Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਤੀਆਂ ਦਾ ਮੇਲਾ

ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਤੀਆਂ ਦਾ ਮੇਲਾ

ਬਰੈਂਪਟਨ/ਹਰਜੀਤ ਬੇਦੀ : ਕੋਵਿਡ ਮਹਾਂਮਾਰੀ ਤੋਂ ਉਭਰਨ ਤੋਂ ਬਾਅਦ ਸਮਾਜਿਕ ਸਰਗਰਮੀਆਂ ਸ਼ੁਰੂ ਹੋਣ ਤੇ ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਸਰਗਰਮੀਆਂ ਜਾਰੀ ਹਨ। ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਪ੍ਰੋਗਰਾਮ ਸਮੇਂ ਇੱਕ ਸੌ ਤੋਂ ਵੱਧ ਮੈਂਬਰਾਂ ਦੁਆਰਾ ਟੂਰ ਲਾਇਆ ਗਿਆ। ਸਰਗਰਮੀਆਂ ਜਾਰੀ ਰੱਖਣ ਦੀ ਕੜੀ ਵਜੋਂ ਲੰਘੇ ਵੀਕ-ਐਂਡ ਤੇ ਕਲੱਬ ਵਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ। ਤੀਆਂ ਦਾ ਪ੍ਰੋਗਰਾਮ ਸਫਲ ਬਣਾਉਣ ਲਈ ਮਹਿੰਦਰ ਕੌਰ ਪੱਡਾ, ਬੇਅੰਤ ਕੌਰ, ਬਲਜੀਤ ਕੌਰ ਗਰੇਵਾਲ, ਸੁਰਿੰਦਰ ਕੌਰ, ਹਰਵਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਮੁੱਖ ਭੂਮਿਕਾ ਨਿਭਾਈ। ਰੈੱਡ ਵਿੱਲੋ ਪਾਰਕ ਬਰੈਂਪਟਨ ਵਿੱਚ ਤੀਆਂ ਦਾ ਇਹ ਪ੍ਰੋਗਰਾਮ ਬਾਰਾਂ ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਨਿਰਵਿਘਨ ਚਲਦਾ ਰਿਹਾ। ਇਸ ਪ੍ਰੋਗਰਾਮ ਵਿੱਚ ਛੋਟੀ ਉਮਰ ਦੀਆਂ ਬੱਚੀਆਂ ਤੋਂ ਲੈ ਕੇ ਬਜੁਰਗ ਔਰਤਾਂ ਨੇ ਆਨੰਦ ਮਾਣਿਆ। ਮਾਲਵੇ, ਮਾਝੇ ਤੇ ਦੁਆਬੇ ਦੀ ਬੋਲੀ ਦੇ ਰੰਗ ਵਿੱਚ ਰੰਗੇ ਬੋਲੀਆਂ ਤੇ ਗੀਤਾਂ ਅਤੇ ਗਿੱਧੇ ਦੀ ਧਮਕ ਨੇ ਇਸ ਪ੍ਰੋਗਰਾਮ ਨੂੰ ਲਗਾਤਾਰ ਮਨੋਰੰਜਕ ਬਣਾਈ ਰੱਖਿਆ। ਇਸ ਤੀਆਂ ਦੇ ਮੇਲੇ ਨੇ ਜਿੱਥੇ ਸੀਨੀਅਰ ਔਰਤਾਂ ਨੂੰ ਉਹਨਾਂ ਦੇ ਬਚਪਨ ਅਤੇ ਬੀਤੇ ਸਮੇਂ ਦੀਆਂ ਯਾਦਾਂ ਚੇਤੇ ਕਰਵਾਈਆਂ ਉੱਥੇ ਬੱਚੀਆਂ ਨੂੰ ਆਪਣੇ ਵਿਰਸੇ ਦੇ ਤਿਉਹਾਰਾਂ ਨਾਲ ਜੋੜਿਆ। ਗੀਤ ਬੋਲੀਆਂ ਅਤੇ ਗਿੱਧੇ ਦੇ ਨਾਲ ਨਾਲ ਖਾਣ-ਪੀਣ ਦਾ ਪ੍ਰੋਗਰਾਮ ਚਲਦਾ ਰਿਹਾ। ਭਾਵੇਂ ਤੀਆਂ ਵਾਲੇ ਰਵਾਇਤੀ ਖੀਰ ਪੂੜੇ ਨਹੀਂ ਸਨ ਪਰ ਸਮੋਸੇ, ਪਨੀਰ ਪਕੌੜਾ, ਸਪਰਿੰਗ ਰੋਲ, ਬਰਫੀ ਅਤੇ ਗਜਰੇਲਾ ਦੇ ਨਾਲ, ਰੂਹ ਅਫਜਾ, ਫਰੂਟੀ ਖੁਲ੍ਹੇ ਰੂਪ ਵਿੱਚ ਵਰਤਾਏ ਗਏ। ਤੀਆਂ ਦੇ ਇਸ ਮੇਲੇ ਵਿੱਚ ਭਰਵੀਂ ਰੌਣਕ ਲੱਗੀ ਰਹੀ ਜਿਸ ਨੂੰ ਹੋਰ ਕਮਿਉਨਟਿੀਆਂ ਦੇ ਲੋਕਾਂ ਨੇ ਪ੍ਰਸੰਸਾ ਭਰੀਆਂ ਨਜ਼ਰਾਂ ਨਾਲ ਦੇਖਿਆ ਅਤੇ ਕਈਆਂ ਨੇ ਥੋੜ੍ਹੇ ਸਮੇਂ ਲਈ ਬੜੇ ਚਾਅ ਨਾਲ ਸ਼ਮੂਲੀਅਤ ਵੀ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …