Breaking News
Home / ਕੈਨੇਡਾ / ਵਾਤਾਵਰਣ ਮੰਤਰੀ ਕੈਥਰੀਨ ਨੇ ਕੈਨੇਡਾ ਦੇ ਵਾਤਾਵਰਣ ਨੂੰ ਹੋਰ ਬਿਹਤਰ ਬਣਾਉਣ ਲਈ ਫੰਡਿੰਗ ਦਾ ਕੀਤਾ ਐਲਾਨ

ਵਾਤਾਵਰਣ ਮੰਤਰੀ ਕੈਥਰੀਨ ਨੇ ਕੈਨੇਡਾ ਦੇ ਵਾਤਾਵਰਣ ਨੂੰ ਹੋਰ ਬਿਹਤਰ ਬਣਾਉਣ ਲਈ ਫੰਡਿੰਗ ਦਾ ਕੀਤਾ ਐਲਾਨ

ਸੋਨੀਆ ਸਿੱਧੂ ਵੀ ‘ਨਾਨ-ਪਰਾਫ਼ਿਟ ਫ਼ਾਰੈੱਸਟ ਓਨਟਾਰੀਓ’ ਦੀ ਮਦਦ ਲਈ ਅੱਗੇ ਆਏ
ਔਟਵਾ : ਵਾਤਾਵਰਣ ਮੰਤਰੀ ਕੈਥਰੀਨ ਮੈੱਕਾਨਾ ਨੇ 5 ਜੂਨ ਦੀ ਸਵੇਰ ਨੂੰ ਕੈਨੇਡਾ ਦੇ ਹਰਿਆਵਲੇ ਵਾਤਾਵਰਣ ਨੂੰ ਹੋਰ ਸਿਹਤਮੰਦ ਬਨਾਉਣ ਲਈ ਫ਼ੈੱਡਰਲ ਫੰਡਿੰਗ ਦਾ ਐਲਾਨ ਕਰਕੇ ਸੰਸਾਰ-ਭਰ ਵਿਚ ਮਨਾਏ ਜਾਂਦੇ ‘ਵਾਤਾਵਰਣ-ਦਿਵਸ’ ਦੀ ਸ਼ੁਭ-ਸ਼ੁਰੂਆਤ ਕੀਤੀ। ਇਸ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਉਨ੍ਹਾਂ ਦੇ ਨਾਲ ‘ਨਾਨ-ਪਰਾਫ਼ਿਟ ਫ਼ਾਰੈੱਸਟ ਓਨਟਾਰੀਓ’ ਦੀ ਮਦਦ ਲਈ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਵਾਤਾਵਰਣ ਮੰਤਰੀ ਦੇ ਇਸ ਮਹੱਤਵਪੂਰਨ ਐਲਾਨ ਨਾਲ ‘ਫ਼ਾਰੈੱਸਟ ਓਨਟਾਰੀਓ’ ਦੀ ਸਾਲ 2025 ਤੀਕ 50 ਮਿਲੀਅਨ ਰੁੱਖ ਲਗਾਉਣ ਦੀ ਯੋਜਨਾ ਲਈ ਕੈਨੇਡਾ ਸਰਕਾਰ ਆਉਂਦੇ ਚਾਰ ਸਾਲਾਂ ਲਈ 15 ਮਿਲੀਅਨ ਡਾਲਰ ਪੂੰਜੀ-ਨਿਵੇਸ਼ ਕਰਨ ਲਈ ਵਚਨਬੱਧ ਹੋਈ ਹੈ। ਫ਼ੈੱਡਰਲ ਵਾਤਾਵਰਣ ਮੰਤਰੀ ਕੈਥਰੀਨ ਮੈੱਕਾਨਾ ਵੱਲੋਂ ਇਹ ਅਹਿਮ ਐਲਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਅਤੇ ਉਸ ਦੀ ਕੰਸਰਵੇਟਿਵ ਸਰਕਾਰ ਵੱਲੋਂ ਸੂਬੇ ਦੇ 50 ਮਿਲੀਅਨ ਰੁੱਖ ਲਗਾਉਣ ਵਾਲੇ ਪ੍ਰੋਗਰਾਮ ਦੇ ਕੈਂਸਲ ਕਰਨ ਤੋਂ ਬਾਅਦ ਕੀਤਾ ਗਿਆ ਹੈ।
ਤੰਦਰੁਸਤ ਵਾਤਾਵਰਣ ਲਈ ਫ਼ੈੱਡਰਲ ਸਰਕਾਰ ਇਹ ਪੂੰਜੀ-ਨਿਵੇਸ਼ ਲੋਕਾਂ ਨੂੰ ਸਾਫ਼ ਹਵਾ ਤੇ ਸਵੱਛ ਵਾਤਾਵਰਣ ਪ੍ਰਦਾਨ ਕਰਨ ਲਈ ਨਿਵੇਸ਼ ਕਰ ਰਹੀ ਹੈ ਅਤੇ ਸਰਕਾਰ ਦਾ ਇਹ ਕਦਮ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਦੇ ਲਈ ਹੈ। ਇਸ ਮੌਕੇ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੰਤਰੀ ਕੈਥਰੀਨ ਮੈੱਕਾਨਾ ਨੇ ਕਿਹਾ, ”ਤੰਦਰੁਸਤ ਵਾਤਾਵਰਣ ਸਾਡੇ ਕੈਨੇਡਾ ਦੇ ਤੰਦਰੁਸਤ ਅਰਥਚਾਰੇ ਦੀ ਕੁੰਜੀ ਹੈ। ਵਾਤਾਵਰਣ ਦੇ ਖ਼ਰਾਬ ਹੋਣ ਦੇ ਵਿਰੁੱਧ ਲੜਾਈ ਲਈ ਪੂੰਜੀ ਨਿਵੇਸ਼ ਕਰਕੇ ਅਸੀਂ ਆਪਣੇ ਖ਼ੁਸ਼ਹਾਲ ਭਵਿੱਖ ਲਈ ਨਿਵੇਸ਼ ਕਰ ਰਹੇ ਹਾਂ।” ਇਸ ਦੌਰਾਨ ਸੋਨੀਆ ਸਿੱਧੂ ਦਾ ਕਹਿਣਾ ਸੀ, ”ਹੁਣ ਜਦੋਂ ਓਨਟਾਰੀਓ ਦੀ ਕੰਸਰਵੇਟਿਵ ਸਰਕਾਰ ਨੇ ਰੁੱਖ ਲਗਾਉਣ ਵਰਗੇ ਮਹੱਤਵਪੂਰਨ ਕਾਰਜ ਲਈ ਫ਼ੰਡਿੰਗ ਕਰਨ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ, ਸਾਡੀ ਫ਼ੈੱਡਰਲ ਸਰਕਾਰ ਚੁੱਪ ਕਰਕੇ ਨਹੀਂ ਬੈਠੀ ਹੈ।
ਸਰਕਾਰ ਦੀ ਇਹ ਫ਼ੰਡਿੰਗ ਨਾ ਕੇਵਲ ਫ਼ੋਰਡ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤੇ ਗਏ ਮਹੱਤਵਪੂਰਨ ਕੰਮ ਨੂੰ ਅੱਗੇ ਲਿਜਾਏਗੀ, ਸਗੋਂ ਇਹ ਯਕੀਨੀ ਬਣਾਏਗੀ ਕਿ ਸਾਡੇ ਬੱਚਿਆਂ ਨੂੰ ਸਾਹ ਲੈਣ ਲਈ ਸਾਫ਼-ਸੁਥਰੀ ਹਵਾ ਮਿਲੇ ਅਤੇ ਰਹਿਣ ਲਈ ਸਵੱਛ ਵਾਤਾਵਰਣ ਪ੍ਰਾਪਤ ਹੋਵੇ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …