Breaking News
Home / ਸੰਪਾਦਕੀ / ਅਫ਼ਗਾਨਿਸਤਾਨ ਦੇ ਅੰਦਰੂਨੀ ਹਾਲਾਤ

ਅਫ਼ਗਾਨਿਸਤਾਨ ਦੇ ਅੰਦਰੂਨੀ ਹਾਲਾਤ

ਅਫ਼ਗਾਨਿਸਤਾਨ ਦੇ ਸੂਬੇ ਕੰਦੂਜ਼ ਵਿਚ ਇਕ ਸ਼ੀਆ ਮਸਜਿਦ ‘ਤੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਘੱਟੋ-ਘੱਟ 100 ਲੋਕ ਮਾਰੇ ਗਏ ਹਨ। ਇਹ ਮਸਜਿਦ ਸ਼ੀਆ ਫ਼ਿਰਕੇ ਨਾਲ ਸੰਬੰਧਿਤ ਹੈ। ਇਕ ਧਰਮ ਦੇ ਵੱਖ-ਵੱਖ ਫ਼ਿਰਕਿਆਂ ਵਿਚ ਇਸ ਤਰ੍ਹਾਂ ਦੀ ਖ਼ੂਨੀ ਜੰਗਬੇਹੱਦ ਨਿਰਾਸ਼ ਕਰਨ ਵਾਲੀ ਹੈ। ਧਰਮ ਮਨੁੱਖਤਾ ਨੂੰ ਜੋੜਨ ਦਾ ਕੰਮ ਕਰਦੇ ਹਨ ਪਰ ਵੱਖ-ਵੱਖ ਧਰਮਾਂ ਦੇ ਫ਼ਿਰਕਿਆਂ ਵਿਚ ਅਕਸਰ ਜਿਸ ਤਰ੍ਹਾਂ ਦਾ ਵੈਰ-ਵਿਰੋਧ ਵੇਖਿਆ ਜਾਂਦਾ ਹੈ, ਉਹ ਧਰਮ ਦੀ ਭਾਵਨਾ ਨੂੰ ਸ਼ਰਮਸਾਰ ਕਰਨ ਵਾਲਾ ਹੀ ਹੈ। ਮੁਸਲਮਾਨਾਂ ਵਿਚ ਸੁੰਨੀ ਅਤੇ ਸ਼ੀਆ ਫ਼ਿਰਕੇ ਦੀ ਆਪਸੀ ਦੁਸ਼ਮਣੀ ਲੁਕੀ ਛਿਪੀ ਨਹੀਂ ਹੈ। ਅਫ਼ਗਾਨਿਸਤਾਨ ਜਿਥੇ ਹੋਰ ਧਰਮਾਂ ਦੇ ਲੋਕ ਤਾਂ ਮੁੱਠੀ ਭਰ ਵੀ ਨਹੀਂ ਰਹਿ ਗਏ, ਵਿਚ ਸ਼ੀਆ ਤੇ ਸੁੰਨੀ ਦੁਸ਼ਮਣੀ ਜੱਗ-ਜ਼ਾਹਰ ਹੈ। ਇਥੇ ਰਹਿੰਦੇ 20 ਫ਼ੀਸਦੀ ਦੇ ਲਗਭਗ ਸ਼ੀਆ ਲੋਕਾਂ ਵਿਚੋਂ ਬਹੁਤੇ ਹਜ਼ਾਰਾ ਜਾਤੀ ਨਾਲ ਸੰਬੰਧਿਤ ਹਨ। ਇਨ੍ਹਾਂ ਉੱਪਰ ਸੁੰਨੀ ਅੱਤਵਾਦੀ ਅਕਸਰ ਹਮਲੇ ਕਰਦੇ ਰਹਿੰਦੇ ਹਨ। ਕੰਦੂਜ਼ ਵਿਚ ਹੋਇਆ ਇਹ ਮਾਰੂ ਹਮਲਾ ਗੁਆਂਢੀ ਦੇਸ਼ ਤਜਾਕਿਸਤਾਨ ਦੇ ਨੇੜੇ ਹੈ, ਜਿਥੋਂ ਦੋਵਾਂ ਦਾ ਆਪਸੀ ਵਪਾਰ ਤੇ ਹੋਰ ਲੈਣ-ਦੇਣ ਹੁੰਦਾ ਹੈ। ਇਥੇ ਹੀ ਤਾਲਿਬਾਨ ਦੀ ਸਰਕਾਰੀ ਅਫ਼ਗਾਨ ਫ਼ੌਜ ਨਾਲ ਤਾਲਿਬਾਨ ਵਿਰੋਧੀਆਂ ਦੀ ਸਖ਼ਤ ਲੜਾਈ ਵੀ ਹੋਈ ਸੀ। ਪਹਿਲਾਂ ਤੋਂ ਹੀ ਇਸ ਦੇਸ਼ ਵਿਚ ਖੇਡੀ ਜਾ ਰਹੀ ਅਜਿਹੀ ਖ਼ੂਨ ਦੀ ਹੋਲੀ ਦੇ ਆਉਂਦੇ ਸਮੇਂ ਵਿਚ ਹੋਰ ਵੀ ਵਧਣ ਦੀ ਸੰਭਾਵਨਾ ਹੈ।
ਇਸ ਅਕਤੂਬਰ ਦੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਇਥੇ ਅਜਿਹੇ ਧਮਾਕੇ ਹੁੰਦੇ ਰਹੇ ਹਨ। 2 ਅਕਤੂਬਰ ਨੂੰ ਰਾਜਧਾਨੀ ਕਾਬੁਲ ਦੀ ਮਸਜਿਦ ਦੇ ਬਾਹਰ ਬੰਬ ਧਮਾਕਾ ਹੋਇਆ ਸੀ, ਜਿਸ ਵਿਚ 12 ਵਿਅਕਤੀ ਮਾਰੇ ਗਏ ਸਨ ਤੇ ਕਈ ਦਰਜਨ ਜ਼ਖ਼ਮੀ ਹੋਏ ਸਨ। 4 ਅਕਤੂਬਰ ਨੂੰ ਤਾਲਿਬਾਨਾਂ ਵਲੋਂ ਹਜ਼ਾਰਾ ਭਾਈਚਾਰੇ ਦੇ 13 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਲਗਾਤਾਰ ਇਹ ਖ਼ੂਨੀ ਖੇਡ ਜਾਰੀ ਹੈ। ਇਥੇ ਹੀ ਬਸ ਨਹੀਂ, ਚਾਹੇ ਤਾਲਿਬਾਨ ਨੇ ਦੇਸ਼ ਦੇ ਬਹੁਤੇ ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ ਪਰ ਇਕ ਹੋਰ ਵਿਰੋਧੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ-ਖੁਰਾਸਾਨ ਨਾਲ ਇਸ ਦੀ ਕੱਟੜ ਦੁਸ਼ਮਣੀ ਹੈ। ਇਹ ਸੰਗਠਨ ਤਾਲਿਬਾਨ ਨੂੰ ਕਿਸੇ ਵੀ ਸੂਰਤ ਵਿਚ ਇਥੇ ਰਾਜ ਕਰਨ ਨਹੀਂ ਦੇਣਾ ਚਾਹੁੰਦੀ। ਨਵੀਂ ਸਰਕਾਰ ਦੇ ਬਣਦਿਆਂ ਹੀ ਇਨ੍ਹਾਂ ਗਰੁੱਪਾਂ ਵਿਚਕਾਰ ਆਪਸੀ ਝੜਪਾਂ ਹੋਈਆਂ ਸਨ ਅਤੇ ਦੋਵਾਂ ਹੀ ਪਾਸਿਆਂ ਦੇ ਕੁਝ ਵੱਡੇ ਆਗੂਆਂ ਦੇ ਸਖ਼ਤ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਮਿਲੀਆਂ ਸਨ। ਚਾਹੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਦਾ ਗੁਆਂਢੀ ਪਾਕਿਸਤਾਨ ਬੜਾ ਖੁਸ਼ ਹੋਇਆ ਸੀ, ਪਰ ਪਾਕਿਸਤਾਨ ਵਿਚਲੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਸਮੇਤ ਹੋਰ ਕਈ ਅੱਤਵਾਦੀ ਸੰਗਠਨਾਂ ਨਾਲ ਗੂੜ੍ਹੇ ਸੰਬੰਧ ਹਨ। ਇਸ ਸੰਗਠਨ ਨੇ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਵਿਚ ਬੇਹੱਦ ਖ਼ੂਨ ਵਹਾਇਆ ਹੈ। ਇਸੇ ਹੀ ਸੰਗਠਨ ਨਾਲ ਸੰਬੰਧਿਤ ਅੱਤਵਾਦੀਆਂ ਨੇਸਾਲ 2014 ਵਿਚ ਪੇਸ਼ਾਵਰ ਦੇ ਆਰਮੀ ਪਬਲਿਕ ਸਕੂਲ ਵਿਚ ਹਮਲਾ ਕਰਕੇ 114 ਬੱਚਿਆਂ ਸਮੇਤ ਕੁਝ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਮਾਰ ਦਿੱਤਾ ਸੀ। ਹੁਣ ਤੱਕ ਪਾਕਿਸਤਾਨ ਵਿਚ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ਵਿਚ 70,000 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ। ਦੁਨੀਆ ਭਰ ਵਿਚ ਮਸ਼ਹੂਰ ਮਲਾਲਾ ਯੂਸਫ਼ਜ਼ਈ ‘ਤੇ ਵੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅੱਤਵਾਦੀ ਨੇਹੀ ਹਮਲਾ ਕੀਤਾ ਸੀ, ਕਿਉਂਕਿ ਇਹ ਸੰਗਠਨ ਵੀ ਔਰਤਾਂ ਨੂੰ ਸਿੱਖਿਆ ਦੇਣ ਲਈ ਸਕੂਲਾਂ ਤੇ ਕਾਲਜਾਂ ਵਿਚ ਭੇਜਣ ਦੇ ਖ਼ਿਲਾਫ਼ ਹੈ। ਅੱਜ ਤਾਲਿਬਾਨ ਵਲੋਂ ਜਿਸ ਤਰ੍ਹਾਂ ਦੀ ਬੁੱਚੜ ਹਕੂਮਤ ਅਫ਼ਗਾਨਿਸਤਾਨ ਵਿਚ ਕਾਇਮ ਕਰਵਾਈ ਗਈ ਹੈ, ਉਸ ਤੋਂ ਜਿਥੇ ਬਹੁਗਿਣਤੀ ਅਫ਼ਗਾਨ ਨਾਗਰਿਕ ਜਿਨ੍ਹਾਂ ਵਿਚ ਵਧੇਰੇ ਔਰਤਾਂ ਸ਼ਾਮਿਲ ਹਨ, ਬੇਹੱਦ ਨਿਰਾਸ਼ਾ ਦੇ ਆਲਮ ਵਿਚ ਵਿਚਰ ਰਹੇ ਹਨ। ਰੋਜ਼ ਹੀ ਉਥੇ ਆਪਣੇ ਵਿਰੋਧੀਆਂ ਨੂੰ ਖੁੱਲ੍ਹੇਆਮ ਫਾਂਸੀ ਚੜ੍ਹਾਉਣ ਅਤੇ ਗੋਲੀਆਂ ਮਾਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸ ਵਿਚ ਸਭ ਤੋਂ ਦੁੱਖ ਵਾਲਾ ਪਹਿਲੂ ਇਹ ਹੈ ਕਿ ਦੁਨੀਆ ਦੇ ਬਹੁਤੇ ਦੇਸ਼ਾਂ ਵਲੋਂ ਅੱਜ ਇਸ ਪ੍ਰਸ਼ਾਸਨ ਨੂੰ ਮਾਨਤਾ ਤਾਂ ਕੀ ਦੇਣੀ ਹੈ, ਸਗੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਵੀ ਨਹੀਂ ਦਿੱਤੀ ਜਾ ਰਹੀ। ਇਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਰਹੀਆਂ ਹਨ।
ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਚਾਹੇ ਉਥੇ ਵਾਪਰਦੀ ਮਨੁੱਖੀ ਤ੍ਰਾਸਦੀ ਨੂੰ ਵੇਖਦੇ ਹੋਏ ਕੁਝ ਸਰਗਰਮ ਨਜ਼ਰ ਆਉਂਦੇ ਹਨ ਪਰ ਜਿੰਨਾ ਵੱਡਾ ਇਹ ਦੁਖਾਂਤ ਵਾਪਰ ਰਿਹਾ ਹੈ, ਉਸ ਦੇ ਮੁਕਾਬਲੇ ਵਿਚ ਬਾਹਰੋਂ ਆਉਂਦੀ ਖੁਰਾਕ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਬਹੁਤ ਘੱਟ ਹੈ। ਅਫ਼ਗਾਨਿਸਤਾਨ ‘ਚ ਬੱਚਿਆਂ ਦੇ ਭੁੱਖਮਰੀ ਦਾ ਸ਼ਿਕਾਰ ਹੋਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਜੇਕਰ ਤੁਰੰਤ ਕੌਮਾਂਤਰੀ ਭਾਈਚਾਰੇ ਵਲੋਂ ਇਸ ਬੇਹੱਦ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਆਉਂਦੇ ਸਮੇਂ ਵਿਚ ਲੱਖਾਂ ਹੀ ਛੋਟੇ ਬੱਚੇ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਲੱਖਾਂ ਹੀ ਬਿਮਾਰਾਂ ਨੂੰ ਸਮੇਂ ਸਿਰ ਸਹੀ ਡਾਕਟਰੀ ਮਦਦ ਨਾ ਮਿਲਣ ਕਾਰਨ ਉਹ ਮੌਤ ਦੇ ਮੂੰਹ ਵਿਚ ਜਾ ਪੈਣਗੇ। ਸੰਯੁਕਤ ਰਾਸ਼ਟਰ ਦੀ ਏਜੰਸੀ ਯੂਨੀਸੈਫ ਦੇ ਬੁਲਾਰੇ ਨੇ ਇਹ ਕਿਹਾ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਇਸ ਦੇਸ਼ ਵਿਚ 5 ਸਾਲ ਤੋਂ ਘੱਟ ਉਮਰ ਦੇ 10 ਲੱਖ ਬੱਚਿਆਂ ਨੂੰ ਮੁੜ ਸਿਹਤਯਾਬ ਕਰਨ ਲਈ ਇਲਾਜ ਦੀ ਜ਼ਰੂਰਤ ਹੋਵੇਗੀ। ਵਾਪਰ ਰਹੀ ਮਨੁੱਖੀ ਤ੍ਰਾਸਦੀ ਦੇ ਨਾਲ-ਨਾਲ ਜੇਕਰ ਅੱਤਵਾਦੀ ਸੰਗਠਨਾਂ ਵਲੋਂ ਇਕ-ਦੂਜੇ ਦੇ ਖ਼ੂਨ ਦੀਆਂ ਨਦੀਆਂ ਵਹਾਈਆਂ ਜਾਂਦੀਆਂ ਰਹੀਆਂ ਤਾਂ ਨੇੜ ਭਵਿੱਖ ਵਿਚ ਇਹ ਦੇਸ਼ ਪੂਰੀ ਤਰ੍ਹਾਂ ਨਰਕ ਦਾ ਰੂਪ ਧਾਰ ਜਾਏਗਾ। ਇਸ ਲਈ ਫੌਰੀ ਰੂਪ ਵਿਚ ਕੌਮਾਂਤਰੀ ਭਾਈਚਾਰੇ ਦੇ ਵਾਪਰ ਰਹੇ ਇਸ ਮਨੁੱਖੀ ਦੁਖਾਂਤ ਨੂੰ ਘਟਾਉਣ ਲਈ ਅੱਗੇ ਆਉਣ ਦੀ ਜ਼ਰੂਰਤ ਹੋਵੇਗੀ।

Check Also

ਸ੍ਰੀਲੰਕਾ ਦੇ ਬਦਲ ਰਹੇ ਹਾਲਾਤ ਦਾ ਗੁਆਂਢੀ ਮੁਲਕਾਂ ‘ਤੇ ਅਸਰ

ਸ੍ਰੀਲੰਕਾ ਵਿਚ ਆਈ ਵੱਡੀ ਤਬਦੀਲੀ ਵਜੋਂ ਅਨੂਰਾ ਦੀਸਾਨਾਇਕੇ ਨੇ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ …