Home / ਕੈਨੇਡਾ / ਬਰੈਂਪਟਨ ਦੇ ਵਾਰਡ 7-8 ਤੋਂ ਸਿਟੀ ਕਾਊਂਸਲਰ ਉਮੀਦਵਾਰ ਮਾਰਟਿਨ ਸਿੰਘ ਦੀ ਚੋਣ-ਮੁਹਿੰਮ ਸਿਖ਼ਰ ‘ਤੇ

ਬਰੈਂਪਟਨ ਦੇ ਵਾਰਡ 7-8 ਤੋਂ ਸਿਟੀ ਕਾਊਂਸਲਰ ਉਮੀਦਵਾਰ ਮਾਰਟਿਨ ਸਿੰਘ ਦੀ ਚੋਣ-ਮੁਹਿੰਮ ਸਿਖ਼ਰ ‘ਤੇ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਚੋਣ ਦਾ ਬੁਖ਼ਾਰ ਅੱਜ ਕੱਲ੍ਹ ਸਿਖ਼ਰਾਂ ‘ਤੇ ਹੈ ਅਤੇ ਇਸ ਚੋਣ-ਬੁਖ਼ਾਰ ਦੌਰਾਨ ਇਸ ਦੇ ਵਾਰਡ ਨੰਬਰ 7-8 ਵਿਚ ਸਿਟੀ ਕਾਊਂਸਲਰ ਉਮੀਦਵਾਰ ਵਜੋਂ ਮਾਰਟਿਨ ਸਿੰਘ ਦੀ ਚੋਣ-ਮੁਹਿੰਮ ਵੀ ਸਿਖ਼ਰ ‘ਤੇ ਹੈ। ਉਹ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨਾਲ ‘ਡੋਰ-ਨੌਕਿੰਗ’ ਕਰ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹ ਵਾਰਡ 7-8 ‘ਬਰੈਮਲੀ’ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਅਤੇ ਇਸ ਵਿਚ ਬਰੈਮਲੀ ਸਿਟੀ ਸੈਂਟਰ, ਬਰੈਮਲੀ ਗੋ-ਸਟੇਸ਼ਨ ਅਤੇ ਚਿੰਗੂਆਕੂਜ਼ੀ ਪਾਰਕ ਬਰੈਂਪਟਨ ਦੇ ਮਸ਼ਹੂਰ ਨਾਂ ਸ਼ਾਮਲ ਹਨ। ਇਸ ਵਾਰਡ ਵਿਚ ਮਾਰਟਿਨ ਸਿੰਘ ਤੋਂ ਇਲਾਵਾ 8 ਹੋਰ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਮਾਰਟਿਨ ਸਿੰਘ ਬਹੁਤ ਹੀ ਸੰਜੀਦਾ, ਗਤੀਸ਼ੀਲ, ਪ੍ਰਤੀਬੱਧ, ਸੂਝਵਾਨ ਅਤੇ ਪੜ੍ਹੇ-ਲਿਖੇ ਉਮੀਦਵਾਰ ਹਨ। ਉਨ੍ਹਾਂ ਡਲਹੌਜ਼ੀ ਯੂਨੀਵਰਸਿਟੀ ਤੋਂ ਕੈਮਿਸਟਰੀ, ਕੈਮੀਕਲ ਇੰਜੀਨੀਅਰਿੰਗ ਅਤੇ ਫ਼ਾਰਮੇਸੀ ਵਿਸ਼ਿਆਂ ਵਿਚ ਵਿੱਦਿਅਕ ਤੇ ਟੈਕਨੀਕਲ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਅਤੇ ਇਨ੍ਹਾਂ ਤੋਂ ਇਲਾਵਾ ਸੇਂਟ ਮੇਰੀ ਯੂਨੀਵਰਸਿਟੀ ਤੋਂ ਐੱਮ.ਬੀ.