Breaking News
Home / ਕੈਨੇਡਾ / ਪੈਰਿਟੀ ਰੋਡ ਵਿਖੇ ਧੂਮ-ਧਾਮ ਨਾਲ ਤੀਆਂ ਦਾ ਮੇਲਾ ਮਨਾਇਆ ਗਿਆ

ਪੈਰਿਟੀ ਰੋਡ ਵਿਖੇ ਧੂਮ-ਧਾਮ ਨਾਲ ਤੀਆਂ ਦਾ ਮੇਲਾ ਮਨਾਇਆ ਗਿਆ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਸ਼ਨਿਚਰਵਾਰ, ਬਰੈਂਪਟਨ ਦੇ ਪੈਰਿਟੀ ਰੋਡ ਨੇੜਲੀਆਂ ਪੰਜਾਬਣਾਂ ਨੇ ਪਾਰਕ ਵਿਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ। ਇਸ ਵਿਚ ਤਕਰੀਬਨ 500 ਤੋਂ ਵੱਧ ਬੀਬੀਆਂ ਨੇ ਭਾਗ ਲਿਆ। ਉਨ੍ਹਾਂ ਬੜੇ ਉਤਸ਼ਾਹ ਨਾਲ ਰਲ ਮਿਲ ਕੇ ਇਸ ਦਾ ਸਾਰਾ ਇੰਤਜ਼ਾਮ ਕੀਤਾ, ਜਿਸ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ। ਐਮ ਪੀ ਪੀ ਅਮਰਜੋਤ ਸੰਧੂ, ਬਰੈਂਪਟਨ ਵੈਸਟ ਤੋਂ ਐਮ ਪੀ ਲਈ ਐਨ ਡੀ ਪੀ ਉਮੀਦਵਾਰ ਨਵਜੀਤ ਕੌਰ ਨੇ ਵੀ ਆ ਕੇ ਇਸ ਪ੍ਰੋਗਰਾਮ ਦੀ ਰੌਣਕ ਵਧਾਈ। ਆਖਰ ਵਿਚ ਬੱਲ੍ਹੋ ਵੀ ਪਾਈ ਗਈ। ਚਮਕੌਰ ਸਿੰਘ ਨੇ ਸਾਰਾ ਪ੍ਰੋਗਰਾਮ ਟੀ ਵੀ ਲਈ ਰਿਕਾਰਡ ਵੀ ਕੀਤਾ।
ਪੰਜਾਬਣਾਂ, ਸੌਣ ਮਹੀਨੇ ਦੀ ਤੀਜ ਤੋਂ ਪੂਰਨਮਾਸ਼ੀ ਤੱਕ ਮਨਾਈਆਂ ਜਾਂਦੀਆਂ ਤੀਆਂ ਨੂੰ, ਜੋ 50-60 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਬੜੀਆਂ ਪ੍ਰਚੱਲਤ ਸਨ, ਬੜੀ ਉਤਸੁਕਤਾ ਨਾਲ ਉਡੀਕਦੀਆਂ। ਇਹ ਉਹ ਦਿਨ ਹੁੰਦੇ ਸਨ, ਜਦ ਮਹਿਲਾਵਾਂ ਪੇਕੇ ਜਾਣਾ ਆਪਣਾ ਹੱਕ ਸਮਝਦੀਆਂ ਸਨ। ਖੇਤਾਂ ਵਿਚ ਮਹਿਲਾਵਾਂ ਦੇ ਕਰਨ ਵਾਲੇ ਕੰਮ ਵੀ ਇਹਨੀ ਦਿਨੀ ਘੱਟ ਹੁੰਦੇ। ਭਰਾ ਅਪਣੀਆਂ ਭੈਣਾਂ ਨੂੰ ਉਨ੍ਹਾਂ ਦੇ ਸੁਹਰਿਓਂ ਲੈ ਕੇ ਆਉਂਦੇ। ਆਪਣੇ ਵਿਆਹ ਤੋਂ ਬਾਅਦ ਵੱਖੋ ਵੱਖਰੀਆਂ ਥਾਂਵਾਂ ਤੇ ਖਿਲਰੀਆਂ ਸਹੇਲੀਆਂ ਨੂੰ ਫਿਰ ਤੋਂ ਬੈਠ, ਰਲ ਮਿਲ ਸੁੱਖ ਦੁੱਖ ਦੀਆਂ ਗੱਲਾਂ ਕਰਨ ਦਾ ਇਹ ਵਧੀਆ ਮੌਕਾ ਹੁੰਦਾ। ਪਿੰਡ ਦੇ ਬਾਹਰ ਵੱਡੇ ਬੋਹੜਾਂ ਤੇ ਪਿਪਲਾਂ ਦੁਆਲੇ ਸ਼ਾਮ ਵੇਲੇ ਕੁੜੀਆਂ ਦਾ ਇਕੱਠ ਹੁੰਦਾ, ਚੰਗੇ ਰੱਸੇ ਲਿਆ ਪੀਘਾਂ ਪਾਈਆਂ ਤੇ ਝੂਟੀਆਂ ਜਾਂਦੀਆਂ। ਵੱਡੇ ਘੇਰੇ ਵਿਚ ਜੁੜ, ਔਰਤਾਂ, ਬੋਲੀਆਂ ਪਾਉਂਦੀਆਂ ਨਚਦੀਆਂ ਤੇ ਗਿੱਧਾ ਪਾਉਂਦੀਆਂ। ਅਖੀਰਲੇ ਦਿਨ, ਇਹ ਇਕੱਠ, ਭੀੜ ਦਾ ਰੂਪ ਧਾਰਨ ਕਰਦਾ ਅਤੇ ਕੁਝ ਕੁ ਦੁਕਾਨਾਂ ਦੀਆਂ ਰਿਉੜੀਆਂ ਪਤਾਸਿਆਂ ਦਾ ਮੁਫ਼ਤ ਵਿਚ ਆਨੰਦ ਮਾਣਦਾ। ਇਨ੍ਹਾਂ ਛੋਟੀਆਂ ਹੱਟਾਂ ਦੇ ਬਾਣੀਆਂ ਨੂੰ ਵੀ ਇਸ ਦਾ ਪਤਾ ਹੁੰਦਾ ਅਤੇ ਉਹ ਇਸ ਮੁਫ਼ਤ ਖੋਰੀ ਨੂੰ ਹੱਸ ਖੇਡ ਵਿਚ ਜਰ ਜਾਂਦੇ। ਆਪਣੇ ਵਿਰਸੇ ਨੂੰ ਯਾਦ ਕਰਦਿਆਂ, ਪੰਜਾਬਣਾਂ ਵਲੋਂ ਅੱਜ ਕੱਲ੍ਹ ਵਿਦੇਸ਼ਾਂ ਵਿਚ ਸਗੋਂ ਪੰਜਾਬ ਨਾਲੋਂ ਵੀ ਵਧ ਚੜ੍ਹ ਕੇ ਇਸ ਤਿਉਹਾਰ ਨੂੰ ਕਈ ਦਿਨ ਤਾਂ ਨਹੀਂ, ਪਰ ਕਿਸੇ ਇੱਕ ਦਿਨ ਮਨਾਇਆ ਜਾਣ ਲੱਗਾ ਹੈ। ਜਦ ਪੁਰਾਣੇ ਜਮਾਨੇ, ਇਹਨੀ ਦਿੱਨੀਂ ਘਰਾਂ ਵਿਚ ਮਾਲ੍ਹ ਪੂੜੇ, ਗੁਲਗਲੇ ਆਦਿ ਬਣਾਏ ਜਾਂਦੇ, ਇਥੇ ਬਣੇ ਬਣਾਏ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ, ਸਮੋਸੇ ਤੇ ਪਕੌੜੇ ਖੁੱਲ੍ਹੇ ਵਰਤਾਏ ਜਾਂਦੇ ਹਨ। ਬੱਚੇ ਇਸ ਮੌਕੇ ਕੋਕੇ ਕੋਲੇ ਦੀਆਂ ਵੱਡੀਆਂ ਬੋਤਲਾਂ ਦਾ ਆਨੰਦ ਮਾਣਦੇ ਹਨ। ਪੰਜਾਬ ਵਾਂਗ ਜੁੜੀਆਂ ਔਰਤਾਂ, ਖਾਸ ਕਰ ਵੱਡੀ ਉਮਰ ਦੀਆਂ, ਪੁਰਾਣੀਆਂ ਬੋਲੀਆਂ, ਗਿੱਧਾ ਪਾਉਂਦੀਆਂ ਅਤੇ ਨਚਦੀਆਂ ਹਨ।
ਪ੍ਰੋਗਰਾਮ ਦੇ ਅਖੀਰ ‘ਤੇ ਬੀਬੀਆਂ ਨੇ ਰੱਲ ਕੇ ਬੱਲ੍ਹੋ ਵੀ ਪਾਈ ਜਿਸ ਨਾਲ ਪੰਜਾਬ ਦੀਆਂ ਤੀਆਂ ਵਿਚ ਔਰਤਾਂ ਦੇ ਮਨੋਰੰਜਨ ਦਾ ਇਹ ਪੁਰਾਣਾ ਪੱਖ ਵੀ ਸਾਹਮਣੇ ਆਇਆ। ਇਸ ਸਮਾਗਮ ਵਿਚ ਖਾਣ ਪੀਣ ਦਾ ਪ੍ਰਬੰਧ ਮਹਿੰਦਰ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ, ਅਮ੍ਰਿਤਪਾਲ ਕੌਰ ਅਤੇ ਸਿਮਰਨਜੀਤ ਕੌਰ ਨੇ ਕੀਤਾ ਅਤੇ ਚਾਹ ਪਾਣੀ ਵਰਤਾਉਣ ਵਿਚ ਮੁੱਖ ਭੂਮਿਕਾ ਕੈਪਟਨ ਇਕਬਾਲ ਸਿੰਘ ਵਿਰਕ (647 631 9445), ਜਸਵੰਤ ਸਿੰਘ ਗਿੱਲ, ਸੁਖਦੇਵ ਸਿੰਘ, ਸੁਰਜੀਤ ਸਿੰਘ ਅਤੇ ਰਾਜਿੰਦਰ ਸਿੰਘ ਗਰੇਵਾਲ ਨੇ ਨਿਭਾਈ।

Check Also

ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ

ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …