20.5 C
Toronto
Monday, August 17, 2026
spot_img
Homeਸੰਪਾਦਕੀਸਿਆਸਤ ਦੀ ਜੈੱਨ-ਜ਼ੀ ਸੁਰ

ਸਿਆਸਤ ਦੀ ਜੈੱਨ-ਜ਼ੀ ਸੁਰ

ਸਿਆਸਤ ਦੀ ਜੈੱਨ-ਜ਼ੀ ਸੁਰਭਾਰਤ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਮਗਰੋਂ ‘ਜੈੱਨ-ਜ਼ੀ ਅਤੇ ਜੈੱਨ-ਅਲਫਾ’ ਚਾਣਚੱਕ ਦੇਸ਼ ਦੇ ਸਿਆਸੀ ਬਿਰਤਾਂਤ ਦੇ ਕੇਂਦਰ ਵਿੱਚ ਆ ਗਏ ਹਨ। ਇਸ ਨਵੀਂ ਪੀੜ੍ਹੀ ਵੱਲੋਂ ‘ਨੀਟ’ ਪੇਪਰ ਲੀਕ ਮੁੱਦੇ ‘ਤੇ ਜੰਤਰ ਮੰਤਰ ਉੱਤੇ ਕੀਤੇ ਗਏ ਸੰਘਰਸ਼ ਦੀ ਭਾਸ਼ਾ ਅਤੇ ਅਪਣਾਏ ਗਏ ਰਵੱਈਏ ਨੇ ਇਕਦਮ ਹੀ ਦੇਸ਼ ਦਾ ਸਿਆਸੀ ਮਾਹੌਲ ਬਦਲ ਦਿੱਤਾ ਹੈ।
ਜੰਤਰ ਮੰਤਰ ਦਾ ਰੋਸ ਪ੍ਰਦਰਸ਼ਨ ਖ਼ਤਮ ਹੋਇਆਂ ਕਰੀਬ ਦੋ ਹਫ਼ਤੇ ਬੀਤ ਗਏ ਹਨ, ਪਰ ਬਦਲੇ ਮਾਹੌਲ ਵਿੱਚ ਹੁਣ ਸਿਆਸਤਦਾਨਾਂ ਵੱਲੋਂ ਇਸ ਪੀੜ੍ਹੀ ਨੂੰ ਧਿਆਨ ਵਿੱਚ ਰੱਖ ਕੇ ਸਿਆਸਤ ਦੀਆਂ ਨਵੀਆਂ ਸੁਰਾਂ ਛੇੜੀਆਂ ਜਾ ਰਹੀਆਂ ਹਨ। ਦਰਅਸਲ, ਇਸ ਅੰਦੋਲਨ ਨੇ ਇਸ ਪੀੜ੍ਹੀ ਦਾ ਅਸਲ ਖ਼ਾਸਾ ਸਮੁੱਚੇ ਦੇਸ਼ ਸਾਹਮਣੇ ਲੈ ਆਂਦਾ ਹੈ, ਜੋ ਸਟੇਟ ਦੇ ਬਲ ਦੀ ਵਰਤੋਂ ਦੇ ਸਾਰੇ ਹੱਥਕੰਡਿਆਂ ਦਾ ਟਾਕਰਾ ਕਰਦਿਆਂ ਮੀਮਜ਼ ਤੇ ਮਜ਼ਾਹ ਦੀ ਭਾਸ਼ਾ ਨਾਲ ਸੱਤਾ ਨੂੰ ਇਉਂ ਜਿੱਚ ਕਰਦੀ ਹੈ ਕਿ ਹਾਜ਼ਰ ਜਵਾਬ ਆਗੂਆਂ ਨੂੰ ਵੀ ਜਵਾਬ ਦੇਣ ਲਈ ਸ਼ਬਦ ਨਹੀਂ ਅਹੁੜਦੇ। ਗੱਲ ਇੱਥੇ ਹੀ ਨਹੀਂ ਰੁਕਦੀ, ਸਿਆਸਤਦਾਨਾਂ ਨੂੰ ਇਹ ਡਰ ਵੀ ਸਤਾਉਣ ਲੱਗਿਆ ਹੈ ਕਿ ਉਨ੍ਹਾਂ ਦੇ ਜਵਾਬ ‘ਤੇ ਪਤਾ ਨਹੀਂ ਜੈੱਨ-ਜ਼ੀ ਨੇ ਅੱਗਿਓਂ ਕੀ ਮੀਮ ਬਣਾ ਧਰਨਾ ਹੈ! ਜੈੱਨ-ਜ਼ੀ ਦੇ ਸੰਵਾਦ ਦੀ ਭਾਸ਼ਾ ਰਵਾਇਤੀ ਨਹੀਂ। ਵੱਡੇ ਵੱਡੇ ਸਿਆਸਤਦਾਨਾਂ ਨੂੰ ਉਹ ‘ਕੁਚੂ ਪੁਚੂ’ ਸੰਬੋਧਨ ਕਰਦੇ ਹਨ। ਇਹ ਸ਼ਬਦ ਨਿਰਾਦਰ ਭਰਿਆ ਨਹੀਂ ਸਗੋਂ ਪਿਆਰ, ਲਾਡ ਅਤੇ ਆਪਣੇਪਣ ਨਾਲ ਕੀਤਾ ਗਿਆ ਸੰਬੋਧਨ ਮੰਨਿਆ ਜਾਂਦਾ ਹੈ। ਏਨੇ ਪਿਆਰ ਨਾਲ ਸੰਬੋਧਨ ਕਰਨ ਮਗਰੋਂ ਉਹ ਪੋਲੇ ਜਿਹੇ ਆਪਣੀ ਮੰਗ, ਸ਼ਿਕਾਇਤ ਜਾਂ ਫਿਰ ਕੌੜੇ-ਕੁਸੈਲੇ ਸਵਾਲ ਕਰ ਦਿੰਦੇ ਹਨ। ਸਾਡੇ ਸਿਆਸਤਦਾਨ ਇਸ ਭਾਸ਼ਾ ਦੇ ਆਦੀ ਨਹੀਂ। ਉਨ੍ਹਾਂ ਨੂੰ ਤਾਂ ਆਪਣੇ ਲਈ ‘ਮਾਨਨੀਯ’, ‘ਆਦਰਣੀਯ’ ਅਤੇ ‘ਜੀ’ ਜਿਹੇ ਸੰਬੋਧਨਾਂ ਦੀ ਆਦਤ ਹੈ। ਜੈੱਨ-ਜ਼ੀ ਦਾ ‘ਕੁਚੂ ਪੁਚੂ’ ਜਿਹਾ ਬੇਤਕੱਲੁਫ਼ ਸੰਬੋਧਨ ਉਨ੍ਹਾਂ ਨੂੰ ਮਨ ਹੀ ਮਨ ਹੈਰਾਨ-ਪ੍ਰੇਸ਼ਾਨ ਕਰਦਾ ਹੈ। ਪਰ ਕੀਤਾ ਕੀ ਜਾਏ? ਦੇਸ਼ ਵਿੱਚ ਇਨ੍ਹਾਂ ਜੈੱਨ-ਜ਼ੀ ਦੀ ਗਿਣਤੀ 40 ਕਰੋੜ ਦੇ ਲਗਭਗ ਹੈ ਅਤੇ ਇਨ੍ਹਾਂ ਨੂੰ ਆਪਣੇ ਹੱਕਾਂ ਤੇ ਤਾਕਤ ਦਾ ਵੀ ਪੂਰਾ ਅੰਦਾਜ਼ਾ ਹੈ। ਇਹ ਦੇਸ਼ ਨੂੰ ਦਰਪੇਸ਼ ਗੰਭੀਰ ਮੁੱਦਿਆਂ ਤੋਂ ਭਲੀਭਾਂਤ ਵਾਕਿਫ਼ ਹਨ ਤੇ ਇਨ੍ਹਾਂ ਗੰਭੀਰ ਮੁੱਦਿਆਂ ਨੂੰ ਵੀ ਇਹ ਹਲਕੇ-ਫੁਲਕੇ ਮਜ਼ਾਹੀਆ ਢੰਗ ਨਾਲ ਇਉਂ ਉਭਾਰਦੇ ਹਨ ਕਿ ਉਹ ਸਿਆਸਤਦਾਨਾਂ ਲਈ ਘਾਤਕ ਹੋ ਨਿੱਬੜਦਾ ਹੈ। ਇਸੇ ਲਈ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਸਿਆਸੀ ਸੰਵਾਦ ‘ਤੇ ਜੈੱਨ-ਜ਼ੀ ਦਾ ਰੰਗ ਚੜ੍ਹਿਆ ਨਜ਼ਰ ਆਉਣ ਲੱਗਿਆ ਹੈ।
ਸਭ ਤੋਂ ਪਹਿਲਾ ਬਦਲਾਅ ਉਦੋਂ ਨਜ਼ਰ ਆਇਆ ਜਦੋਂ ਅੱਧੀ ਰਾਤ ਵੇਲੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਨਾਲ ਸੰਵਾਦ ਰਚਾਉਣ ਲਈ ਇੰਸਟਾ ਰੀਲ ਬਣਾਈ। ਉਨ੍ਹਾਂ ਸੰਬੋਧਨ ਵੀ ਇਨ੍ਹਾਂ ਵਾਂਗ ਹੀ ‘ਹੈਲੋ ਫਰੈਂਡਜ਼’ ਕਹਿ ਕੇ ਕੀਤਾ। ਲੱਗਦੈ ਕਿ ਉਨ੍ਹਾਂ ਨੂੰ ਇਹ ਕੈਜ਼ੂਅਲ ਰੀਲ ਬਣਾਉਣ ਦੀ ਸਲਾਹ ਕਿਸੇ ਅਜਿਹੇ ਵਿਅਕਤੀ ਨੇ ਦਿੱਤੀ ਹੋਵੇਗੀ, ਜਿਸ ਦਾ ਇਨ੍ਹਾਂ (ਜੈੱਨ-ਜ਼ੀ) ਨਾਲ ਨੇੜਲਾ ਵਾਹ ਹੋਵੇਗਾ। ਕਿਸੇ ਦਾ ਲਿਹਾਜ਼ ਨਾ ਕਰਨ ਵਾਲੀ ਇਹ ਪੀੜ੍ਹੀ ਅੱਜਕੱਲ੍ਹ ਸਭ ਤੋਂ ਵੱਧ ਇੰਸਟਾਗ੍ਰਾਮ ‘ਤੇ ਸਰਗਰਮ ਹੈ। ਅੱਧੀ ਰਾਤ ਵੇਲੇ ਇਨ੍ਹਾਂ (ਜੈੱਨ-ਜ਼ੀ) ਲਈ ਰੀਲ ਬਣਾਉਣ ਵਾਸਤੇ ਕੀਤੀ ਗਈ ਮਿਹਨਤ ਦਾ ਮੁੱਲ ਤਾਂ ਕੀ ਪਾਉਣਾ ਸੀ ਸਗੋਂ ਇਨ੍ਹਾਂ ਉਸ ਰੀਲ ਦੇ ਕੈਮਰਾ ਐਂਗਲਜ਼ (ਕੋਣਾਂ) ਵਿੱਚ ਕਈ ਨੁਕਸ ਕੱਢ ਧਰੇ ਅਤੇ ਨਾਲ ਹੀ ਕਈਆਂ ਨੇ ਜਵਾਬੀ ਰੀਲਾਂ ਬਣਾ ਕੇ ਇਹ ਸਿਖਾਉਣਾ ਸ਼ੁਰੂ ਕਰ ਦਿੱਤਾ ਕਿ ਲਾਈਟ ਕਿਹੜੇ ਪਾਸਿਓਂ ਪਾਈ ਜਾਵੇ ਅਤੇ ਚਿਹਰਾ ਕੈਮਰੇ ਤੋਂ ਕਿੰਨੀ ਦੂਰੀ ‘ਤੇ ਰੱਖਿਆ ਜਾਵੇ ਤਾਂ ਕਿ ਤੁਸੀਂ ਦੇਖਣ ਨੂੰ ਚੰਗੇ ਲੱਗੋ। ਸਿਆਸਤਦਾਨ ਇਹ ਸਭ ਕੁਝ ਚੁੱਪ ਕਰ ਕੇ ਸੁਣ ਤੇ ਝੱਲ ਰਹੇ ਹਨ ਅਤੇ ਨਾਲ ਇਹ ਵੀ ਕਹਿ ਰਹੇ ਹਨ ਕਿ ਇਹ ਪੀੜ੍ਹੀ ਬਹੁਤ ਇਮਾਨਦਾਰ ਹੈ, ਜੋ ਦੋਗਲੀਆਂ ਗੱਲਾਂ ਨਹੀਂ ਕਰਦੀ, ਜੋ ਦਿਲ ‘ਚ ਹੈ, ਉਹੀ ਜ਼ੁਬਾਨ ‘ਤੇ ਹੈ।
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਜੈੱਨ-ਜ਼ੀ ਲਈ ਪੰਜ ਰੀਲਾਂ ਬਣਾਈਆਂ ਹਨ। ਨਵੀਂ ਇੰਸਟਾ ਰੀਲ ਉਨ੍ਹਾਂ ਖਾਦੀ ਦਿਵਸ ਮੌਕੇ ਪੋਸਟ ਕੀਤੀ ਹੈ, ਜਿੱਥੇ ਉਹ ਬੜੇ ਕਰੀਨੇ ਨਾਲ ਆਪਣੀ ਰਿਹਾਇਸ਼ ਜਾਂ ਦਫ਼ਤਰ ਵਿੱਚ ਇੱਕ ਮੇਜ਼ ‘ਤੇ ਰੱਖੇ ਖਾਦੀ ਦੇ ਰੰਗ-ਬਿਰੰਗੇ ਕੱਪੜਿਆਂ ਨੇੜੇ ਖੜ੍ਹੇ ਹੋ ਕੇ ਦੇਸ਼ ਵਾਸੀਆਂ ਨੂੰ ਖਾਦੀ ਦੀ ਵਰਤੋਂ ਕਰਨ ਲਈ ਪ੍ਰੇਰ ਰਹੇ ਹਨ। ਉਨ੍ਹਾਂਨੇ ਜੰਤਰ ਮੰਤਰ ਘਟਨਾਕ੍ਰਮ ਮਗਰੋਂ ਕੈਬਨਿਟ ਮੀਟਿੰਗ ਵਿੱਚ ਆਪਣੇ ਸਹਿਯੋਗੀਆਂ ਨੂੰ ਇੰਸਟਾਗ੍ਰਾਮ ‘ਤੇ ਸਰਗਰਮ ਹੋਣ ਲਈ ਆਖਿਆ ਸੀ।
ਇਨ੍ਹਾਂ ਨੌਜਵਾਨਾਂ ਨੂੰ ਕੱਲ੍ਹ ਦੇ ਬੱਚੇ ਸਮਝ ਕੇ ਛੁਟਿਆਉਣਾ ਜਾਂ ਇਨ੍ਹਾਂ ਨੂੰ ਮੁੱਦਿਆਂ ਦੀ ਸਮਝ ਨਾ ਹੋਣ ਦੀ ਗੱਲ ਕਹਿਣੀ ਹੁਣ ਹਰ ਸਿਆਸਤਦਾਨ ਲਈ ਔਖੀ ਹੋਵੇਗੀ। ਇਨ੍ਹਾਂ ‘ਤੇ ਦੇਸ਼ ਵਿਰੋਧੀ ਹੋਣ, ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਆਦਿ ਦੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਏ ਗਏ ਪਰ ਸਭ ਨੇ ਇਨ੍ਹਾਂ ਦੇ ਬੜੇ ‘ਕੂਲ’ ਜਵਾਬ ਦਿੱਤੇ, ਹਾਂ, ਦਿੱਤੇ ਨਵੀਂ ਭਾਸ਼ਾ ‘ਚ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਜੈੱਨ-ਜ਼ੀ ਨੇ ਆਪਣੇ ‘ਤੇ ਲੱਗੇ ਦੋਸ਼ਾਂ ਦੇ ਜਵਾਬ ‘ਚ ਜਿਹੜਾ ਰੀਲਾਂ ਦਾ ਗਾਹ ਪਾਇਆ, ਉਨ੍ਹਾਂ ਦੀ ਕਾਟ ਸੌਖੀ ਨਹੀਂ ਸੀ। ਰਵਾਇਤੀ ਦੂਸ਼ਣਬਾਜ਼ੀ ਅਤੇ ਦਲੀਲਬਾਜ਼ੀ ਤੋਂ ਇਕਦਮ ਉਲਟ ਇਨ੍ਹਾਂ ਰੀਲਾਂ ਦੀ ਜ਼ੁਬਾਨ ਨਵੀਂ ਤੇ ਦਿਲਚਸਪ ਸੀ, ਜੋ ਵਿਅੰਗ, ਮਜ਼ਾਹ ਅਤੇ ਬੇਪਰਵਾਹੀ ਵਾਲੀ ਸੀ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਵਿਦਿਆਰਥੀਆਂ ਦੀ ਲਗਾਤਾਰ ਹਮਾਇਤ ਕਰਨ ਅਤੇ ਉਨ੍ਹਾਂ ਦੇ ਮੁੱਦੇ ਉਠਾਉਣ ਮਗਰੋਂ ਜੈੱਨ-ਜ਼ੀ ਦੇ ਰੁਖ਼-ਢੰਗ ਤੋਂ ਕੇਂਦਰ ‘ਚ ਸੱਤਾਧਾਰੀ ਪਾਰਟੀ ਭਾਜਪਾ ਦੇ ਪਿੱਤਰੀ ਸੰਗਠਨ ਆਰ ਐੱਸ ਐੱਸ ਨੂੰ ਵੀ ਲੱਗਿਆ ਕਿ ਕਿਤੇ ਉਸ ਦਾ ਇੱਕ ਵੱਡੇ ਵੋਟ ਵਰਗ ਨਾਲ ਸੰਵਾਦ ਹੀ ਨਾ ਟੁੱਟ ਜਾਵੇ। ਇਸੇ ਕਾਰਨ ਆਰ ਐੱਸ ਐੱਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ 5 ਅਗਸਤ ਨੂੰ ਮੁੰਬਈ ਵਿੱਚ ਆਈ ਆਈ ਐੱਮ ਯੂ ਐੱਨ ਦੇ 15ਵੇਂ ਵਰ੍ਹੇਗੰਢ ਸਮਾਗਮ ਮੌਕੇ ਜੈੱਨ-ਜ਼ੀ ਨਾਲ ਸੰਵਾਦ ਰਚਾਇਆ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਨਾਲ ਹੀ ਕਿਹਾ ਕਿ ਇਹ ਭਰੋਸੇਮੰਦ ਪੀੜ੍ਹੀ ਹੈ ਜਿਨ੍ਹਾਂ ‘ਤੇ ਅੱਖਾਂ ਬੰਦ ਕਰ ਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਪੀੜ੍ਹੀ ਤਰਕ ਨਾਲ ਜਵਾਬ ਚਾਹੁੰਦੀ ਹੈ ਅਤੇ ਸਪੱਸ਼ਟ ਗੱਲ ਕਰਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਹੈ ਅਤੇ ਇਸ ਲਈ ਉਨ੍ਹਾਂ ਨੂੰ ਦੇਸ਼ ਵਿਰੋਧੀ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਹਫ਼ਤਾ ਪਹਿਲਾਂ ਹੀ ਸੰਘ ਦੇ ਤੀਜੇ ਨੰਬਰ ਦੇ ਅਹੁਦੇਦਾਰ ਅਤੁਲ ਲਿਮਏ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ‘ਐਂਟੀ ਨੈਸ਼ਨਲ’ ਦੱਸਿਆ ਸੀ।
ਅਰਵਿੰਦਰ ਜੌਹਲ
(‘ਪੰਜਾਬੀ ਟ੍ਰਿਬਿਊਨ’ ਵਿਚੋਂ ਧੰਨਵਾਦ ਸਹਿਤ)

RELATED ARTICLES
POPULAR POSTS