ਕਿਹਾ, ਸਿੱਧੂ ਮੇਰਾ ਵੱਡਾ ਭਰਾ ਅਤੇ ਅਸੀਂ ਮਿਲ ਕੇ ਪਾਰਟੀ ਲਈ ਕਰਾਂਗੇ ਕੰਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਸਰਕਾਰ ਦੇ 70 ਦਿਨਾਂ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ 50 ਫੈਸਲਿਆਂ ਬਾਰੇ ਦੱਸਿਆ ਜਿਨ੍ਹਾਂ ਨੂੰ ਸਰਕਾਰ ਵੱਲੋਂ ਲਾਗੂ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ 36 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਕਾਨੂੰਨ ਬਣਾ ਦਿੱਤਾ ਗਿਆ ਹੈ। ਰਾਜਪਾਲ ਤੋਂ ਮਨਜ਼ੂਰੀ ਮਿਲਦੇ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਦਰਜਾ ਚਾਰ ਦੇ ਕਰਮਚਾਰੀਆਂ ਦੀ ਨਿਯੁਕਤੀ ਵੀ ਹੁਣ ਰੈਗੂਲਰ ਹੋਵੇਗੀ, ਉਨ੍ਹਾਂ ਨੂੰ ਕੰਟਰੈਕਟ ’ਤੇ ਨਹੀਂ ਰੱਖਿਆ ਜਾਵੇਗਾ। ਚੰਨੀ ਨੇ ਇਹ ਵੀ ਦੱਸਿਆ ਕਿ ਪਹਿਲਾਂ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਨੌਕਰੀ ਦਿੱਤੀ ਜਾਂਦੀ ਸੀ ਪ੍ਰੰਤੂ ਹੁਣ ਜੇਕਰ ਨੌਕਰੀ ਕਰਦੇ ਸਮੇਂ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਗ੍ਹਾ ਪਤੀ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਨਾਲ ਸਬੰਧਤ ਕਾਨੂੰਨ ਅਸੀਂ ਜਲਦੀ ਹੀ ਲੈ ਕੇ ਆ ਰਹੇ ਹਾਂ। ਉਨ੍ਹਾਂ ਨਵਜੋਤ ਸਿੱਧੂ ਨਾਲ ਚੱਲ ਰਹੇ ਵਿਵਾਦ ਨੂੰ ਲੈ ਕੇ ਕਿਹਾ ਕਿ ਸਿੱਧੂ ਮੇਰਾ ਵੱਡਾ ਭਰਾ ਹੈ ਅਤੇ ਉਹ ਸਾਡੀ ਪਾਰਟੀ ਦੇ ਪ੍ਰਧਾਨ ਹਨ। ਅਸੀਂ ਦੋਵੇਂ ਹੀ ਪਾਰਟੀ ਦੇ ਅਧੀਨ ਕੰਮ ਕਰਦੇ ਹਾਂ, ਜੋ ਪਾਰਟੀ ਕਹੇਗੀ ਅਸੀਂ ਉਹੀ ਕਰਾਂਗੇ। ਉਨ੍ਹਾਂ ਨੇ ਕੰਮ ਨਾ ਹੋਣ ’ਤੇ ਇਤਰਾਜ਼ ਪ੍ਰਗਟ ਕੀਤਾ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਆਪਣੇ 70 ਦਿਨਾਂ ਦੇ ਅੰਦਰ ਕਾਫ਼ੀ ਕੰਮ ਕਰਕੇ ਦਿਖਾ ਦਿੱਤੇ ਹਨ। ਜਿਸ ਤੋਂ ਨਵਜੋਤ ਸਿੰਘ ਸਿੱਧੂ ਨੂੰ ਵੀ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿਤਾਂ ਲਈ ਕੰਮ ਕੀਤਾ ਜਾ ਰਿਹਾ ਹੈ।