Breaking News
Home / ਕੈਨੇਡਾ / ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਸੱਦੇ ਦੀ ਹਮਾਇਤ ‘ਚ ਬਰੈਂਪਟਨ ਦੇ ਫਾਰਮਰਜ਼ ਸੁਪੋਰਟ ਗਰੁੱਪ ਨੇ ਕੀਤਾ ਮੁਜ਼ਾਹਰਾ

ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਸੱਦੇ ਦੀ ਹਮਾਇਤ ‘ਚ ਬਰੈਂਪਟਨ ਦੇ ਫਾਰਮਰਜ਼ ਸੁਪੋਰਟ ਗਰੁੱਪ ਨੇ ਕੀਤਾ ਮੁਜ਼ਾਹਰਾ

ਬਰੈਂਪਟਨ/ਡਾ. ਝੰਡ : ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ 10 ਮਹੀਨੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ‘ਭਾਰਤ ਬੰਦ’ ਦੇ ਸੱਦੇ ਦੀ ਭਰਪੂਰ ਹਮਾਇਤ ਕਰਦਿਆਂ ਹੋਇਆਂ ਬਰੈਂਪਟਨ ਵਿਚ ਵਿਚਰ ਰਹੀਆਂ ਵੱਖ-ਵੱਖ 10 ਜੱਥੇਬੰਦੀਆਂ ਦੀ ਸਾਂਝੀ ਕਮੇਟੀ ਦੇ 100 ਤੋਂ ਵਧੇਰੇ ਸਰਗਰਮ ਮੈਂਬਰਾਂ ਨੇ ਸਟੀਲਜ਼ ਐਵੀਨਿਊ ਅਤੇ ਹਾਈਵੇਅ-10 ਦੇ ਇੰਟਰਸੈੱਕਸ਼ਨ ਦੀ ਉੱਤਰ-ਪੂਰਬੀ ਨੁੱਕਰ ‘ਤੇ ਸ਼ਾਮ 6.00 ਵਜੇ ਤੋਂ 8.00 ਵਜੇ ਤੱਕ ਜ਼ੋਰਦਾਰ ਮੁਜ਼ਾਹਰਾ ਕੀਤਾ। ਉਹ ਛੇ ਵਜੇ ਤੋਂ ਪਹਿਲਾਂ ਇਸ ਨਿਸਚਿਤ ਕੀਤੀ ਗਈ ਥਾਂ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਸਵਾ ਛੇ ਵਜੇ ਉੱਥੇ ਮੁਜ਼ਾਹਰਾਕਾਰੀਆਂ ਦੀ ਗਿਣਤੀ ਕਾਫ਼ੀ ਹੋ ਗਈ ਅਤੇ ਨਾਲ ਹੀ ਵੱਖ-ਵੱਖ ਨੇਤਾਵਾਂ ਨੇਂ ਵਾਰੀ-ਵਾਰੀ ਛੋਟਾ ਸਪੀਕਰ ਹੱਥ ਵਿਚ ਫੜ ਕੇ ਜੋਸ਼ੀਲੇ ਨਾਅਰੇ ਲਗਾ ਕੇ ਮਾਹੌਲ ਨੂੰ ਗਰਮਾਉਣਾ ਸ਼ੁਰੂ ਕਰ ਦਿੱਤਾ।
ਪ੍ਰੋਗਰਾਮ ਨੂੰ ਵਿਧੀਵੱਧ ਤਰੀਕੇ ਨਾਲ ਚਲਾਉਣ ਲਈ ਬੁਲਾਰਿਆਂ ਨੂੰ ਵਾਰੀ-ਸਿਰ ਬੁਲਾਉਣ ਦੀ ਜ਼ਿੰਮੇਵਾਰੀ ਸੰਭਾਲਦਿਆਂ ਫਾਰਮਰਜ਼ ਸੁਪੋਰਟ ਕਮੇਟੀ ਦੇ ਨੁਮਾਇੰਦੇ ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਸਤੰਬਰ ਦਾ ਮਹੀਨਾ ਸਾਡੇ ਸਾਰਿਆਂ ਲਈ ਬੜਾ ਅਹਿਮ ਹੈ, ਕਿਉਂਕਿ ਇਸ ਵਿਚ ਸ਼ਹੀਦੇ ਆਜ਼ਮ ਸ. ਭਗਤ ਸਿੰਘ ਅਤੇ ਉਨ੍ਹਾਂ ਦੀ ਸੋਚ ਨੂੰ ਨਾਟਕਾਂ ਰਾਹੀਂ ਥਾਂ-ਥਾਂ ਪਹੁੰਚਾਉਣ ਵਾਲੇ ਨਾਇਕ ਭਾਅਜੀ ਗੁਰਸ਼ਰਨ ਸਿੰਘ ਅਤੇ ਇਨਕਲਾਬੀ ਕਵੀ ਪਾਸ਼ ਦਾ ਜਨਮ ਹੋਇਆ। ਇਸ ਦੇ ਨਾਲ ਹੀ ਇਸ ਮਹੀਨੇ ਦਾ 27 ਸਤੰਬਰ ਦਾ ਦਿਨ ਭਾਰਤ ਦੇ ਇਤਿਹਾਸ ਵਿਚ ઑਕਾਲ਼ਾ ਦਿਨ਼ ਅਖਵਾਏਗਾ, ਕਿਉਂਕਿ 27 ਸਤੰਬਰ 2020 ਨੂੰ ਭਾਰਤ ਦੇ ਰਾਸ਼ਟਰਪਤੀ ਨੇ ਤਿੰਨ ਖੇਤੀ ਕਾਨੂੰਨਾਂ ਉੱਪਰ ਦਸਤਖ਼ਤ ਕਰਕੇ ਇਨ੍ਹਾਂ ઑਤੇ ਆਪਣੀ ਮੋਹਰ ਲਗਾਈ ਸੀ। ਉਨ੍ਹਾਂ ਸੱਭ ਤੋਂ ਪਹਿਲਾਂ ‘ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਦੇ ਨੇਤਾ ਮਲਕੀਤ ਸਿੰਘ ਜਿੰਡੇਰ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਭਾਰਤ ਵਿਚ 27 ਸਤੰਬਰ ਦੇ ‘ਭਾਰਤ-ਬੰਦ’ ਦੀ ਭਰਪੂਰ ਸਫ਼ਲਤਾ ਲਈ ਸਮੂਹ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਸਾਨ ਮੋਰਚੇ ਨੂੰ ਵਿਦੇਸ਼ਾਂ ਵਿਚੋਂ ਮਿਲ ਰਹੀ ਪੂਰੀ ਹਮਾਇਤ ਬਾਰੇ ਵਿਸ਼ੇਸ਼ ਜ਼ਿਕਰ ਕੀਤਾ। ‘ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਨੇ ਭਾਰਤ ਸਰਕਾਰ ਵੱਲੋਂ ਸਾਰੇ ਵੱਡੇ ਸਰਕਾਰੀ ਕਾਰੋਬਾਰੀ-ਅਦਾਰੇ ਅੰਬਾਨੀ, ਅੰਡਾਨੀ ਵਰਗੇ ਕਾਰਪੋਰੇਟ ਅਦਾਰਿਆਂ ਨੂੰ ਸੌਂਪਣ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਾ ਦੇਸ਼ ਇਨ੍ਹਾਂ ਕੋਲ ਗਹਿਣੇ ਧਰ ਦਿੱਤਾ ਹੈ। ‘ਅਲਾਇੰਸ ਫ਼ਾਰ ਪ੍ਰਾਗਰੈੱਸਿਵ ਕੈਨੇਡੀਅਨਜ਼’ ਦੇ ਹਰਪ੍ਰਮਿੰਦਰ ਗ਼ਦਰੀ ਨੇ ਭਾਰਤ ਵਿਚ ਸਾਮਰਾਜੀ ਤਾਕਤਾਂ ਦੇ ਨਿੱਤ ਵੱਧਦੇ ਪ੍ਰਭਾਵ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੂੰ ਰੋਕਣ ਲਈ ਅਗਾਂਹ-ਵਧੂ ਵਿਚਾਰਾਂ ਵਾਲੇ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਦੇ ਇਕੱਠੇ ਹੋਣ ਦੀ ਜ਼ਰੂਰਤ ਹੈ।
ਸ਼ਹੀਦੇ-ਆਜ਼ਮ ਸ. ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਅੰਮ੍ਰਿਤ ਢਿੱਲੋਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਰਤ ਵਿਚ ਕਿਸਾਨ ਅੰਦੋਲਨ ਦੀ ਸ਼ੁਰੂਆਤ 1907 ਵਿਚ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਵੱਲੋਂ ਕੀਤੀ ਗਈ ਸੀ। ਉਨ੍ਹਾਂ ਉਦੋਂ ‘ਪੱਗੜੀ ਸੰਭਾਲ ਜੱਟਾ’ ਦਾ ਨਾਅਰਾ ਦਿੱਤਾ ਅਤੇ 9 ਮਹੀਨੇ ਲੰਮਾ ਸੰਘਰਸ਼ ਕਰਕੇ ਉਦੋਂ ਦੀ ਅੰਗਰੇਜ਼ ਸਰਕਾਰ ਦੇ ਤਿੰਨ ‘ਖੇਤੀ ਕਾਲੇ-ਕਾਨੂੰਨ’ ਰੱਦ ਕਰਵਾਏ ਸਨ। ਅੱਜ ਫਿਰ ਕਿਸਾਨ ਭਾਰਤ ਦੀ ਕੇਂਦਰ ਸਰਕਾਰ ਦੇ ਬਣਾਏ ਹੋਏ ‘ਤਿੰਨ ਖੇਤੀ ਕਾਲ਼ੇ ਕਾਨੂੰਨ’ ਰੱਦ ਕਰਨ ਲਈ ਪਿਛਲੇ 10 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਇਸ ਵਿਚ ਕਾਮਯਾਬ ਹੋਣਗੇ। ਇਸ ਦੌਰਾਨ ‘ਜੀਟੀਏ ਵੈੱਸਟ ਕਲੱਬ ਸੀ.ਪੀ.ਸੀ.’ ਦੀ ਨੁਮਾਇੰਦਾ ਮਿਸ ਐਨੀ, ਸੀ.ਪੀ.ਆਈ. (ਐੱਮ.ਐੱਲ.) ਕੈਨੇਡਾ ਦੇ ਫਿਲਿਪ ਫਰਨਾਂਡੇਜ਼, ਕੈਨੇਡੀਅਨ ਪ੍ਰਾਗਰੈੱਸਿਵ ਮੰਚ ਦੇ ਨਵਦੀਪ ਜੋਧਾਂ, ਮਨਦੀਪ ਚੀਮਾ ਚੈਰੀਟੇਬਲ ਸੰਸਥਾ ਦੀ ਨੁਮਾਇੰਦਾ ਨਵਦੀਪ ਕੌਰ ਗਿੱਲ, ਸਿੱਖ ਮੋਟਰਸਾਈਕਲ ਕਲੱਬ ਬਰੈਂਪਟਨ ਦੇ ਖ਼ੁਸ਼ਵੰਤ ਸਿੰਘ ਬਾਜਵਾ, ਕਿਸਾਨ ਆਗੂ ਲਾਲ ਸਿੰਘ, ਫ਼ਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਦੇ ਨੇਤਾਵਾਂ ਮੱਲ ਸਿੰਘ ਬਾਸੀ, ਬਲਦੇਵ ਸਿੰਘ ਬਰਾੜ, ਮੁਹਿੰਦਰ ਸਿੰਘ ਮੋਹੀ ਅਤੇ ਪੱਤਰਕਾਰਾਂ ਚਰਨਜੀਤ ਸਿੰਘ ਬਰਾੜ ਤੇ ਡਾ.ਸੁਖਦੇਵ ਸਿੰਘ ਝੰਡ ਨੇ ਵੀ ਕਿਸਾਨੀ ਅੰਦੋਲਨ, ਬੀਤੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਹੋਏ ਜ਼ਬਰਦਸਤ ਰੋਸ-ਮੁਜ਼ਾਹਰਿਆਂ ਅਤੇ ਸਫ਼ਲ ਭਾਰਤ-ਬੰਦ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

 

Check Also

ਜਹਾਜ਼ ਦਾ ਸਹੀ ਨਾਂ : ਕਾਮਾਗਾਟਾ ਮਾਰੂ ਕਿ ਗੁਰੂ ਨਾਨਕ ਜਹਾਜ਼?

ਬਾਬਾ ਗੁਰਦਿੱਤ ਸਿੰਘ ਨੇ ਪੰਜਾਬੀ ਮੁਸਾਫਿਰਾਂ ਨੂੰ ਕੈਨੇਡਾ ਲੈ ਜਾਣ ਵਾਸਤੇ 24 ਮਾਰਚ 1914 ਨੂੰ …