ਕਿਸਾਨੀ ਸੰਘਰਸ਼ ਨੂੰ ਉਨ੍ਹਾਂ ਦੀ ਵਿਚਾਰਧਾਰਾ ਦੇ ਸੰਦਰਭ ਵਿਚ ਵਿਚਾਰਿਆ ਗਿਆ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਵਲੋਂ ਭਾਰਤ ਦੀ ਅਜ਼ਾਦੀ ਦੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ ਅਤੇ ਉਨ੍ਹਾਂ ਦੀ ਲਹਿਰ ਨੂੰ ਅੱਗੇ ਲਿਜਾਣ ਵਿਚ ਮੋਹਰੀ ਭਾਅ ਜੀ ਗੁਰਸ਼ਰਨ ਸਿੰਘ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਦਿਨ ਨੂੰ ਸਮਰਪਿਤ ਪ੍ਰੋਗਰਾਮ ਲੰਘੇ ਐਤਵਾਰ ਬਰੈਂਪਟਨ ਦੇ ਚਿੰਗਕੂਜ਼ੀ ਪਾਰਕ ਵਿਚ ਕੀਤਾ ਗਿਆ। ਕਰੋਨਾ ਬਿਮਾਰੀ ਦੀਆਂ ਬੰਦਸ਼ਾਂ ਕੁਝ ਕੁ ਖੁੱਲ੍ਹਣ ਤੋਂ ਬਾਅਦ ਸੁਸਾਇਟੀ ਦਾ ਇਹ ਪਹਿਲਾ ਪ੍ਰੋਗਰਾਮ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿਚ ਇਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ ਵਿਚਾਰਾਂ ਨੂੰ ਅਜੋਕੇ ਕਿਸਾਨੀ ਅੰਦੋਲਨ ਦੇ ਸੰਦਰਭ ਵਿਚ, ਜੋ ਸਾਮਰਾਜਵਾਦ ਦੀ ਅਜੋਕੀ ਸੂਰਤ ਨਵਉਦਾਰਵਾਦ ਦੇ ਮੱਥੇ ਵਿਚ ਤੀਰ ਵਾਂਗਰ ਵੱਜ ਰਿਹਾ ਹੈ, ਵਿਚਾਰਿਆ ਗਿਆ। ਸੁਸਾਇਟੀ ਦੇ ਕੋਆਰਡੀਨੇਟਰ ਬਲਦੇਵ ਰਹਿਪਾ ਨੇ ਕਿਹਾ ਕਿ ਜਿਸ ਦ੍ਰਿੜ ਇਰਾਦੇ ਨਾਲ ਕਿਸਾਨ ਐਨਾ ਲੰਬਾ ਸੰਘਰਸ਼ ਚਲਾ ਰਹੇ ਹਨ, ਉਸ ਦੇ ਦਬਾਅ ਥੱਲੇ ਭਾਰਤੀ ਨਵਉਦਾਰਵਾਦੀ ਤਾਕਤਾਂ ਨੂੰ ਪਿਛੇ ਮੁੜਨ ਲਈ ਮਜ਼ਬੂਰ ਹੋਣਾ ਹੀ ਪੈਣਾ ਹੈ। ਹੁਣ ਕਿਸਾਨਾਂ ਨੂੰ ਹੀ ਨਹੀਂ ਸਗੋਂ ਵੱਡੀ ਪੱਧਰ ‘ਤੇ ਭਾਰਤ ਦੇ ਆਮ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਜੋ ਅਖੌਤੀ ਤਰੱਕੀ ਦਾ ਰਾਹ ਅਜੋਕੇ ਭਾਰਤ ਦੀਆਂ ਹੁਕਮਰਾਨ ਤਾਕਤਾਂ ਨੇ ਚੁਣਿਆ ਹੋਇਆ ਹੈ, ਉਹ ਉਨ੍ਹਾਂ ਲਈ ਆਉਂਦੇ ਸਮੇਂ ਵਿਚ ਚੰਗੇ ਦਿਨ ਨਹੀਂ ਸਗੋਂ ਮਾੜੇ ਦਿਨਾਂ ਦਾ ਸੰਕੇਤ ਕਰਦਾ ਹੈ। ਇਸ ਸਮੇਂ ਡਾ. ਬਲਜਿੰਦਰ ਸੇਖੋਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੇ ਵੱਡੀ ਪੱਧਰ ‘ਤੇ ਸਧਾਰਨ ਲੋਕਾਂ ਨੂੰ ਇਸ ਨਵਉਦਾਰਵਾਦ ਦੇ ਕੋਝੇ ਅਸੂਲ, ਬੇਮੁਹਾਰੀ ਖੁੱਲ੍ਹੀ ਮੰਡੀ, ਸਭ ਕੁਝ ਦਾ ਨਿੱਜੀਕਰਨ, ਵਪਾਰ ਲਈ ਖੁੱਲ੍ਹੀਆਂ ਸਰਹੱਦਾਂ, ਅਮੀਰਾਂ ਨੂੰ ਟੈਕਸ ਦੀਆਂ ਛੋਟਾਂ ਜਿਨ੍ਹਾਂ ਕਰਕੇ ਉਹ ਵੱਧ ਪੈਸਾ ਜੋੜ ਕੇ ਆਮ ਲੋਕਾਂ ਨੂੰ ਰੁਜ਼ਗਾਰ ਦੇਣ ਖਾਤਰ ਕਾਰਖਾਨੇ ਲਾਉਣਗੇ, ਵਪਾਰ ਵਧਾਉਣਗੇ ਅਤੇ ਇਸ ਸਿਸਟਮ ਦੇ ਅਧਾਰ, ਕਿ ਸਰਬੱਤ ਦੇ ਭਲੇ ਵਿਚ ਆਮ ਵਿਅੱਕਤੀ ਦਾ ਨਹੀਂ ਸਗੋਂ ਅਪਣੇ ਸੁਆਰਥ ਵਿਚ ਹੀ ਸਰਬੱਤ ਦਾ ਭਲਾ ਹੈ। ਸੋ ਸੁਆਰਥੀ ਬਣੋ, ਲਾਲਚ ਕਰਨਾ ਬੁਰਾ ਨਹੀਂ ਸਗੋਂ ਚੰਗਾ ਹੈ, ਕਿਉਂਕਿ ਲਾਲਚ ਵਿਅੱਕਤੀ ਨੂੰ ਕੰਮ ਲਈ ਪ੍ਰੇਰਿਤ ਕਰਦਾ ਹੈ ਆਦਿ ਬਾਰੇ ਜਾਗਰੂਕ ਕੀਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕੈਨੇਡਾ ਵਿਚ ਵੀ ਉੱਠ ਰਹੀਆਂ ਧੁਰ ਸੱਜੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਬਣਦਾ ਹੈ ਜੋ ਆਮ ਲੋਕਾਂ ਵਲੋਂ ਸੰਘਰਸ਼ ਕਰ ਕੇ ਲਈਆਂ ਵਿਦਿਆ, ਸਿਹਤ ਸੇਵਾਵਾਂ ਅਤੇ ਬੁਢਾਪੇ ਦੀਆਂ ਸਹੂਲਤਾਂ ਨੂੰ ਖੋਹਣ ਲਈ ਤਤਪਰ ਹਨ। ਅਮ੍ਰਿਤ ਢਿਲੋਂ ਜੋ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਸਬੰਧਿਤ ਹਨ, ਨੇ, ਸ਼ਹੀਦ-ਏ-ਆਜ਼ਮ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਬਾਰੇ ਚਾਨਣਾ ਪਾਇਆ। ਇਸ ਸਮੇਂ, ਨਾਹਰ ਔਜਲਾ, ਹਰਬੰਸ, ਇੰਦਰਜੀਤ ਸਿੰਘ ਬੱਲ ਅਤੇ ਹੈਮਿਲਟਨ ਤੋਂ ਆਏ ਮਨਦੀਪ ਸਿੰਘ ਨੇ ਵੀ ਅਪਣੇ ਵਿਚਾਰ ਰੱਖੇ। ਪ੍ਰੋਗਰਾਮ ਨੂੰ ਬਲਤੇਜ ਸਿੰਘ, ਅਜਮੇਰ ਪ੍ਰਦੇਸੀ ਦੇ ਗੀਤਾਂ ਅਤੇ ਮਲੂਕ ਕਾਹਲੋਂ, ਕੁਲਵਿੰਦਰ ਖਹਿਰਾ ਦੀਆਂ ਕਵਿਤਾਵਾਂ ਨੇ ਰੌਚਿਕ ਬਣਾਇਆ। ਸਟੇਜ ਦੀ ਕਾਰਵਾਈ ਦੀ ਜ਼ਿੰਮੇਵਾਰੀ ਅਮਰਦੀਪ ਸਿੰਘ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਵਿਚ ਕਿਸਾਨੀ ਅੰਦੋਲਨ ਦੀ ਹਮਾਇਤ ਕਰਦੇ ਇਨਕਲਾਬੀ ਨਾਹਰੇ ਵੱਡੀ ਪੱਧਰ ‘ਤੇ ਗੂੰਜਦੇ ਰਹੇ।
ਸੁਸਾਇਟੀ ਬਾਰੇ ਜਾਣਕਾਰੀ ਲਈ ਬਲਦੇਵ ਰਹਿਪਾ (416 881 7202) ਜਾਂ ਨਿਰਮਲ ਸੰਧੂ (416 835 3450) ਨਾਲ ਸੰਪਰਕ ਕੀਤਾ ਜਾ ਸਕਦਾ ਹੈ।