ਬਰੈਂਪਟਨ/ਬਾਸੀ ਹਰਚੰਦ : ਭਾਰਤ ਦੀ ਅਜਾਦੀ ਦੇ ਸੰਘਰਸ਼ ਦੇ ਮਹਾਨ ਸਪੂਤ ਸਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਪੰਜਾਬੀ ਸੱਭਿਆਚਾਰ ਮੰਚ ਬਰੈਂਪਟਨ ਟੋਰਾਂਟੋ (ਕੈਨੇਡਾ) ਵੱਲੋਂ ਮੰਚ ਦੇ ਪ੍ਰਧਾਨ ਸਾਥੀ ਬਲਦੇਵ ਸਿੰਘ ਸਹਿਦੇਵ ਅਤੇ ਸੀਨੀਅਰਜ ਐਸੋਸੀਏਸ਼ਨ ਕਲੱਬ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਦੀ ਪ੍ਰਧਾਨਗੀ ਹੇਠ ਬੜੇ ਪ੍ਰਭਾਵਸਾਲੀ ਤਰੀਕੇ ਅਤੇ ਸੰਜੀਦਗੀ ਨਾਲ ਮਨਾਇਆ ਗਿਆ। ਲੋਕ ਹੱਕਾਂ ਨੂੰ ਪ੍ਰਨਾਏ ਹੋਏ ਬੁਲਾਰਿਆਂ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਕਿਰਤੀ ਲਹਿਰ ਦੇ ਆਗੂ ਜਗਜੀਤ ਸਿੰਘ ਜੋਗਾ, ਡਾ:ਬਲਜਿੰਦਰ ਸਿੰਘ ਸੇਖੋਂ, ਬਲਦੇਵ ਸਿੰਘ ਰੈਪਾ, ਹਰਚੰਦ ਸਿੰਘ ਬਾਸੀ ਨੇ ਸ਼ਹੀਦ ਦੇ ਜੀਵਨ ਉਦੇਸ਼ ਅਤੇ ਸਰਗਰਮੀਆਂ ਬਾਰੇ ਬਾਲਪਣ ਤੋਂ ਲੈ ਕੇ ਫਾਂਸੀ ਦੇ ਤਖਤੇ ਤੱਕ ਦੇ ਸਮੇਂ ਦਾ ਬਿਰਤਾਂਤ ਪੇਸ਼ ਕੀਤਾ। ਮਾਂ ਬਾਪ ਦੇ ਸਾਏ ਦਾ ਸਿਰ ਤੋਂ ੳਠ ਜਾਣਾ, ਯਤੀਮ ਖਾਨੇ ਪਲਣਾ ਤੇ ੳਥੇ ਹੀ ਪੜਨਾ, ਜਲਿਆਂਵਾਲੇ ਬਾਗ ਦੇ ਸਾਕੇ ਦੇ ਦੁਖਾਂਤ ਦਾ ਮਨ ‘ਤੇ ਅਸਰ ਹੋਣਾ, ਅਫਰੀਕਾ ਜਾਣਾ, ਵਾਪਸ ਪਰਤਣਾ, ਜੇਲ ਜਾਣਾ, ਇੰਗਲੈਂਡ ਜਾਣਾ ਅਤੇ ਵੀਹ ਸਾਲ ਬਾਅਦ ਜਲਿਆਂਵਾਲੇ ਬਾਗ ਦੇ ਸਾਕੇ ਦੇ ਜ਼ਿੰਮੇਵਾਰ ਜਰਨਲ ਉਡਵਾਇਰ ਨੂੰ ਮਾਰਨਾ, ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਦੀ ਨਾਲ ਹੀ ਉਸ ਸਮੇਂ ਦੀ ਅੰਗਰੇਜ਼ ਹਕੂਮਤ ਅਤੇ ਅਜੋਕੀ ਭਾਰਤ ਸਰਕਾਰ ਵੱਲੋਂ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਅਤੇ ਮਨੁਖੀ ਅਜ਼ਾਦੀਆਂ ਨੂੰ ਕੁਚਲਣ ਦਾ ਭਾਵਪੂਰਕ ਢੰਗ ਨਾਲ ਜ਼ਿਕਰ ਕੀਤਾ। ਸੁਰਜੀਤ ਸਿੰਘ ਦੌਧਰ, ਨੌਜਵਾਨ ਸੁਮੀਤ ਅਤੇ ਬਲਬੀਰ ਸਿੰਘ ਨੇ ਆਪਣੇ ਢੰਗ ਨਾਲ ਵਿਚਾਰ ਸਾਂਝੇ ਕੀਤੇ। ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜੋਕੀ ਹਕੂਮਤ ਦੀਆਂ ਮਾਰੂ ਨੀਤੀਆਂ ਦਾ ਟਾਕਰਾ ਕਰਨ ਲਈ ਲੋਕ ਪੱਖੀ ਲੜਾਕੂ ਸ਼ਕਤੀਆਂ ਨੂੰ ਇਕ ਮੰਚ ‘ਤੇ ਸੰਜੀਦਗੀ ਨਾਲ ਇਕੱਠੇ ਹੋਣ ਦੀ ਲੋੜ ਲਈ ਅਪੀਲ ਕਰੀਏ।
ਲੋਕ ਘੋਲਾਂ ਦੇ ਸ਼ਹੀਦ ਸਾਡੇ ਲਈ ਪ੍ਰੇਰਨਾ ਸਰੋਤ ਹਨ ਇਸ ਲਈ ਸਾਨੂੰ ਇਕੱਠੇ ਹੋ ਕੇ ਦਿਨ ਮਨਾਉਣੇ ਚਾਹੀਦੇ ਹਨ। ਮੰਚ ਦੇ ਸਕੱਤਰ ਕਾਮਰੇਡ ਸੁਖਦੇਵ ਸਿੰਘ ਧਾਲੀਵਾਲ ਨੇ ਸਮਾਗਮ ਵਿੱਚ ਸਾਮਲ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਹਰਚੰਦ ਸਿੰਘ ਬਾਸੀ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ। ਚਾਹ ਸਨੈਕਸ ਦਾ ਪ੍ਰਬੰਧ ਮੰਚ ਵੱਲੋਂ ਕੀਤਾ ਗਿਆ।