ ਰਸਮ ਗਵਰਨਰ ਹਾਊਸ ਵਿਚ ਓਨਟਾਰੀਓ ਦੀ ਮਾਣਯੋਗ ਗਵਰਨਰ ਨੇ ਨਿਭਾਈ।
ਪੰਜਾਬੀ ਭਾਈਚਾਰੇ ਵਿਚ ਪੰਨੂੰ ਨੂੰ ਕੋਈ ‘ਕੰਪਿਊਟਰ ਦਾ ਭਾਈ ਘਨੱਈਆ’ ਕਹਿੰਦਾ ਹੈ ਤੇ ਕੋਈ ‘ਕੰਪਿਊਟਰ ਦਾ ਧੰਨਾ ਜੱਟ’। ਉਸ ਨੇ ਹਲ਼ ਤੋਂ ਹਾਕੀ ਤੇ ਕਾਰਬਾਈਨ ਤੋਂ ਕੰਪਿਊਟਰ ਤਕ ਦਾ ਸਫ਼ਰ ਤੈਅ ਕੀਤਾ ਹੈ। ਉਹਦੀ ਉਮਰ ਬੇਸ਼ਕ ਨੱਬਿਆਂ ਨੂੰ ਢੁੱਕ ਚੁੱਕੀ ਹੈ ਪਰ ਉਹਦੇ ਵਲੰਟੀਅਰੀ ਕੰਪਿਊਟਰੀ ਕਾਰਜਾਂ ਵਿਚ ਕੋਈ ਕਮੀ ਨਹੀਂ ਆਈ। ਖੂੰਡੀ ਫੜ ਕੇ ਅਜੇ ਵੀ ਉਹ ਮਸਤ ਚਾਲੇ ਪਿਆ ਹੋਇਐ। 2011 ‘ਚ ਉਸ ਦੇ 75ਵੇਂ ਜਨਮ ਦਿਵਸ ‘ਤੇ ਉਸ ਨੂੰ ਅਭਿਨੰਦਨ ਗ੍ਰੰਥ ‘ਕੰਪਿਊਟਰ ਦਾ ਧਨੰਤਰ’ ਭੇਟ ਕੀਤਾ ਗਿਆ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਕੈਨੇਡਾ ਦੀ ਓਨਟਾਰੀਓ ਸਰਕਾਰ ਵੱਲੋਂ ਵੀ ਨਿਵਾਜਿਆ ਜਾਵੇਗਾ।
ਪੰਨੂੰ ਨੇ ਬਚਪਨ ਵਿਚ ਆਮ ਕਿਸਾਨ ਬੱਚਿਆਂ ਵਾਂਗ ਡੰਗਰ ਚਾਰੇ ਤੇ ਪੱਠਾ ਦੱਥਾ ਕੀਤਾ। 1947 ਦੀ ਵੱਢ-ਟੁੱਕ ਆਪਣੀ ਅੱਖੀਂ ਵੇਖੀ। ਉਸ ਬਾਰੇ ਬਾਅਦ ਵਿਚ ਕਹਾਣੀਆਂ ਲਿਖੀਆਂ। ਉਸ ਨੇ ਮੁੱਢਲੀ ਪੜ੍ਹਾਈ ਕਟਾਹਰੀ ਤੋਂ ਤੇ ਹਾਈ ਸਕੂਲ ਦੀ ਪੜ੍ਹਾਈ ਕਰਮਸਰ ਰਾੜਾ ਸਾਹਿਬ ਤੋਂ ਕੀਤੀ। ਉਹ ਸਕੂਲ ਦੀ ਹਾਕੀ ਟੀਮ ਦਾ ਵਧੀਆ ਖਿਡਾਰੀ ਸੀ ਤੇ ਕੁਝ ਸਾਲ ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣੇ ਵੱਲੋਂ ਹਾਕੀ ਖੇਡਿਆ। ਹਾਕੀ ਦੀ ਖੇਡ ਦੇ ਸਿਰ ‘ਤੇ ਉਹ ਪਟਿਆਲਾ ਪੁਲਿਸ ਵਿਚ ਭਰਤੀ ਹੋ ਗਿਆ ਤੇ ਤਰੱਕੀਆਂ ਪਾਉਣ ਲੱਗਾ। ਉਹ ਗੋਲਡਨ ਹੈਟਟ੍ਰਿਕ ਮਾਰਨ ਵਾਲੇ ਹਾਕੀ ਦੇ ਆਈਕੋਨਕ ਓਲੰਪੀਅਨ ਬਲਬੀਰ ਸਿੰਘ ਨਾਲ ਵੀ ਹਾਕੀ ਖੇਡਦਾ ਰਿਹਾ। ਰਿਟਾਇਰ ਹੋਣ ਵੇਲੇ ਉਹ ਬੀਐਸਐਫ ‘ਚ ਡਿਪਟੀ ਕਮਾਂਡੈਂਟ ਸੀ।
1988 ਵਿਚ ਨੌਕਰੀ ਤੋਂ ਅਗਾਊਂ ਰਿਟਾਇਰਮੈਂਟ ਲੈ ਕੇ, ਟੋਰਾਂਟੋ ਆਪਣੇ ਬੱਚਿਆਂ ਪਾਸ ਪਹੁੰਚ ਕੇ, ਉਸ ਨੇ ਕੁਝ ਸਮਾਂ ਏਅਰਪੋਰਟ ‘ਤੇ ਸਕਿਉਰਿਟੀ ਅਫਸਰ ਦੀ ਡਿਊਟੀ ਵੀ ਕੀਤੀ ਸੀ। ਉਸ ਦੇ ਪੁੱਤਰਾਂ ਨੇ ਕੰਪਿਊਟਰ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ ਜਿਸ ਕਰਕੇ ਘਰ ਵਿਚ ਹੀ ਕੰਪਿਊਟਰ ਮੌਜੂਦ ਸਨ। ਉਹ ਆਪ ਗਿਆਨੀ ਪਾਸ ਗ੍ਰੈਜੂਏਟ ਸੀ। ਘਰੋਂ ਹੀ ਉਸ ਨੂੰ ਕੰਪਿਊਟਰ ਸਿੱਖਣ ਦੀ ਜਾਗ ਲੱਗ ਗਈ। ਉਸ ਨੂੰ ਮੁੱਢਲੀ ਜਾਣਕਾਰੀ ਆਪਣੇ ਬੱਚਿਆਂ ਤੋਂ ਮਿਲੀ ਜਿਨ੍ਹਾਂ ਨੇ ਦੱਸ ਦਿੱਤਾ ਕਿ ਕੰਪਿਊਟਰ ਨਾਲ ਜਿੰਨੀ ਮਰਜ਼ੀ ਛੇੜ-ਛਾੜ ਕਰੀ ਚੱਲੋ ਇਹਦਾ ਕੁਝ ਨਹੀਂ ਵਿਗੜਦਾ। ਫਿਰ ਉਸ ਨੇ ਆਪਣੀ ਸਾਰੀ ਵਿਹਲ ਤੇ ਪ੍ਰਤਿਭਾ ਕੰਪਿਊਟਰ ਦੀ ਕਾਰੀਗਰੀ ਕਰਨ ਵਿਚ ਝੋਕ ਦਿੱਤੀ ਜਿਸ ਦੇ ਸਿੱਟੇ ਸਾਹਮਣੇ ਹਨ।
ਉਹ ਕੰਪਿਊਟਰ ਦੇ ਪੰਜਾਬੀਕਰਨ ਦਾ ਛੁਪਿਆ ਰੁਸਤਮ ਨਿਕਲਿਆ। ਉਸ ਨੇ ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ ਬੜੀ ਸੁਖੈਣ ਬਣਾ ਦਿੱਤੀ। ਮੇਰੇ ਵਰਗੇ ਸੈਂਕੜੇ ਸੀਨੀਅਰਜ਼ ਨੇ ਉਸ ਤੋਂ ਕੰਪਿਊਟਰ ਦੀ ਮੁਫ਼ਤ ਸਿੱਖਿਆ ਲਈ।
ਇਸ ਵਲੰਟੀਅਰ ਕਾਰਜ ਵਿਚ ਉਸ ਨੇ ਦੋ ਦਹਾਕੇ ਨਿਸ਼ਕਾਮ ਸੇਵਾ ਨਿਭਾਈ। ਨਾ ‘ਨੇਰ੍ਹਾ ਵੇਖਿਆ, ਨਾ ਸਵੇਰਾ। ਬਾਰਾਂ ਮਹੀਨੇ ਤੀਹ ਦਿਨ ਇਸੇ ਕਾਰਜ ਵਿਚ ਲੱਗਾ ਰਿਹਾ। ਇਹ ਉਸ ਦੀ ਭਗਤੀ ਹੈ ਤੇ ਤਪੱਸਿਆ ਹੈ ਜੋ ਸਾਧੂ ਸੁਭਾਅ ਪੰਨੂੰ ਪਿਛਲੇ ਪੱਚੀ ਤੀਹ ਸਾਲਾਂ ਤੋਂ ਕਰਦਾ ਆ ਰਿਹੈ। ਜੋ ਨਹੀਂ ਸੋ ਕਰ ਵਿਖਾਇਆ ਪਰ ਉਸ ਦੀ ਪ੍ਰਤਿਭਾ ਤੇ ਘਾਲਣਾ ਨੂੰ ਅਜੇ ਵੀ ਪੂਰਾ ਗੌਲ਼ਿਆ ਨਹੀਂ ਗਿਆ।
ਸਾਡੇ ਪੰਜਾਬੀਆਂ ਕੋਲ ਪ੍ਰਤਿਭਾ ਦੀ ਘਾਟ ਨਹੀਂ ਪਰ ਅਸੀਂ ਉਸ ਦੀ ਸਮੇਂ ਸਿਰ ਪਛਾਣ ਨਹੀਂ ਕਰਦੇ ਤੇ ਉਸ ਦੀ ਕਦਰ ਨਹੀਂ ਪਾਉਂਦੇ। ਕਈ ਵਾਰ ਬੜੇ ਪ੍ਰਤਿਭਾਵਾਨ ਵਿਅਕਤੀ ਅਣਗੌਲੇ ਰਹਿ ਜਾਂਦੇ ਹਨ ਜਦ ਕਿ ਉਨ੍ਹਾਂ ਅੰਦਰ ਬਹੁਤ ਕੁਝ ਕਰਨ ਦੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ। ਉਨ੍ਹਾਂ ਦੇ ਨਿੱਜੀ ਤੌਰ ‘ਤੇ ਕੀਤੇ ਯਤਨ ਫਿਰ ਸੀਮਤ ਪੱਧਰ ਤਕ ਹੀ ਰਹਿ ਜਾਂਦੇ ਹਨ। ਬਾਅਦ ਵਿਚ ਪਛਤਾਵਾ ਹੁੰਦਾ ਹੈ ਕਿ ਅਜਿਹੇ ਸੱਜਣਾਂ ਤੋਂ ਹੋਰ ਵੀ ਵੱਧ ਕਾਰਜ ਕਰਾਉਣ ਲਈ ਉਨ੍ਹਾਂ ਨੂੰ ਸੰਭਾਲਿਆ ਕਿਉਂ ਨਾ ਗਿਆ ਤੇ ਲੋੜੀਂਦਾ ਸਹਿਯੋਗ ਕਿਉਂ ਨਾ ਦਿੱਤਾ ਗਿਆ?
1900 ਦੇ ਆਸ ਪਾਸ ਪੰਜਾਬ ਦੀ ਕਿਸੇ ਵਿਦਿਅਕ, ਭਾਸ਼ਾ ਜਾਂ ਤਕਨੀਕੀ ਸੰਸਥਾ ਵੱਲੋਂ ਕਿਰਪਾਲ ਸਿੰਘ ਪੰਨੂੰ ਨੂੰ ਕੰਪਿਊਟਰ ਦੇ ਪੰਜਾਬੀਕਰਨ ਦਾ ਕੋਈ ਅਹਿਮ ਪ੍ਰੋਜੈਕਟ ਦਿੱਤਾ ਜਾਂਦਾ ਤਾਂ ਹੁਣ ਤਕ ਹੋਰ ਵੀ ਬਹੁਤ ਕੁਛ ਚੰਗਾ ਹੋ ਗਿਆ ਹੁੰਦਾ। ਹੁਣ ਵੀ ਅਜਿਹਾ ਕਰ ਲਿਆ ਜਾਵੇ ਤਾਂ ਚੰਗਾ ਹੀ ਹੋਵੇਗਾ।
ਕਿਰਪਾਲ ਸਿੰਘ ਪੰਨੂੰ ਸਾਡੇ ਦਰਮਿਆਨ ਕੰਪਿਊਟਰ ਦਾ ਐਸਾ ਆਸ਼ਕ ਹੈ ਜਿਸ ਨੂੰ ਕੰਪਿਊਟਰ ਦੇ ਪੰਜਾਬੀਕਰਨ ਦਾ ਫਰਿਹਾਦ ਕਿਹਾ ਜਾ ਸਕਦੈ। ਪਰ ਉਹ ਆਪਣੇ ਹੀ ਤੇਸੇ ਨਾਲ ਪਹਾੜ ਕੱਟਣ ਡਿਹੈ। ਧੰਨ ਹੈ ਉਸ ਦੀ ਲਗਨ ਤੇ ਸਲਾਮ ਹੈ ਉਸ ਦੇ ਸਿਰੜ ਨੂੰ ਕਿ ‘ਕੱਲਾ ਹੀ ਰਾਹ ਬਣਾਈ ਤੁਰਿਆ ਜਾ ਰਿਹੈ। ਉਂਜ ਡਰ ਹੈ ਕਿ ਉਹ ਅਧਵਾਟੇ ਨਾ ਰਹਿ ਜਾਵੇ। ਇਸ ਲਈ ਲੋੜ ਹੈ ਉਸ ਨੂੰ ਸੰਭਾਲਣ ਦੀ ਤੇ ਉਸ ਤੋਂ ਹੋਰ ਵੀ ਯਾਦਗਾਰੀ ਕਾਰਜ ਕਰਵਾਉਣ ਦੀ।
ਕਈ ਵਾਰ ਇਹ ਸੋਚ ਕੇ ਸ਼ਰਮਿੰਦਗੀ ਹੁੰਦੀ ਹੈ ਕਿ ਸਾਡੀਆਂ ਪੰਜਾਬ ਸਰਕਾਰਾਂ ਤੇ ਪੰਜਾਬੀ ਸੰਸਥਾਵਾਂ ਪੰਜਾਬੀ ਹੀਰਿਆਂ ਦੀ ਓਨੀ ਕਦਰ ਨਹੀਂ ਪਾਉਂਦੀਆਂ ਜੋ ਕਦਰ ਕੈਨੇਡਾ ਜਾਂ ਕੁਝ ਹੋਰ ਮੁਲਕਾਂ ਦੀਆਂ ਸਰਕਾਰਾਂ ਤੇ ਸੰਸਥਾਵਾਂ ਪਾ ਰਹੀਆਂ ਹਨ। ਪੰਜਾਬੀ ਪਿਆਰੇ ਕੈਨੇਡਾ ਦੀ ਓਨਟਾਰੀਓ ਸਰਕਾਰ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸਾਡੇ ਭੁੱਲੇ ਵਿਸਰੇ ਕੰਪਿਊਟਰ ਦੇ ਧਨੰਤਰ ਵਲੰਟੀਅਰ ਪੰਨੂੰ ਦੀ ਕਦਰ ਪਾਈ।
ਪੰਨੂੰ ਨਿਸ਼ਕਾਮ ਸੇਵਕ ਹੈ। ਡੀਆਰਚਾਤ੍ਰਿਕ ਫੌਂਟ ਦਾ ਉਸ ਨੇ ਲੰਗਰ ਲਾ ਰੱਖਿਆ ਹੈ। ਉਹਦੀ ਸੇਵਾ ਭਾਈ ਘਨੱਈਏ ਵਰਗੀ ਹੈ। ਜੋ ਜੀਅ ਆਵੇ ਸੋ ਰਾਜ਼ੀ ਜਾਵੇ। ਜੇ ਉਹ ਚਾਹੁੰਦਾ ਤਾਂ ਗੁਰਮੁਖੀ-ਸ਼ਾਹਮੁਖੀ ਦੇ ਸਭ ਤੋਂ ਪਹਿਲਾਂ ਤਿਆਰ ਕੀਤੇ ਕਨਵਰਸ਼ਨ ਟੂਲ ਨਾਲ ਜੇਬਾਂ ਭਰ ਸਕਦਾ ਸੀ ਜਿਵੇਂ ਕਿ ਉਹਦੀ ਹੀ ਨਕਲ ਕਰ ਕੇ ਕਈ ਯੂਨੀਵਰਸਿਟੀਏ ‘ਵਿਦਵਾਨ’ ਭਰਨ ਲੱਗ ਪਏ ਸਨ! ਪੰਨੂੰ ਪੈਸੇ ਕਮਾਉਣ ਦੀ ਜਿੱਲ੍ਹਣ ਵਿਚ ਨਹੀਂ ਖੁੱਭਾ ਤੇ ਇਹੋ ਕਾਰਨ ਹੈ ਕਿ ਉਹ ਕੰਪਿਊਟਰ ਦਾ ਭਾਈ ਘਨੱਈਆ ਵੱਜਦਾ ਹੈ।
ਹੁਣ ਕਿਸੇ ਦਾ ਕੰਪਿਊਟਰ ਬਿਮਾਰ ਹੋ ਜਾਵੇ ਤਾਂ ਉਹ ਵੈਦ ਰੋਗੀਆਂ ਦਾ ਬਣ ਕੇ ਬਹੁੜਦਾ ਹੈ। ਕਿਸੇ ਨੇ ਕੰਪਿਊਟਰ ਦੀ ਜਾਚ ਸਿੱਖਣੀ ਹੋਵੇ ਤਾਂ ਉਹ ਹਰ ਵੇਲੇ ਹਾਜ਼ਰ ਹੁੰਦਾ ਹੈ। ਕਿਤਾਬਾਂ ਦੇ ਖਰੜੇ ਛਪਾਈ ਲਈ ਤਿਆਰ ਕਰ ਦਿੰਦਾ ਹੈ। ਇੰਜ ਪੰਜਾਬੀ ਦੀਆਂ ਸੈਂਕੜੇ ਕਿਤਾਬਾਂ ਉਸ ਦੀ ਨਿਸ਼ਕਾਮ ਸੇਵਾ ਨਾਲ ਛਪੀਆਂ ਹਨ। ਵੀਹ ਪੱਚੀ ਕਿਤਾਬਾਂ ਤਾਂ ਮੇਰੀਆਂ ਹੀ ਹੋਣਗੀਆਂ। ਵੱਡਾ ਛੋਟਾ ਕੋਈ ਵੀ ਸਵਾਲੀ ਹੋਵੇ ਉਹਦੇ ਮਸਲੇ ਦਾ ਹੱਲ ਕਰਨ ਲਈ ਉਹ ਹਮੇਸ਼ਾਂ ਤਤਪਰ ਰਹਿੰਦਾ ਹੈ। ਸਾਡੀ ਦੁਆ ਹੈ ਉਹ ਸਿਹਤਯਾਬ ਰਹੇ, ਸੌ ਸਾਲ ਜੀਵੇ ਤੇ ਆਪਣੀ ਸਵੈਜੀਵਨੀ ਵੀ ਲਿਖਣ ਲਈ ਵੀ ਕੁਝ ਸਮਾਂ ਕੱਢੇ। ਸਾਨੂੰ ਯਕੀਨ ਹੈ ਉਸ ਦੀ ਸਵੈਜੀਵਨੀ ਹੋਰਨਾਂ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ।
[email protected]