ਏ. ਦੀ ਉਚੇਰੀ ਡਿਗਰੀ ਵੀ ਹਾਸਲ ਕੀਤੀ ਹੈ। ਫ਼ਾਰਮੇਸੀ ਦੇ ਖ਼ੇਤਰ ਵਿਚ ਉਨ੍ਹਾਂ ਦਾ ਆਪਣਾ ਹੀ ਸ਼ਾਨਦਾਰ ਮੁਕਾਮ ਹੈ। ਓਨਟਾਰੀਓ ਅਤੇ ਨੋਵਾ-ਸਕੋਸ਼ੀਆ ਵਿਚ ਉਨ੍ਹਾਂ ਦੀਆਂ ਫ਼ਾਰਮੇਸੀਆਂ ਵਿਚ 500 ਤੋਂ ਵਧੇਰੇ ਸਿੱਖਿਅਤ-ਕਾਮੇ ਕੰਮ ਕਰ ਰਹੇ ਹਨ। ਅੰਗਰੇਜ਼ੀ ਦੇ ਨਾਲ ਨਾਲ ਫ਼ਰੈਚ ਵਿਚ ਵੀ ਮਾਰਟਿਨ ਸਿੰਘ ਦੀ ਓਨੀ ਹੀ ਮੁਹਾਰਤ ਹੈ ਅਤੇ ਪੰਜਾਬੀ ਬੋਲੀ ਨਾਲ ਉਨ੍ਹਾਂ ਦਾ ਮੋਹ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦੇ ਹੋਰ ਵੀ ਨਜ਼ਦੀਕ ਲਿਆਉਂਦਾ ਹੈ। ਮਾਰਟਿਨ ਸਿੰਘ ਇਕ ਅਜਿਹੀ ਬਹੁ-ਪੱਖੀ ਸ਼ਖ਼ਸੀਅਤ ਹਨ ਜੋ ਆਪਣੇ ਕਿੱਤੇ, ਕਾਰੋਬਾਰ, ਸਮਾਜ-ਸੇਵਾ ਅਤੇ ਰਾਜਨੀਤੀ ਤੋਂ ਇਲਾਵਾ ਦੇਸ਼ ਦੀ ਸੁਰੱਖਿਆ ਪ੍ਰਤੀ ਪੂਰੀ ਸ਼ਿੱਦਤ ਨਾਲ ਸਮੱਰਪਿਤ ਅਤੇ ਪ੍ਰਤੀਬੱਧ ਹਨ। ਉਨ੍ਹਾਂ ਨੇ ‘ਕੈਨੇਡੀਅਨ ਰਿਜ਼ਰਵਜ਼’ ਵਿਚ ਬਤੌਰ ਕੈਪਟਨ ਸੇਵਾਵਾਂ ਨਿਭਾਈਆਂ ਹਨ ਅਤੇ ਇਸ ਸਮੇਂ ਬਰੈਂਪਟਨ ਵਿਚ ਸਥਿਤ 557 ਲਾਰਨ ਸਕਾਟਜ਼ ਰਾਇਲ ਕੈਨੇਡੀਅਨ ਆਰਮੀ ਕੈਡਿਟ ਕੋਰ ਵਿਚ ਆਰਮੀ ਅਫ਼ਸਰ (ਕੈਪਟਨ) ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬਾਈ ਅਤੇ ਕੌਮੀ ਪੱਧਰ ‘ਤੇ ਅਨੇਕਾਂ ਹੀ ਮੁਨਾਫ਼ੇ-ਰਹਿਤ ਬੋਰਡਾਂ ਦੇ ਵੱਖ-ਵੱਖ ਅਹੁਦਿਆਂ ਉੱਪਰ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਹ ਕਿੱਤੇ ਵਜੋਂ ਸਫ਼ਲ ਬਿਜ਼ਨੈੱਸਮੈਨ ਅਤੇ ਫ਼ਾਰਮਾਸਿਸਟ ਹਨ। ਸਮਾਜ-ਸੇਵਾ ਦਾ ਜਜ਼ਬਾ ਉਨ੍ਹਾਂ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਉਹ ਅਗਾਂਹ-ਵਧੂ ਸੋਚ, ਸਮਾਜਿਕ ਤੇ ਆਰਥਿਕ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਅਤੇ ਨੌਜੁਆਨਾਂ ਲਈ ਯੋਗਤਾ ਦੇ ਆਧਾਰ ‘ਤੇ ਰੋਜ਼ਗਾਰ ਦੇ ਅਲੰਬਰਦਾਰ ਹਨ। ਉਹ ਜਨਤਕ ਟੈਕਸਾਂ ਦੇ ਸਦ-ਉਪਯੋਗ ਦੇ ਪੱਕੇ ਹਾਮੀ ਹਨ ਅਤੇ ਜਨਤਕ ਧੰਨ ਨੂੰ ਜਨਤਾ ਦੀ ਭਲਾਈ, ਬਰੈਂਪਟਨ ਦੇ ਵਿਕਾਸ ਅਤੇ ਕਾਰੋਬਾਰੀ ਖ਼ੇਤਰਾਂ ਵਿਚ ਪੂਰੀ ਇਮਾਨਦਾਰੀ ਨਾਲ ਲਗਾਉਣ ਦੇ ਮੁਦੱਈ ਹਨ। ਉਹ ਬਰੈਂਪਟਨ-ਵਾਸੀਆਂ ਨੂੰ ਵਧੀਆ ਰੋਜ਼ਗਾਰ, ਮਿਆਰੀ ਜੀਵਨ ਅਤੇ ਸੁਰੱਖਿਆ ਮੁਹੱਈਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਬਰੈਂਪਟਨ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਬਾਰੇ ਗੱਲ ਕਰਦਿਆਂ ਮਾਰਟਿਨ ਸਿੰਘ ਨੇ ਦੱਸਿਆ ਕਿ ਉਹ ਇਸ ਸ਼ਹਿਰ ਦੇ ਵਾਸੀਆਂ ਨੂੰ ਦਰਪੇਸ਼ ਮਸਲੇ ਸਿਟੀ-ਹਾਲ ਵਿਚ ਜ਼ੋਰਦਾਰ ਢੰਗ ਨਾਲ ਉਠਾਉਣਗੇ ਅਤੇ ਇਨ੍ਹਾਂ ਦੇ ਹੱਲ ਲਈ ਪੂਰੀ ਵਾਹ ਲਾਉਣਗੇ। ਉਹ ਨੌਜਵਾਨਾਂ ਨੂੰ ਸਾਰਥਿਕ ਰੁਝੇਵੇਂ ਦੇਣ ਨੂੰ ਪਹਿਲ ਦੇਣਗੇ, ਸਿਟੀ-ਹਾਲ ਵਿਚ ਵਿੱਤੀ-ਮਾਮਲਿਆਂ ਦੀ ਜ਼ਿੰਮੇਵਾਰੀ ਫ਼ਿਕਸ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਬਰੈਂਪਟਨ-ਵਾਸੀਆਂ ਲਈ ਜਨਤਕ-ਸੇਵਾਵਾਂ ਅਤੇ ਸਾਧਨਾਂ ਦੀ ਪਹੁੰਚ ਯਕੀਨੀ ਬਨਾਉਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਜ਼ਨੈੱਸ ਦੇ ਤਜਰਬੇ ਅਤੇ ਨੈੱਟ-ਵਰਕ ਦੀ ਸੁਯੋਗ ਵਰਤੋਂ ਕਰਦਿਆਂ ਹੋਇਆਂ ਬਰੈਂਪਟਨ ਵਿਚ ਵਧੀਆ ਨੌਕਰੀਆਂ ਲਿਆਉਣ ਦੀ ਕੋਸ਼ਿਸ਼ ਕਰਨਗੇ। ਬਰੈਂਪਟਨ-ਵਾਸੀਆਂ ਦੀ ਸੁਰੱਖਿਆ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਬਰੈਂਪਟਨ ਵਿਚ ਅਪਰਾਧਾਂ ਤੇ ਹਿੰਸਾ ਦੀ ਗਿਣਤੀ ਵਿਚ ਵਾਧਾ ਹੋ ਜਾਣ ਕਾਰਨ ਇਨ੍ਹਾਂ ਦੀ ਰੋਕਥਾਮ ਲਈ ਉਹ ਪੀਲ ਰੀਜਨ ਦੀ ਪੋਲੀਸ ਵਿਚੋਂ ਬਣਦਾ ਯੋਗ ਹਿੱਸਾ ਲੈਣ ਲਈ ਵਚਨਬੱਧ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਮਾਰਟਿਨ ਸਿੰਘ ਸਿੱਖ ਧਰਮ ਦੇ ਫ਼ਲਸਫ਼ੇ, ਉੱਚੇ-ਸੁੱਚੇ ਉਦੇਸ਼ਾਂ ਅਤੇ ਮਾਨਵਵਾਦੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਸਿੰਘ ਸੱਜੇ ਹਨ। ਸਿੱਖ ਧਰਮ ਹਾਮੀ ਹੋਣ ਦੇ ਬਾਵਜੂਦ ਉਹ ਆਪਣੇ ਹਰ-ਦਿਲ ਅਜ਼ੀਜ਼ ਚਿਹਰੇ-ਮੋਹਰੇ, ਨਿੱਘੇ ਵਰਤਾਅ ਅਤੇ ਲੋਕ-ਪੱਖੀ ਕਿੱਤੇ ਕਰਕੇ ਕੈਨੇਡਾ ਦੇ ਹਰੇਕ ਵਰਗ, ਧਰਮ, ਰੰਗ, ਜ਼ਾਤ, ਫ਼ਿਰਕੇ ਅਤੇ ਇਲਾਕੇ ਦੇ ਲੋਕਾਂ ਵਿਚ ਮਕਬੂਲ ਹਨ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਕਦੇ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਕਿਸੇ ਵੀ ਸਮੇਂ ਬਗ਼ੈਰ ਦਲੀਲ ਦੇ ਗੱਲ ਕਰ ਰਹੇ ਹੋਣ। ਕਿਸੇ ਵਿਅੱਕਤੀ ਦੀ ਸਾਫ਼-ਸੁਥਰੀ ਵਾਰਤਾਲਾਪ ਆਪਣੇ ਆਪ ਵਿਚ ਹੀ ਉਸ ਦੇ ਸਾਫ਼-ਦਿਲ ਇਨਸਾਨ ਹੋਣ ਦੀ ਪੱਕੀ ਨਿਸ਼ਾਨੀ ਹੈ।
ਮਾਰਟਿਨ ਸਿੰਘ ਦੀ ਪਤਨੀ ਅਮਨਦੀਪ ਕੌਰ, ਦੋ ਬੇਟੇ ਅਤੇ ਇਕ ਬੇਟੀ ਨਾ ਸਿਰਫ਼ ਉਨ੍ਹਾਂ ਦੀ ਬਹੁ-ਪੱਖੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹਨ, ਬਲਕਿ ਉਨ੍ਹਾਂ ਦੀ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਊਰਜਾ ਦੇ ਸ੍ਰੋਤ ਵੀ ਹਨ। ਇਕ ਖ਼ੂਬਸੂਰਤ, ਸੋਹਣੀ, ਸੁਨੱਖੀ ਸ਼ਖ਼ਸੀਅਤ ਦੇ ਮਾਲਕ ਮਾਰਟਿਨ ਸਿੰਘ ਨੂੰ ਵਾਕਿਆ ਈ ਪ੍ਰਮਾਤਮਾ ਨੇ ਬਹੁਤ ਸਾਰੇ ਗੁਣਾਂ ਅਤੇ ਚੰਗਿਆਈਆਂ ਨਾਲ ਨਿਵਾਜਿਆ ਹੈ। ਰੱਬ ਕਰੇ! ਉਹ ਆਪਣੇ ਇਸ ਮਿਸ਼ਨ ਵਿਚ ਕਾਮਯਾਬ ਹੋਣ ਅਤੇ ਬਰੈਂਪਟਨ-ਵਾਸੀਆਂ ਦੀਆਂ ਆਸਾਂ ਤੇ ਉਮੀਦਾਂ ਉੱਪਰ ਪੂਰੇ ਉੱਤਰ ਕੇ ਉਨ੍ਹਾਂ ਦੀ ਦਿਲ ਲਾ ਕੇ ਸੇਵਾ ਕਰਨ।

Check Also

ਕਿਸਾਨਾਂ ਦੇ ਹੱਕ ਵਿੱਚ ਆਈਆਂ ਸੀਨੀਅਰਜ਼ ਕਲੱਬਾਂ

ਬਰੈਂਪਟਨ/ਬਿਊਰੋ ਨਿਊਜ਼ : ਬੜੇ ਲੰਬੇ ਸਮੇਂ ਤੋਂ ਕਿਸਾਨ ਭਾਰਤ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ …