Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਓਕਵਿੱਲ ਵਿਖੇ ‘ਸਾਵਣ ਕਵੀ ਦਰਬਾਰ’ ਦਾ ਸਫਲ ਆਯੋਜਨ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਓਕਵਿੱਲ ਵਿਖੇ ‘ਸਾਵਣ ਕਵੀ ਦਰਬਾਰ’ ਦਾ ਸਫਲ ਆਯੋਜਨ

ਬਰੈਂਪਟਨ, ਮਿਸੀਸਾਗਾ, ਮਿਲਟਨ ਅਤੇ ਹੋਰ ਸ਼ਹਿਰਾਂ ਤੋਂ ਪਹੁੰਚੇ ਕਵੀ, ਗਾਇਕ ਅਤੇ ਸਰੋਤੇ
ਓਕਵਿਲ/ਡਾ. ਝੰਡ : ਲੰਘੇ ਸ਼ਨੀਵਾਰ 20 ਜੁਲਾਈ ਦਾ ਦਿਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਅਤੇ ਓਕਵਿੱਲ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਸਾਹਿਤ-ਪ੍ਰੇਮੀਆਂ ਤੇ ਸਾਹਿਤ-ਰਸੀਆਂ ਲਈ ਇਕ ਯਾਦਗਾਰੀ ਦਿਨ ਬਣ ਗਿਆ, ਜਦੋਂ ਓਕਵਿੱਲ-ਵਾਸੀ ਡਾ. ਪਰਗਟ ਸਿੰਘ ਬੱਗਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲੱਗਭੱਗ ਤਿੰਨ ਮਹੀਨੇ ਪਹਿਲਾਂ ਦਿੱਤੇ ਗਏ ਮੋਹ-ਭਿੱਜੇ ਸੱਦੇ ‘ਤੇ ਇਸ ਸਾਹਿਤ ਸਭਾ ਨੇ ਜੁਲਾਈ ਮਹੀਨੇ ਹੋਣ ਵਾਲੇ ਆਪਣੇ ਸਮਾਗ਼ਮ ਦਾ ਇਸ ਸ਼ਹਿਰ ਵਿਚ ਸਫ਼ਲਤਾ ਪੂਰਵਕ ਆਯੋਜਨ ਕੀਤਾ। ઑਹਾਲਟਨ ਸਿੱਖ ਕੌਂਸਲ਼ ਦੇ ਸਹਿਯੋਗ ਨਾਲ 2400 ਰਿਵਰ ਓਕਸ ਕਮਿਊਨਿਟੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਇਹ ਸਮਾਗ਼ਮ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼-ਪਰਬ ਨੂੰ ਸਮੱਰਪਿਤ ਸੀ ਅਤੇ ਮਹੀਨਾ ਕਿਉਂਕਿ ਸਾਵਣ ਦੀ ਰਿਮ-ਝਿਮ ਵਾਲਾ ਸੀ, ਇਸ ਲਈ ਪੰਜਾਬੀ, ਉਰਦੂ ਤੇ ਹਿੰਦੀ ਤਿੰਨਾਂ ਭਾਸ਼ਾਵਾਂ ਵਿਚ ਹੋਣ ਵਾਲੇ ਇਸ ਕਵੀ-ਦਰਬਾਰ ਨੂੰ ‘ਸਾਵਣ ਕਵੀ ਦਰਬਾਰ’ ਦਾ ਨਾਂ ਦਿੱਤਾ ਗਿਆ। ਰਾਤ ਨੂੰ ਨੌਂ ਵਜੇ ਦੇ ਲੱਗਭੱਗ ਸਮਾਗ਼ਮ ਦੀ ਸਮਾਪਤੀ ਸਮੇਂ ਹੋਈ ਬਾਰਸ਼ ਨੇ ਇਸ ਨੂੰ ਸਾਵਣ ਮਹੀਨੇ ਦੇ ਕਵੀ-ਦਰਬਾਰ ਦਾ ਸਾਰਥਿਕ ਰੂਪ ਦੇ ਦਿੱਤਾ ਅਤੇ ਇੰਜ ਲੱਗ ਰਿਹਾ ਸੀ ਜਿਵੇਂ ਇੰਦਰ-ਦੇਵਤਾ ਵੀ ਇਸ ਸਮਾਗ਼ਮ ਦੀ ਸਫ਼ਲਤਾ ਉੱਪਰ ਖ਼ੁਸ਼ ਹੋ ਰਿਹਾ ਹੈ। ਇਸ ਸਮਾਗ਼ਮ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਸੀ ਕਿ ਇਸ ਵਿਚ ਕੋਈ ਪ੍ਰਧਾਨ ਜਾਂ ਪ੍ਰਧਾਨਗੀ-ਮੰਡਲ ਨਹੀਂ ਸੀ, ਕੇਵਲ ਕਵੀ/ਕਵਿੱਤਰੀਆਂ, ਗਾਇਕ/ਗਾਇਕਾਵਾਂ ਅਤੇ ਸੁਹਿਰਦ ਸਰੋਤੇ ਸਨ ਜੋ ਬਰੈਂਪਟਨ, ਮਿਸੀਸਾਗਾ, ਮਿਲਟਨ ਅਤੇ ਹੋਰ ਸ਼ਹਿਰਾਂ ਤੋਂ ਉਚੇਚੇ ਤੌਰ ‘ਤੇ ਓਕਵਿੱਲ ਪਹੁੰਚੇ।
ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸਮਾਗ਼ਮ ਦੇ ਮੁੱਖ-ਮੇਜ਼ਬਾਨ ਡਾ. ਪਰਗਟ ਸਿੰਘ ਬੱਗਾ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਬੜੇ ਹੀ ਭਾਵੁਕ ਸ਼ਬਦਾਂ ਵਿਚ ਆਏ ਸਮੂਹ-ਮਹਿਮਾਨਾਂ ਨੂੰ ਨਿੱਘੀ ‘ਜੀ-ਆਇਆਂ’ ਕਹੀ। ਉਪਰੰਤ, ਸਭਾ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂ ਨੇ ਸਭਾ ਦੀਆਂ ਸਰਗ਼ਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਭਾ ਪਿਛਲੇ ਅੱਠ ਸਾਲ ਤੋਂ ਬਰੈਂਪਟਨ ਵਿਚ ਆਪਣੇ ਵੱਖ-ਵੱਖ ਪ੍ਰੋਗਰਾਮ ਲਗਾਤਾਰ ਕਰ ਰਹੀ ਹੈ ਅਤੇ ਬਰੈਂਪਟਨ ਤੋਂ ਬਾਹਰ ਓਕਵਿੱਲ ਵਿਚ ਇਸ ਦਾ ਇਹ ਪਹਿਲਾ ਸਮਾਗ਼ਮ ਹੈ। ਉਨ੍ਹਾਂ ਹਾਜ਼ਰੀਨ ਦੇ ਨਾਲ ਸਭਾ ਦੇ ਸਰਗ਼ਰਮ ਮੈਂਬਰਾਂ ਦੀ ਜਾਣ-ਪਛਾਣ ਵੀ ਕਰਵਾਈ।
ਕਵੀ-ਦਰਬਾਰ ਦਾ ਸ਼ੁਭ-ਆਰੰਭ ਇਕਬਾਲ ਬਰਾੜ ਦੀ ਸੁਰੀਲੀ ਆਵਾਜ਼ ਵਿਚ ਗਾਏ ਗਏ ਸੁਆਗ਼ਤੀ-ਗੀਤ ਨਾਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਪ੍ਰਿੰ. ਗਿਆਨ ਸਿੰਘ ਘਈ, ਗਿਆਨ ਸਿੰਘ ਦਰਦੀ, ਸੁਰਿੰਦਰ ਸ਼ਰਮਾ, ਹਰਦਿਆਲ ਝੀਤਾ, ਗੁਰਦੇਵ ਚੌਹਾਨ, ਗੁਰਬਚਨ ਸਿੰਘ ਚਿੰਤਕ, ਦਰਸ਼ਨ ਸਿੰਘ ਸਿੱਧੂ, ਹਰਜਿੰਦਰ ਸਿੰਘ ਭਸੀਨ, ਸੁਖਚਰਨਜੀਤ ਕੌਰ ਗਿੱਲ, ਨਵਦੀਪ ਕੌਰ ਗਿੱਲ, ਡਾ. ਬਲਜਿੰਦਰ ਸੇਖੋਂ, ਡਾ.ਜਗਮੋਹਨ ਸੰਘਾ, ਪ੍ਰਿੰ. ਕਮਲਜੀਤ ਸਿੰਘ ਟਿੱਬਾ, ਕਰਨ ਅਜਾਇਬ ਸਿੰਘ ਸੰਘਾ, ਬਲਦੇਵ ਸਹਿਦੇਵ, ਸੁਰਿੰਦਰ ਸਿੰਘ ਗਿੱਲ, ਅਜੀਤ ਹਿਰਖ਼ੀ, ਸੁਰਿੰਦਰ ਗਰੇਵਾਲ, ਬਲਦੇਵ ਸਹਿਦੇਵ, ਨਵਜੋਤ ਬਰਾੜ, ਪਰਮਜੀਤ ਦਿਓਲ, ਸੁਰਿੰਦਰਜੀਤ, ਗੁਰੰਜਲ ਕੌਰ ਅਤੇ ਰਾਜਵੰਤ ਬਾਜਵਾ ਨੇ ਵਾਰੋ-ਵਾਰੀ ਗੁਰੂ ਨਾਨਕ ਦੇਵ ਜੀ ਬਾਰੇ ਅਤੇ ਹੋਰ ਸਮਾਜਿਕ ਵਿਸ਼ਿਆਂ ਨਾਲ ਸਬੰਧਿਤ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਸੁਣਾਈਆਂ। ਮਾਹੌਲ ਨੂੰ ਸੰਗੀਤ-ਮਈ ਬਨਾਉਣ ਲਈ ਮੰਚ-ਸੰਚਾਲਕ ਨੇ ਬੜੀ ਸੁਚੱਜਤਾ ਨਾਲ ਵਿਚ-ਵਿਚਾਲੇ ਸੰਨੀ ਸ਼ਿਵਰਾਜ, ਪਰਮਜੀਤ ਢਿੱਲੋਂ, ਪਰਮਜੀਤ ਗਿੱਲ, ਰਿੰਟੂ ਭਾਟੀਆ, ਮੀਤਾ ਖੰਨਾ ਅਤੇ ਹੋਰ ਗਾਇਕਾਂ/ਗਾਇਕਾਵਾਂ ਨੂੰ ਪੇਸ਼ ਕੀਤਾ ਜਿਨ੍ਹਾਂ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਸਰੋਤਿਆਂ ਦਾ ਮਨ ਮੋਹਿਆ। ਇਸ ਸਮਾਗ਼ਮ ਦਾ ਅਹਿਮ ਭਾਗ ਸਾਡੇ ਪਾਕਿਸਤਾਨੀ ਭਰਾ ਸਨ ਜੋ ਸਭਾ ਦੇ ਸਰਗ਼ਰਮ ਮੈਂਬਰ ਜਨਾਬ ਮਕਸੂਦ ਚੌਧਰੀ ਦੀ ਅਗਵਾਈ ਵਿਚ ਬੜੇ ਉਤਸ਼ਾਹ ਨਾਲ ਪਹੁੰਚੇ। ਚੌਧਰੀ ਸਾਹਿਬ ਸਮੇਤ ਉਨ੍ਹਾਂ ਵਿੱਚੋਂ ਪ੍ਰੋ. ਆੰਿਸ਼ਕ ਰਹੀਲ, ਬਸ਼ੱਰਤ ਰੇਹਾਨ, ਅਫ਼ਜ਼ਲ ਰਾਜ, ਬਾਬਰ ਅੱਤਾ, ਅਬਦੁਲ ਹਮੀਦ ਅਤੇ ਹਮੀਦ ਮੁਮਤਾਜ਼ ਨੇ ਉਰਦੂ ਅਤੇ ਠੇਠ ਲਾਹੌਰੀ ਪੰਜਾਬੀ ਵਿਚ ਗ਼ਜ਼ਲਾਂ ਤੇ ਕਵਿਤਾਵਾਂ ਸੁਣਾ ਕੇ ਵੱਖਰਾ ਹੀ ਰੰਗ ਬੰਨ੍ਹਿਆ। ਸੁਖਦੇਵ ਸਿੰਘ ਝੰਡ ਨੇ ਆਪਣੀ ਕੋਈ ਕਵਿਤਾ ਕਹਿਣ ਦੀ ਬਜਾਏ ਪ੍ਰਸਿੱਧ ਉਰਦੂ ਸ਼ਾਇਰ ਸ਼ਕੀਲ ਬਦਾਈਊਨੀ ਦੀ ਗ਼ਜ਼ਲ ‘ਆਜ ਵੋਹ ਭੀ ਇਸ਼ਕ ਕੇ ਮਾਰੇ ਨਜ਼ਰ ਆਨੇ ਲਗੇ’ ਤਰੰਨਮ ਵਿਚ ਸੁਣਾਈ।
ਪੰਕਜ ਸ਼ਰਮਾ ਨੇ ਹਿੰਦੀ ਵਿਚ ਆਪਣੀ ਕਵਿਤਾ ਸੁਣਾ ਕੇ ਸਮਾਗ਼ਮ ਨੂੰ ਵੱਖਰੀ ਰੰਗਤ ਦਿੱਤੀ। ਉੱਘੇ-ਗ਼ਜ਼ਲਗੋ ਭੁਪਿੰਦਰ ਦੁਲੇ ਦੀ ਸਦਾ-ਬਹਾਰ ਗ਼ਜ਼ਲ ਦੇ ਬੰਦ ”ਹਸਤੀ ਤੇਰੀ ਕਟੇ ਨਾ ਆਰਿਆਂ ਦੇ ਸੰਗ ਵੀ, ਚਰਖੜੀ ‘ਤੇ ਚੜ੍ਹ ਜਾਹ ਜਾਂ ਬੰਦ-ਬੰਦ ਹੋ ਜਾਹ” ਅਤੇ ਇਸ ਤੋਂ ਪਿਛਲੇਰੇ ਬੰਦਾਂ ਦੇ ਅਖ਼ੀਰਲੇ ਸ਼ਬਦਾਂ ઑਨਾ-ਪਸੰਦ ਹੋ ਜਾਹ਼,’ਮਨਪਸੰਦ ਜੋ ਜਾਹ’,’ਰੰਦ ਹੋ ਜਾਹ’, ਆਦਿ ਨਾਲ ਸਰੋਤਿਆਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਜੰਮੂ ਤੋਂ ਆਈ ਸਾਹਿਤਕ-ਜੋੜੀ ਬਲਜੀਤ ਰੈਣਾ ਤੇ ਸੁਰਿੰਦਰ ਨੀਰ ਨੇ ਵੀ ਆਪਣੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੀ ਖ਼ੂਬ ‘ਵਾਹ-ਵਾਹ’ ਖੱਟੀ। ਓਕਵਿੱਲ-ਵਾਸੀ ਸ਼ਾਇਰ ਜਰਨੈਲ ਸਿੰਘ ਮੱਲ੍ਹੀ ਵੱਲੋਂ ਇਸ ਸਮਾਗ਼ਮ ਦੀ ਸਫ਼ਲਤਾ ਲਈ ਵਧਾਈਆਂ ਕਵਿਤਾ ਰੂਪ ਵਿਚ ਦਿੱਤੀਆਂ ਗਈਆਂ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਪਰਗਟ ਸਿੰਘ ਬੱਗਾ ਵੱਲੋਂ ਆਏ ਸਮੂਹ ਮਹਿਮਾਨਾਂ ਅਤੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਸ਼ਿਰਕਤ ਕਰਨ ਲਈ ਉਨ੍ਹਾਂ ਬਰੈਂਪਟਨ ਤੋਂ ਉਚੇਚੇ ਤੌਰ ‘ਤੇ ਪਧਾਰੇ ਕ੍ਰਿਪਾਲ ਸਿੰਘ ਪੰਨੂੰ, ਪੂਰਨ ਸਿੰਘ ਪਾਂਧੀ, ਪ੍ਰੋ. ਆਸ਼ਿਕ ਰਹੀਲ, ਪਿਆਰਾ ਸਿੰਘ ਤੂਰ, ਦਲਜੀਤ ਸਿੰਘ ਗੈਦੂ, ਜਰਨੈਲ ਸਿੰਘ ਮਠਾੜੂ, ਯੂਨਾਈਟਿਡ ਆਟੋ ਦੇ ਸੁਰਜੀਤ ਸਿੰਘ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ ਤੇ ਕਈ ਹੋਰਨਾਂ ਦੇ ਨਾਂ ਲੈ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਇਸ ਮੌਕੇ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਇਹ ਭਰਪੂਰ ਕਵੀ-ਦਰਬਾਰ ਵੇਖ ਕੇ ਅਤੇ ਸੁਣ ਕੇ ਉਨ੍ਹਾਂ ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਛੇ ਦਹਾਕੇ ਪਹਿਲਾਂ ਕਰਵਾਏ ਗਏ ਤਿੰਨ-ਭਾਸ਼ਾਈ ਕਵੀ-ਦਰਬਾਰਾਂ ਦੀ ਯਾਦ ਆ ਰਹੀ ਹੈ ਜਿਨ੍ਹਾਂ ਵਿਚ ਸੁਹਿਰਦ ਸਰੋਤਿਆਂ ਦੀ ਇੰਜ ਹੀ ਭਰਮਾਰ ਹੁੰਦੀ ਸੀ। ਸਮਾਗ਼ਮ ਦੇ ਅਖੀਰ ਵਿਚ ਗੁਰਿੰਦਰ ਸਿੰਘ ਮੱਲ੍ਹੀ ਦੀ ਕੰਪਨੀ ઑਕੁਇੰਜ਼ਨੋ਼ ਵੱਲੋਂ ਹਾਜ਼ਰੀਨ ਨੂੰ ਲਜ਼ੀਜ਼ ਸੱਬ ਡਿਨਰ ਵਜੋਂ ਸਰਵ ਕੀਤੇ ਗਏ ਅਤੇ ਸਾਰਿਆਂ ਨੇ ਇਕ ਦੂਸਰੇ ਕੋਲੋਂ ਅਲਵਿਦਾ ਲਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …