Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ‘ਟੋਰਾਂਟੋ ਮੈਰਾਥਨ’ ਵਿਚ ਲਿਆ ਹਿੱਸਾ

ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ‘ਟੋਰਾਂਟੋ ਮੈਰਾਥਨ’ ਵਿਚ ਲਿਆ ਹਿੱਸਾ

ਸੋਹਲ 20 ਮਈ ਨੂੰ ਹੋਣ ਵਾਲੀ ‘ਇੰਸਪੀਰੇਸ਼ਨਲ ਸਟੈੱਪਸ’ ਵਿਚ ਵੀ ਭਾਗ ਲੈਣਗੇ
ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੇ ਲੰਘੇ ਐਤਵਾਰ 6 ਮਈ ਨੂੰ ਟੋਰਾਂਟੋ ਮੈਰਾਥਨ ਫੁੱਲ ਮੈਰਾਥਨ ਵਿਚ ਭਾਗ ਲਿਆ। ਟੋਰਾਂਟੋ ਡਾਊਨ ਟਾਊਨ ਦੇ ਯੰਗ ਅਤੇ ਸ਼ੈਪਰਡ ਇੰਟਰਸੈੱਕਸ਼ਨ ਦੇ ਨੇੜਿਉਂ ਸ਼ੁਰੂ ਹੋਈ ਇਸ ਮੈਰਾਥਨ ਵਿਚ ਲੱਗਭੱਗ 7,000 ਦੌੜਾਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 5-6 ਹੀ ਪੰਜਾਬੀ ਸਨ ਅਤੇ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ 65 ਸਾਲਾ ਦੌੜਾਕ ਧਿਆਨ ਸਿੰਘ ਸੋਹਲ ਉਨ੍ਹਾਂ ਵਿੱਚੋਂ ਇਕ ਸਨ।
ਧਿਆਨ ਸਿੰਘ ਨੇ ਇਹ 42 ਕਿਲੋਮੀਟਰ ਲੰਮੀ ਦੌੜ, ਜੋ ਲੇਕਸ਼ੋਰ ਤੋਂ ਹੁੰਦੀ ਹੋਈ ਟੋਰਾਂਟੋ ਦੀ ਮਸ਼ਹੂਰ ਸੀ.ਐੱਨ ਗਰਾਂਊਂਡ ਵਿਚ ਜਾ ਕੇ ਸਮਾਪਤ ਹੋਈ, 4 ਘੰਟੇ 7 ਮਿੰਟ ਅਤੇ 31 ਸਕਿੰਟ ਵਿਚ ਪੂਰੀ ਕੀਤੀ। ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਦੇ ਨਾਲ ਗਏ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਕੋਚ ਕਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਗਰੇਵਾਲ ਵੀ ਇਸ ਦੌੜ ਵਿਚ ਲੱਗਭੱਗ 14 ਕਿਲੋਮੀਟਰ ਉਨ੍ਹਾਂ ਦੇ ਨਾਲ ਦੌੜ ਵਿਚ ਸ਼ਾਮਲ ਹੋਏ। ਧਿਆਨ ਸਿੰਘ ਸੋਹਲ 20 ਮਈ ਨੂੰ ਹੋਣ ਵਾਲੀ ‘ਇੰਸਪੀਰੇਸ਼ਨਲ ਸਟੈੱਪਸ’ 2018 ਵਿਚ ਵੀ ਭਾਗ ਲੈ ਰਹੇ ਹਨ। ਕਲੱਬ ਮੈਂਬਰਾਂ ਅਤੇ ਹੋਰ ਸ਼ੁਭ-ਚਿੰਤਕਾਂ ਨੂੰ ਉਨ੍ਹਾਂ ਉੱਪਰ ਬੜੀਆਂ ਆਸਾਂ-ਉਮੀਦਾਂ ਹਨ। ਕਈ ਤਾਂ ਉਨ੍ਹਾਂ ਨੂੰ ‘ਬਰੈਂਪਟਨ ਦੇ ਫ਼ੋਜਾ ਸਿੰਘ’ ਵਜੋਂ ਵੀ ਵੇਖ ਰਹੇ ਹਨ।
ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਸ ਟੋਰਾਂਟੋ ਮੈਰਾਥਨ ਨੂੰ ਪਹਿਲਾਂ ‘ਕੈਨੇਡੀਅਨ ਇੰਟਰਨੈਸ਼ਨਲ ਮੈਰਾਥਨ’ ਕਿਹਾ ਜਾਂਦਾ ਸੀ ਅਤੇ ਇਹ ਇਸ ਨਾਂ ਦੇ ਨਾਲ 1995 ਤੋਂ ਸ਼ੁਰੂ ਹੋਈ। ਉਂਜ, ਵੇਖਿਆ ਜਾਏ ਤਾਂ ਦੌੜ ਦੇ ਇਸ ਈਵੈਂਟ ਦਾ ਇਤਿਹਾਸ ਹੋਰ ਵੀ ਪੁਰਾਣਾ ਹੈ ਅਤੇ ਇਸ ਦੀ ਸ਼ੁਰੂਆਤ 1977 ਤੋਂ ਹੋਈ ਦੱਸੀ ਜਾਂਦੀ ਹੈ ਪਰ ਓਦੋਂ ਇਹ ਕਿਸੇ ਹੋਰ ਨਾਂ ਹੇਠ ਸ਼ੁਰੂ ਕੀਤੀ ਗਈ ਸੀ। ਸਾਲ 2003 ਤੋਂ ਇਸ ਦਾ ਨਾਂ ‘ਟੋਰਾਂਟੋ ਮੈਰਾਥਨ’ ਰੱਖਿਆ ਗਿਆ। ਫਿਰ 2008 ਵਿਚ ਇਸ ਨੂੰ ‘ਗੁੱਡ-ਲਾਈਫ਼ ਫਿੱਟਨੈੱਸ’ ਦਾ ਨਾਂ ਦਿੱਤਾ ਗਿਆ ਪਰ 2011 ਵਿਚ ਇਹ ਮਈ ਦੇ ਪਹਿਲੇ ਐਤਵਾਰ ਨੂੰ ਫਿਰ ‘ਟੋਰਾਂਟੋ ਮੈਰਾਥਨ’ ਦੇ ਪਹਿਲੇ ਨਾਂ ਹੇਠ ਹੀ ਹੋਈ ਅਤੇ ਉਸ ਤੋਂ ਬਾਅਦ ਲਗਾਤਾਰ ਏਸੇ ਨਾਂ ਨਾਲ ਹੀ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਕਰਵਾਈ ਜਾਂਦੀ ਹੈ। ਇਸ ਵਿਚ ਭਾਗ ਲੈਣ ਲਈ ਦੌੜਾਕ ਦੂਰ-ਦੁਰਾਡੇ ਦੇ ਸ਼ਹਿਰਾਂ ਅਤੇ ਦੂਸਰੇ ਦੇਸ਼ਾਂ ਤੋਂ ਵੀ ਆਉਂਦੇ ਹਨ। ਪੰਜਾਬੀਆਂ ਦਾ ਇਸ ਲੰਮੀ ਦੌੜ ਵਿਚ ਸ਼ਾਮਲ ਹੋਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …