24 C
Toronto
Friday, June 12, 2026
spot_img
Homeਸੰਪਾਦਕੀਪੰਜਾਬ ਦੀ ਮਿੱਟੀ, ਪਾਣੀ ਤੇ ਖ਼ੁਰਾਕ ਦੀ ਸੰਭਾਲ

ਪੰਜਾਬ ਦੀ ਮਿੱਟੀ, ਪਾਣੀ ਤੇ ਖ਼ੁਰਾਕ ਦੀ ਸੰਭਾਲ

ਗੁਰਬਾਣੀ ਦਾ ਮਹਾਨ ਸੰਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਸਾਨੂੰ ਕੁਦਰਤ ਪ੍ਰਤੀ ਸਤਿਕਾਰ ਅਤੇ ਸਾਂਝ ਦਾ ਮਾਰਗ ਦਿਖਾਉਂਦਾ ਹੈ, ਪਰ ਅੱਜ ਦੇ ਪੰਜਾਬ ਦੀ ਤਸਵੀਰ ਇਸ ਫਲਸਫ਼ੇ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਪੰਜਾਬ ਦੀ ਲਗਭਗ 60 ਫ਼ੀਸਦੀ ਤੋਂ ਵੱਧ ਅਬਾਦੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਖੇਤੀਬਾੜੀ ਉੱਤੇ ਨਿਰਭਰ ਹੈ। ਇਸ ਲਈ ਇੱਥੇ ਕਿਸਾਨੀ ਦਾ ਸੰਕਟ ਸਿਰਫ਼ ਇੱਕ ਵਰਗ ਦਾ ਸੰਕਟ ਨਹੀਂ, ਸਗੋਂ ਹਰ ਉਸ ਥਾਲੀ ਦਾ ਸੰਕਟ ਹੈ ਜਿਸ ਤੱਕ ਕਿਸਾਨ ਦੀ ਮਿਹਨਤ ਸਦਕਾ ਅੰਨ ਪਹੁੰਚਦਾ ਹੈ। 1960ਵਿਆਂ ਦੀ ਹਰੀ ਕ੍ਰਾਂਤੀ ਨੇ ਬੇਸ਼ੱਕ ਦੇਸ਼ ਦਾ ਢਿੱਡ ਭਰਿਆ, ਪਰ ਇਸ ਨੇ ਸਾਡੀ ‘ਮਾਤਾ ਧਰਤਿ’ ਨੂੰ ਰਸਾਇਣਾਂ ਨਾਲ ਜ਼ਹਿਰੀਲਾ ਬਣਾ ਦਿੱਤਾ ਅਤੇ ‘ਪਾਣੀ ਪਿਤਾ’ ਨੂੰ ਪਾਤਾਲ ਵੱਲ ਧੱਕਣ ਦੇ ਨਾਲ-ਨਾਲ ਦੂਸ਼ਿਤ ਵੀ ਕਰ ਦਿੱਤਾ। ਆਪਣੀ ਪੁਰਾਤਨ ਸਿਆਣਪ ਅਤੇ ਕੁਦਰਤੀ ਸੰਤੁਲਣ ਨੂੰ ਵਿਸਾਰ ਕੇ ਅਸੀਂ ਮੰਡੀ ਦੀ ਗ਼ੁਲਾਮੀ ਦੇ ਉਸ ਕੁਚੱਕਰ ਵਿੱਚ ਫਸ ਗਏ ਹਾਂ, ਜਿੱਥੇ ਲਾਗਤਾਂ ਦੇ ਵਾਧੇ ਨੇ ਅੰਨਦਾਤੇ ਨੂੰ ਕਰਜ਼ੇ ਅਤੇ ਖ਼ੁਦਕੁਸ਼ੀਆਂ ਦੇ ਰਾਹ ਪਾ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਜੈਵਿਕ ਖੇਤੀ ਵੱਲ ਮੋੜਾ ਕੱਟਣਾ ਮਹਿਜ਼ ਇੱਕ ਤਕਨੀਕੀ ਤਬਦੀਲੀ ਨਹੀਂ, ਸਗੋਂ ਪੰਜਾਬ ਦੀ ਰੂਹਾਨੀ ਵਿਰਾਸਤ, ਆਰਥਿਕਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਨੂੰ ਬਚਾਉਣ ਲਈ ਲਿਆ ਗਿਆ ਇੱਕ ਲਾਜ਼ਮੀ ਨੀਤੀਗਤ ਫ਼ੈਸਲਾ ਹੈ।
ਮਿੱਟੀ ਦੀ ਸਿਹਤ ਵਿੱਚ ਆ ਰਹੀ ਲਗਾਤਾਰ ਗਿਰਾਵਟ ਪੰਜਾਬ ਦੇ ਖੇਤੀ ਸੰਕਟ ਦੀ ਜੜ੍ਹ ਹੈ। ਖੇਤੀ ਵਿਗਿਆਨ ਅਨੁਸਾਰ ਉਪਜਾਊ ਮਿੱਟੀ ਵਿੱਚ ਜੈਵਿਕ ਅੰਸ਼ (ਮਾਦਾ) ਘੱਟੋ-ਘੱਟ ਇੱਕ ਫ਼ੀਸਦ ਹੋਣਾ ਚਾਹੀਦਾ ਹੈ, ਪਰ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਵਿੱਚ ਇਹ ਅੰਕੜਾ ਚਿੰਤਾਜਨਕ ਹੱਦ ਤੱਕ, ਯਾਨੀ 0.3 ਫ਼ੀਸਦੀ ਤੋਂ ਵੀ ਹੇਠਾਂ ਡਿੱਗ ਚੁੱਕਾ ਹੈ। ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨੇ ਮਿੱਟੀ ਦੇ ਕੁਦਰਤੀ ਜੀਵ-ਚੱਕਰ ਨੂੰ ਲਗਪਗ ਤਬਾਹ ਕਰ ਦਿੱਤਾ ਹੈ। ਮਿੱਟੀ ਵਿੱਚ ਮੌਜੂਦ ਉਹ ਸੂਖ਼ਮ ਜੀਵ, ਜੋ ਕੁਦਰਤੀ ਤੌਰ ‘ਤੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਸਨ, ਹੁਣ ਰਸਾਇਣਾਂ ਦੀ ਭੇਟ ਚੜ੍ਹ ਚੁੱਕੇ ਹਨ। ਨਤੀਜੇ ਵਜੋਂ ਝਾੜ ਨੂੰ ਬਰਕਰਾਰ ਰੱਖਣ ਲਈ ਕਿਸਾਨ ਨੂੰ ਹਰ ਸਾਲ ਵਧੇਰੇ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਵਰਗੀਆਂ ਰਸਾਇਣਕ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਚੱਕਰ ਨੂੰ ਤੋੜਨ ਦਾ ਇੱਕੋ-ਇੱਕ ਵਿਗਿਆਨਕ ਰਾਹ ਜੈਵਿਕ ਖੇਤੀ ਹੈ। ਜਦੋਂ ਅਸੀਂ ਖੇਤ ਵਿੱਚ ਰੂੜੀ ਦੀ ਖਾਦ, ਹਰੀ ਖਾਦ ਜਾਂ ਜੀਵਾਮ੍ਰਿਤ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਮਿੱਟੀ ਦੀ ਜੈਵਿਕ ਸੰਰਚਨਾ ਨੂੰ ਸੁਰਜੀਤ ਕਰਦੇ ਹਾਂ। ਤੱਥ ਦੱਸਦੇ ਹਨ ਕਿ ਜੈਵਿਕ ਮਾਦੇ ਵਿੱਚ ਇੱਕ ਫ਼ੀਸਦੀ ਵਾਧਾ ਹੋਣ ਨਾਲ ਮਿੱਟੀ ਦੀ ਪਾਣੀ ਸੋਖਣ ਦੀ ਸਮਰੱਥਾ ਪ੍ਰਤੀ ਏਕੜ ਹਜ਼ਾਰਾਂ ਲਿਟਰ ਵਧ ਜਾਂਦੀ ਹੈ, ਜੋ ਪੰਜਾਬ ਦੇ ਉਨ੍ਹਾਂ 117 ‘ਡਾਰਕ ਜ਼ੋਨ’ ਬਲਾਕਾਂ ਲਈ ਬਹੁਤ ਜ਼ਰੂਰੀ ਹੈ ਜਿੱਥੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਹੇਠਾਂ ਜਾ ਚੁੱਕਾ ਹੈ।
ਜਿੱਥੋਂ ਤੱਕ ਪੰਜਾਬ ਵਿੱਚ ਵਧ ਰਹੀਆਂ ਭਿਆਨਕ ਬਿਮਾਰੀਆਂ ਦਾ ਸਵਾਲ ਹੈ, ਇਹ ਸੱਚ ਹੈ ਕਿ ਇਸ ਦੇ ਕਈ ਹੋਰ ਸਮਾਜਿਕ ਅਤੇ ਉਦਯੋਗਿਕ ਪਹਿਲੂ ਵੀ ਹੋ ਸਕਦੇ ਹਨ ਅਤੇ ਸਿਰਫ਼ ਖੇਤੀਬਾੜੀ ਨੂੰ ਹੀ ਇਸ ਦਾ ਮੁੱਖ ਕਾਰਨ ਮੰਨ ਲੈਣਾ ਸ਼ਾਇਦ ਪੂਰਾ ਸੱਚ ਨਾ ਹੋਵੇ, ਪਰ ਅਸੀਂ ਇਸ ਹਕੀਕਤ ਨੂੰ ਵੀ ਅੱਖੋਂ ਓਹਲੇ ਨਹੀਂ ਕਰ ਸਕਦੇ ਕਿ ਰਸਾਇਣਕ ਖੇਤੀ ਦੇ ਲੰਮੇ ਦੌਰ ਨੇ ਸਾਡੀ ਮਿੱਟੀ ਅਤੇ ਪਾਣੀ ਦੀ ਕੁਦਰਤੀ ਬਣਤਰ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਅਨੇਕਾਂ ਖੋਜਾਂ ਇਹ ਤਸਦੀਕ ਕਰਦੀਆਂ ਹਨ ਕਿ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ, ਫਲੋਰਾਈਡ ਅਤੇ ਆਰਸੈਨਿਕ ਵਰਗੀਆਂ ਭਾਰੀ ਧਾਤਾਂ ਦੀ ਮਾਤਰਾ ਤੈਅ ਸੀਮਾ ਤੋਂ ਕਈ ਗੁਣਾ ਵਧ ਚੁੱਕੀ ਹੈ। ਜਦੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਮਿੱਟੀ ਰਾਹੀਂ ਰਿਸ ਕੇ ਹੇਠਲੇ ਪਾਣੀ ਦੇ ਸੋਮਿਆਂ ਤੱਕ ਪਹੁੰਚਦੇ ਹਨ ਤਾਂ ਇਹ ਪਾਣੀ ਨੂੰ ਅਜਿਹੇ ‘ਜ਼ਹਿਰ’ ਵਿੱਚ ਬਦਲ ਦਿੰਦੇ ਹਨ, ਜੋ ਹੌਲੀ-ਹੌਲੀ ਮਨੁੱਖ ਨੂੰ ਮੌਤ ਦੇ ਕੰਢੇ ਲੈ ਜਾਂਦਾ ਹੈ। ਇਹ ਭਾਰੀ ਧਾਤਾਂ ਨਾ ਸਿਰਫ਼ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਜਦੋਂ ਅਸੀਂ ਜੈਵਿਕ ਖੇਤੀ ਦੀ ਗੱਲ ਕਰਦੇ ਹਾਂ ਤਾਂ ਸਾਡਾ ਮੁੱਖ ਮਕਸਦ ਸਿਰਫ਼ ਫ਼ਸਲ ਉਗਾਉਣਾ ਨਹੀਂ, ਸਗੋਂ ਸਾਡੀ ਖ਼ੁਰਾਕੀ ਲੜੀ ਵਿੱਚੋਂ ਇਨ੍ਹਾਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣਾ ਹੈ। ਇਸ ਦਿਸ਼ਾ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ ਏ ਯੂ) ਦੀ ਭੂਮਿਕਾ ਨੂੰ ਮੁੜ-ਪਰਿਭਾਸ ਿਕਰਨ ਦੀ ਲੋੜ ਹੈ। ਯੂਨੀਵਰਸਿਟੀ ਨੂੰ ਸਿਰਫ਼ ਵੱਡੀਆਂ ਬੀਜ ਅਤੇ ਖਾਦ ਕੰਪਨੀਆਂ ਦੇ ਵਪਾਰਕ ਏਜੰਡੇ ਤੋਂ ਬਾਹਰ ਆ ਕੇ ਜ਼ਮੀਨੀ ਪੱਧਰ ‘ਤੇ ਕਿਸਾਨਾਂ ਨਾਲ ਜੁੜਨਾ ਪਵੇਗਾ। ਸਭ ਤੋਂ ਪਹਿਲਾਂ ਹਰ ਜ਼ਿਲ੍ਹੇ ਅਤੇ ਬਲਾਕ ਦੀ ਮਿੱਟੀ ਦੀ ਵਿਸ਼ੇਸ਼ ਪਰਖ ਕਰਕੇ ਉੱਥੋਂ ਦੇ ਵਾਤਾਵਰਨ ਅਨੁਸਾਰ ਢੁਕਵੀਆਂ ਜੈਵਿਕ ਫ਼ਸਲਾਂ ਦਾ ਮਾਡਲ ਤਿਆਰ ਕੀਤਾ ਜਾਣਾ ਚਾਹੀਦਾ ਹੈ। ਯੂਨੀਵਰਸਿਟੀ ਨੂੰ ਆਪਣੀਆਂ ਖੋਜਾਂ ਨੂੰ ਖੇਤਾਂ ਤੱਕ ਲਿਜਾਣ ਲਈ ਪਿੰਡ ਪੱਧਰੀ ਸੈਮੀਨਾਰਾਂ ਦੀ ਲੜੀ ਸ਼ੁਰੂ ਕਰਨੀ ਚਾਹੀਦੀ ਹੈ। ਇਹ ਸੈਮੀਨਾਰ ਮਹਿਜ਼ ਕਾਗਜ਼ੀ ਕਾਰਵਾਈ ਨਾ ਹੋਣ ਸਗੋਂ ਇਨ੍ਹਾਂ ਵਿੱਚ ਕਿਸਾਨਾਂ ਨੂੰ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇ ਕਿ ਕਿਵੇਂ ਦੇਸੀ ਪਸ਼ੂਆਂ ਦੇ ਮੂਤਰ ਅਤੇ ਗੋਹੇ ਤੋਂ ਜੀਵਾਮ੍ਰਿਤ ਤਿਆਰ ਕਰਕੇ ਲਾਗਤ ਨੂੰ ਸਿਫ਼ਰ ‘ਤੇ ਲਿਆਂਦਾ ਜਾ ਸਕਦਾ ਹੈ। ਜਦੋਂ ਵਿਗਿਆਨ ਅਤੇ ਕਿਸਾਨੀ ਤਜਰਬਾ ਖੇਤ ਵਿੱਚ ਮਿਲਣਗੇ ਤਾਂ ਸਾਰਥਿਕ ਨਤੀਜੇ ਨਿਕਲਣਗੇ।
ਆਰਥਿਕ ਪੱਖੋਂ ਜੈਵਿਕ ਖੇਤੀ ਦੀ ਕਾਮਯਾਬੀ ਦਾ ਇੱਕ ਵੱਡਾ ਆਧਾਰ ‘ਬੀਜਾਂ ਦੀ ਖ਼ੁਦਮੁਖ਼ਤਿਆਰੀ’ ਹੈ। ਹਰੀ ਕ੍ਰਾਂਤੀ ਦੇ ਦੌਰ ਵਿੱਚ ਕਿਸਾਨ ਆਪਣੇ ਰਵਾਇਤੀ ਅਤੇ ਦੇਸੀ ਬੀਜਾਂ ਨੂੰ ਸਾਂਭਣ ਦੀ ਕਲਾ ਵਿਸਾਰ ਕੇ ਹਰ ਸਾਲ ਕੰਪਨੀਆਂ ਦੇ ਮਹਿੰਗੇ ਹਾਈਬ੍ਰਿਡ ਬੀਜਾਂ ‘ਤੇ ਨਿਰਭਰ ਹੋ ਗਿਆ ਹੈ। ਜੈਵਿਕ ਮਾਡਲ ਕਿਸਾਨ ਨੂੰ ਮੁੜ ਆਪਣੇ ਬੀਜ ਖ਼ੁਦ ਤਿਆਰ ਕਰਨ ਅਤੇ ਸਾਂਭਣ ਲਈ ਉਤਸ਼ਾਹਿਤ ਕਰਦਾ ਹੈ, ਜੋ ਕਿ ਖੇਤੀ ਲਾਗਤ ਨੂੰ ਘਟਾਉਣ ਦਾ ਸਭ ਤੋਂ ਵੱਡਾ ਸਾਧਨ ਹੈ। ਜੇਕਰ ਅਸੀਂ ਵਿਸ਼ਵ ਪੱਧਰ ‘ਤੇ ਦੇਖੀਏ ਤਾਂ ਅੱਜ ਦੁਨੀਆ ਭਰ ਵਿੱਚ ਜੈਵਿਕ ਖੇਤੀ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਵਿਸ਼ਵ ਪੱਧਰੀ ਸਰਵੇਖਣ ਦੱਸਦੇ ਹਨ ਕਿ ਪਿਛਲੇ ਇੱਕ ਦਹਾਕੇ ਵਿੱਚ ਜੈਵਿਕ ਉਤਪਾਦਾਂ ਦੀ ਮੰਗ ਵਿੱਚ 15 ਫ਼ੀਸਦੀ ਸਾਲਾਨਾ ਵਾਧਾ ਹੋ ਰਿਹਾ ਹੈ। ਸਿੱਕਿਮ ਵਰਗੇ ਭਾਰਤੀ ਰਾਜ ਨੇ ਖ਼ੁਦ ਨੂੰ ਪੂਰੀ ਤਰ੍ਹਾਂ ‘100 ਫ਼ੀਸਦ ਜੈਵਿਕ ਸੂਬਾ’ ਐਲਾਨ ਕੇ ਦੁਨੀਆ ਨੂੰ ਨਵਾਂ ਰਾਹ ਦਿਖਾਇਆ ਹੈ। ਡੈਨਮਾਰਕ ਅਤੇ ਆਸਟਰੀਆ ਵਰਗੇ ਯੂਰੋਪੀਅਨ ਦੇਸ਼ਾਂ ਵਿੱਚ ਕੁੱਲ ਖੇਤੀ ਹੇਠਲੇ ਰਕਬੇ ਦਾ ਵੱਡਾ ਹਿੱਸਾ ਜੈਵਿਕ ਖੇਤੀ ਅਧੀਨ ਆ ਚੁੱਕਾ ਹੈ। ਜਦੋਂ ਵਿਸ਼ਵ ਪੱਧਰ ‘ਤੇ ਲੋਕ ਸਿਹਤ ਪ੍ਰਤੀ ਇੰਨੇ ਜਾਗਰੂਕ ਹੋ ਰਹੇ ਹਨ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਇਸ ਮੋੜੇ ਤੋਂ ਪਿੱਛੇ ਕਿਉਂ ਹੈ? ਸਾਨੂੰ ਸਿੱਕਿਮ ਵਰਗੇ ਮਾਡਲਾਂ ਤੋਂ ਸਿੱਖ ਕੇ ਪੰਜਾਬ ਦੀਆਂ ਸਥਾਨਕ ਲੋੜਾਂ ਅਨੁਸਾਰ ਆਪਣੇ ਖੇਤੀ ਢਾਂਚੇ ਨੂੰ ਸੁਰਜੀਤ ਕਰਨ ਦੀ ਲੋੜ ਹੈ।
ਮਾਰਕੀਟਿੰਗ ਅਤੇ ਨੀਤੀਗਤ ਸੁਧਾਰ ਜੈਵਿਕ ਖੇਤੀ ਦੀ ਰੀੜ੍ਹ ਦੀ ਹੱਡੀ ਹਨ। ਸਾਨੂੰ ‘ਕਿਸਾਨ ਹੱਟ’ ਅਤੇ ‘ਜੈਵਿਕ ਬਾਜ਼ਾਰਾਂ’ ਵਰਗੇ ਢਾਂਚੇ ਨੂੰ ਹਰ ਸ਼ਹਿਰ ਵਿੱਚ ਖੜ੍ਹਾ ਕਰਨਾ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੈਵਿਕ ਉਤਪਾਦਾਂ ਲਈ ਵਿਸ਼ੇਸ਼ ਮੰਡੀਆਂ ਸਥਾਪਿਤ ਕਰੇ, ਜਿੱਥੇ ਵਿਚੋਲਿਆਂ ਦੀ ਕੋਈ ਥਾਂ ਨਾ ਹੋਵੇ ਅਤੇ ਕਿਸਾਨ ਸਿੱਧਾ ਖਪਤਕਾਰ ਨਾਲ ਜੁੜ ਸਕੇ। ਪ੍ਰਮਾਣੀਕਰਨ ਦੀ ਪ੍ਰਕਿਰਿਆ ਨੂੰ ਛੋਟੇ ਕਿਸਾਨਾਂ ਲਈ ਮੁਫ਼ਤ ਅਤੇ ਸਰਲ ਬਣਾਉਣਾ ਲਾਜ਼ਮੀ ਹੈ। ਪਿੰਡ ਪੱਧਰ ‘ਤੇ ‘ਕਿਸਾਨ ਉਤਪਾਦਕ ਸੰਗਠਨ’ ਬਣਾ ਕੇ ਸਾਂਝੀ ਮਾਰਕੀਟਿੰਗ ਅਤੇ ਬ੍ਰਾਂਡਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜਦੋਂ ਸ਼ਹਿਰੀ ਖਪਤਕਾਰ ਨੂੰ ਆਪਣੇ ਨੇੜਲੇ ‘ਕਿਸਾਨ ਹੱਟ’ ਤੋਂ ਸ਼ੁੱਧ ਅਤੇ ਤਾਜ਼ਾ ਉਤਪਾਦ ਮਿਲਣਗੇ ਤਾਂ ਉਹ ਖ਼ੁਸ਼ੀ ਨਾਲ ਵਾਜਬ ਕੀਮਤ ਦੇਵੇਗਾ, ਜਿਸ ਨਾਲ ਕਿਸਾਨ ਅਤੇ ਗਾਹਕ ਵਿਚਾਲੇ ਭਰੋਸੇ ਦਾ ਇੱਕ ਨਵਾਂ ਰਿਸ਼ਤਾ ਪੈਦਾ ਹੋਵੇਗਾ।
-ਪ੍ਰੋਫੈਸਰ ਜਗਰੂਪ ਕੌਰ

 

RELATED ARTICLES
POPULAR POSTS