-2 C
Toronto
Saturday, December 20, 2025
spot_img
Homeਕੈਨੇਡਾਜੀ-7 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਤੋਂ ਬਾਅਦ ਟਰੂਡੋ ਓਟਵਾ ਦੇ ਹੋਟਲ...

ਜੀ-7 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਤੋਂ ਬਾਅਦ ਟਰੂਡੋ ਓਟਵਾ ਦੇ ਹੋਟਲ ‘ਚ ਖੁਦ ਨੂੰ ਕਰਨਗੇ ਕੁਆਰਨਟੀਨ

ਟੋਰਾਂਟੋ/ਬਿਊਰੋ ਨਿਊਜ਼ : ਯੂਰਪ ਦੇ ਦੌਰੇ ਤੋਂ ਪਰਤਣ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਆਰਨਟੀਨ ਦਾ ਆਪਣਾ ਸਮਾਂ ਓਟਵਾ ਦੇ ਹੋਟਲ ਵਿੱਚ ਗੁਜ਼ਾਰਨਗੇ। ਇਹ ਕੌਮਾਂਤਰੀ ਏਅਰ ਟਰੈਵਲਰਜ਼ ਲਈ ਸਰਕਾਰ ਵੱਲੋਂ ਨਿਰਧਾਰਤ ਹੋਟਲਾਂ ਵਿੱਚੋਂ ਇੱਕ ਨਹੀਂ ਹੈ। ਟਰੂਡੋ ਕੌਰਨਵਾਲ ਵਿੱਚ ਹੋਣ ਜਾ ਰਹੇ ਜੀ-7 ਆਗੂਆਂ ਦੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਇਸ ਹਫਤੇ ਦੇ ਅੰਤ ਵਿੱਚ ਯੂ ਕੇ ਜਾ ਰਹੇ ਹਨ। ਫਰਵਰੀ 2020 ਵਿੱਚ ਇਥੋਪੀਆ, ਸੈਨੇਗਲ, ਕੁਵੈਤ ਤੇ ਜਰਮਨੀ ਦਾ ਵਿਦੇਸ਼ ਦੌਰਾ ਕਰਨ ਤੋਂ ਬਾਅਦ ਟਰੂਡੋ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ। ਇਸ ਸਮੇਂ ਜਿੰਨੇ ਵੀ ਕੌਮਾਂਤਰੀ ਏਅਰ ਪੈਸੈਂਜਰਜ਼ ਟੋਰਾਂਟੋ, ਮਾਂਟਰੀਅਲ, ਕੈਲਗਰੀ ਤੇ ਵੈਨਕੂਵਰ ਉਤਰਦੇ ਹਨ ਉਨ੍ਹਾਂ ਨੂੰ ਏਅਰਪੋਰਟਸ ਦੇ ਨੇੜੇ ਸਰਕਾਰ ਵੱਲੋਂ ਨਿਰਧਾਰਤ ਹੋਟਲਾਂ ਵਿੱਚ ਕੁਆਰਨਟੀਨ ਹੋਣਾ ਪੈਂਦਾ ਹੈ। ਇੱਥੇ ਰਹਿ ਕੇ ਹੀ ਉਨ੍ਹਾਂ ਨੂੰ ਆਪਣੇ ਕੋਵਿਡ-19 ਟੈਸਟ ਦੀ ਉਡੀਕ ਕਰਨੀ ਪੈਂਦੀ ਹੈ। ਟਰੂਡੋ ਤੇ ਉਨ੍ਹਾਂ ਨਾਲ ਸਫਰ ਕਰਨ ਵਾਲੇ ਵਫਦ, ਜਿਸ ਵਿੱਚ ਮੀਡੀਆ ਮੈਂਬਰ ਵੀ ਸ਼ਾਮਲ ਹੋਣਗੇ, ਦੇ ਮੈਂਬਰ ਪ੍ਰਾਈਵੇਟ ਜਹਾਜ਼ ਰਾਹੀਂ ਓਟਵਾ ਪਰਤਣਗੇ ਤੇ ਉੱਥੇ ਉਨ੍ਹਾਂ ਲਈ ਇੱਕ ਹੋਟਲ ਤਿਆਰ ਹੋਵੇਗਾ ਜਿੱਥੇ ਉਹ ਕੁਆਰਨਟੀਨ ਕਰਨਗੇ। ਇਸ ਦੌਰਾਨ ਕੰਸਰਵੇਟਿਵਾਂ ਵੱਲੋਂ ਪ੍ਰਧਾਨ ਮੰਤਰੀ ਉੱਤੇ ਆਰੋਪ ਲਾਇਆ ਜਾ ਰਿਹਾ ਹੈ ਕਿ ਉਹ ਵਿਸ਼ੇਸ਼ ਟਰੀਟਮੈਂਟ ਚਾਹੁੰਦੇ ਹਨ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਪ੍ਰੈਜ਼ੀਡੈਂਟ ਇਆਨ ਸਟੀਵਰਟ ਦਾ ਕਹਿਣਾ ਹੈ ਕਿ ਏਜੰਸੀ ਵੱਲੋਂ ਪ੍ਰਧਾਨ ਮੰਤਰੀ ਨੂੰ ਕੁਆਰਨਟੀਨ ਕੀਤੇ ਜਾਣ ਲਈ ਕਈ ਬਦਲ ਪੇਸ਼ ਕੀਤੇ ਗਏ ਸਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਵੱਲੋਂ ਕਿਹੜਾ ਬਦਲ ਚੁਣਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਫੈਸਲਾ ਪੀ ਐਚ ਏ ਸੀ ਵੱਲੋਂ ਨਹੀਂ ਲਿਆ ਗਿਆ।

 

RELATED ARTICLES
POPULAR POSTS