Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਬਾਬਾ ਨਜ਼ਮੀ ਨਾਲ ਰਚਾਇਆ ਭਾਵਪੂਰਤ ਰੂ-ਬ-ਰੂ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਬਾਬਾ ਨਜ਼ਮੀ ਨਾਲ ਰਚਾਇਆ ਭਾਵਪੂਰਤ ਰੂ-ਬ-ਰੂ

ਬਾਬਾ ਨਜ਼ਮੀ ਨੇ ਕਵਿਤਾਵਾਂ ਨਾਲ ਸਰੋਤਿਆਂ ਨੂੰ ਕੀਤਾ ਸਰਸ਼ਾਰ
ਬਰੈਂਪਟਨ/ਡਾ. ਝੰਡ : ਪਿਛਲੇ ਹਫਤੇ 24 ਜੁਲਾਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਨਾਲ ਸ਼ੇਰਗਿੱਲ ਲਾਅ ਆਫਿਸ ਦੇ ਮੀਟਿੰਗ-ਹਾਲ ਵਿਚ ਭਾਵਪੂਰਤ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਪੰਜਾਬੀ ਕਮਿਊਨਿਟੀ ਦੀ ਉੱਘੀ ਸ਼ਖ਼ਸੀਅਤ ਡਾ. ਪਰਗਟ ਸਿੰਘ ਬੱਗਾ ਅਤੇ ਸਭਾ ਦੇ ਇਸਤਰੀ-ਵਿੰਗ ਦੀ ਕੋਆਰਡੀਨੇਟਰ ਹਰਜਸਪ੍ਰੀਤ ਗਿੱਲ ਸ਼ਾਮਲ ਸਨ।
ਸੱਭ ਤੋਂ ਪਹਿਲਾਂ ਪਾਕਿਸਤਾਨ ਦੇ ਨਾਮਵਰ ਸ਼ਾਇਰ ਬਾਬਾ ਨਜ਼ਮੀ ਜੀ ਬਾਰੇ ਸੰਖੇਪ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਗਈ। ਉਪਰੰਤ, ਬਾਬਾ ਨਜਮੀ ਜੀ ਨੇ ਆਪਣੇ ਬਾਰੇ ਅਤੇ ਆਪਣੀ ਸ਼ਾਇਰੀ ਅਤੇ ਪਾਕਿਸਤਾਨ ਵਿਚ ਪੰਜਾਬੀ ਬਾਰੇ ਰੌਸ਼ਨੀ ਪਾਉਂਦਿਆਂ ਹੋਇਆਂ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਦਿੱਤੀ ਗਈ।
ਇਸ ਦੌਰਾਨ ਕਈ ਸਰੋਤਿਆਂ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਬਾਬਾ ਨਜ਼ਮੀ ਵੱਲੋਂ ਬਾਖੂਬੀ ਕੀਤੇ ਗਏ। ਸਮਾਗਮ ਵਿਚ ਟੋਰਾਂਟੋ ਏਰੀਏ ਦੇ ਜਾਣੇ-ਪਛਾਣੇ ਗਾਇਕ ਇਕਬਾਲ ਬਰਾੜ ਅਤੇ ਰਿੰਟੂ ਭਾਟੀਆ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਗੀਤਾਂ ਰਾਹੀਂ ਬਾਬਾ ਨਜ਼ਮੀ ਨੂੰ ਜੀ-ਆਇਆਂ ਕਿਹਾ।
ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਡਾ. ਪਰਗਟ ਸਿੰਘ ਬੱਗਾ ਵੱਲੋਂ ਆਪਣੇ ਨਿਵੇਕਲੇ ਅੰਦਾਜ਼ ਵਿਚ ਦੋਹਾਂ ਪੰਜਾਬਾਂ ਦੀ ਸਾਂਝੀ ਕੜੀ ਪੰਜਾਬੀ-ਬੋਲੀ ਬਾਰੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਦੇ ਅਖੀਰ ਵੱਲ ਵੱਧਦਿਆਂ ਬਲਰਾਜ ਚੀਮਾ ਵੱਲੋਂ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਬਾਬਾ ਨਜ਼ਮੀ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਗਿਆਨ ਸਿੰਘ ਦਰਦੀ ਵੱਲੋਂ ਆਪਣਾ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਅਕਾਸ਼ ਗੰਗਾ’ ਬਾਬਾ ਨਜਮੀ ਜੀ ਨੂੰ ਸਤਿਕਾਰ ਸਹਿਤ ਭੇਂਟ ਕੀਤਾ ਗਿਆ। ਸਮਾਗਮ ਦੇ ਅਖ਼ੀਰ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸਰਗਰਮ ਮੈਂਬਰ ਮਕਸੂਦ ਚੌਧਰੀ ਨੇ ਸਭਾ ਵੱਲੋਂ ਬਾਬਾ ਨਜ਼ਮੀ ਦਾ ਮਾਣ-ਸਨਮਾਨ ਤੁੱਛ ਜਿਹੀ ਰਾਸ਼ੀ ਨਾਲ ਕੀਤਾ ਗਿਆ। ਇਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਨਿਭਾਈ ਗਈ ਅਤੇ ਵੱਡੀ ਗਿਣਤੀ ਵਿਚ ਲਈਆਂ ਗਈਆਂ ਸਮਾਗਮ ਦੀਆਂ ਤਸਵੀਰਾਂ ਤੇ ਵੀਡੀਓ ਦੀ ਸੇਵਾ ਕਰਾਊਨ ਇੰਮੀਗਰੇਸ਼ਨ ਦੇ ਕਰਤਾ-ਧਰਤਾ ਰਾਜਪਾਲ ਸਿੰਘ ਹੋਠੀ ਵੱਲੋਂ ਕੀਤੀ ਗਈ।
ਸਮਾਗਮ ਵਿਚ ਪਿਆਰਾ ਸਿੰਘ ਕੁੱਦੋਵਾਲ, ਹਰਜੀਤ ਗਿੱਲ, ਬਲਦੇਵ ਸਿੰਘ ਰਹਿਪਾ, ਚਰਨਜੀਤ ਸਿੰਘ ਪੱਡਾ, ਸਰਬਜੀਤ ਸਿੰਘ ਭੱਟੀ, ਅਨਿਲ ਸ਼ਰਮਾ, ਸੁਖਦੇਵ ਸਿੰਘ ਬੇਦੀ, ਡਾ. ਜਗਮੋਹਨ ਸਿੰਘ ਸੰਘਾ, ਹਰਪਾਲ ਸਿੰਘ ਭਾਟੀਆ, ਜਰਨੈਲ ਸਿੰਘ ਮੱਲ੍ਹੀ, ਮਨਦੀਪ ਔਜਲਾ, ਮਦਨ ਬੰਗਾ ਸੁਰਜੀਤ ਕੌਰ, ਪੁਸ਼ਪਿੰਦਰ ਕੌਰ, ਪ੍ਰਭਮੂਨ ਕੌਰ, ਹਰਜਿੰਦਰ ਕੌਰ ਸਮੇਤ ਕਈ ਹੋਰ ਸ਼ਾਮਲ ਸਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …