Breaking News
Home / ਕੈਨੇਡਾ / ‘ਏਅਰਪੋਰਟ ਰੱਨਵੇਅ ਰੱਨ’ ਵਿਚ ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰਾਂ ਨੇ ਲਿਆ ਹਿੱਸਾ

‘ਏਅਰਪੋਰਟ ਰੱਨਵੇਅ ਰੱਨ’ ਵਿਚ ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰਾਂ ਨੇ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਹਰ ਸਾਲ ਵਾਂਗ ਇਸ ਸਾਲ 22 ਸਤੰਬਰ ਸ਼ਨੀਵਾਰ ਵਾਲੇ ਦਿਨ ਹੋਈ 5 ਕਿਲੋ ਮੀਟਰ ‘ਰੱਨਵੇਅ ਰੱਨ’ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਗ ਲਿਆ। ਈਵੈਂਟ ਦੇ ਆਯੋਜਕਾਂ ਅਨੁਸਾਰ 3,500 ਤੋਂ ਵਧੇਰੇ ਲੋਕ ਬੜੇ ਜੋਸ਼ ਅਤੇ ਉਤਸ਼ਾਹ ਨਾਲ ਇਸ ਦੌੜ ਵਿਚ ਸ਼ਾਮਲ ਹੋਏ। ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਵੀ ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰਾਂ ਦੇ ਵੱਡੇ ਗਰੁੱਪ ਨੇ ਇਸ ਵਿਚ ਆਪਣੀ ਭਾਵ-ਪੂਰਤ ਸ਼ਮੂਲੀਅਤ ਕੀਤੀ। ਗੂੜ੍ਹੀਆਂ ਪੀਲੀਆਂ ਟੀ-ਸ਼ਰਟਾਂ ਅਤੇ ਫ਼ਿਰੋਜ਼ੀ ਰੰਗ ਦੀਆਂ ਦਸਤਾਰਾਂ ਵਿਚ ਸੱਜੇ ਉਹ ਸਵੇਰੇ ਸੱਤ ਵਜੇ ਏਅਰਪੋਰਟ ਅਤੇ ਬੋਵਰਡ ਰੋਡ ਦੇ ਇੰਟਰਸੈੱਕਸ਼ਨ ਵਿਚਲੇ ਟਿਮ ਹੌਰਟਨ ਦੀ ਪਾਰਕਿੰਗ ਵਿਚ ਇਕੱਠੇ ਹੋ ਗਏ ਅਤੇ ਉੱਥੋਂ 7.30 ਵਜੇ ਗੱਡੀਆਂ ਵਿਚ ਸਵਾਰ ਹੋ ਕੇ ਕਾਫ਼ਲੇ ਦੇ ਰੂਪ ਵਿਚ ਏਅਰਪੋਰਟ ਵਿਚਲੀ ਨਿਰਧਾਰਤ ਦੌੜਨ ਵਾਲੀ ਜਗ੍ਹਾ ਦੇ ਨੇੜੇ ਬਣੇ ਵੱਡੇ ਹਾਲ ਅੰਦਰ ਦਾਖ਼ਲ ਹੋਏ ਜਿੱਥੇ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਈਵੈਂਟ ਵਿਚ ਭਾਗ ਲੈਣ ਲਈ ਪਹੁੰਚੇ ਹੋਏ ਸਨ। ਹਾਲ ਵਿਚ ਪ੍ਰਬੰਧਕਾਂ ਵੱਲੋਂ ਚਾਹ, ਪਾਣੀ, ਕੌਫ਼ੀ ਅਤੇ ਲਾਈਟ ਰਿਫ਼ਰੈੱਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ। ਆਪਣੀ ਵਿਲੱਖਣ ਦਿੱਖ ਵਿਚ ਸੱਜਿਆ ਟੀ.ਪੀ.ਏ.ਆਰ. ਕਲੱਬ ਦਾ ਇਹ ਗਰੁੱਪ ਉੱਥੇ ਲੋਕਾਂ ਲਈ ਖਿੱਚ ਵੱਡਾ ਦਾ ਕਾਰਨ ਬਣਿਆ।
ਦੌੜ ਸ਼ੁਰੂ ਕਰਾਉਣ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਦੌੜਾਕਾਂ ਨੂੰ ਲੋੜੀਂਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਅਤੇ 10 ਕੁ ਮਿੰਟਾਂ ਦਾ ਛੋਟਾ ਜਿਹਾ ‘ਵਾਰਮ-ਅੱਪ ਸੈਸ਼ਨ’ ਸ਼ੁਰੂ ਕੀਤਾ ਗਿਆ। ਅਲਬੱਤਾ, ਇਹ 5 ਕਿਲੋਮੀਟਰ ‘ਏਅਰਪੋਰਟ ਰੱਨਵੇਅ ਰੱਨ’ ਆਪਣੇ ਨਿਰਧਾਰਤ ਸਮੇਂ ਤੋਂ ਕੇਵਲ ਸੱਤ ਮਿੰਟ ਲੇਟ, ਭਾਵ 9.07 ਵਜੇ ਸ਼ੁਰੂ ਕੀਤੀ ਗਈ। ਟੀ.ਪੀ.ਏ.ਆਰ. ਕਲੱਬ ਦੇ ਇਸ ਗਰੁੱਪ ਵਿਚ 42 ਕਿਲੋਮੀਟਰ ਫੁੁੱਲ ਮੈਰਾਥਨ ਦੌੜ ਵਿਚ ਹਿੱਸਾ ਲੈਣ ਵਾਲੇ ਧਿਆਨ ਸਿੰਘ ਸੋਹਲ ਵੀ ਇਸ ਦੌੜ ਵਿਚ ਸ਼ਾਮਲ ਹੋਏ ਜਿਨ੍ਹਾਂ ਨੇ ਇਹ ਦੌੜ 25 ਮਿੰਟ 25 ਸਕਿੰਟ ਵਿਚ ਸਮਾਪਤ ਕੀਤੀ ਜਦ ਕਿ ਗਰੁੱਪ ਵਿਚ ਪਹਿਲੀ ਵਾਰ ਸ਼ਾਮਲ ਹੋਏ ਧਰਮ ਸਿੰਘ ਨੇ ਇਸ ਦੇ ਲਈ 25 ਮਿੰਟ 58 ਸਕਿੰਟ ਦਾ ਸਮਾਂ ਲਿਆ। ਏਸੇ ਤਰ੍ਹਾਂ ਕਲੱਬ ਦੇ ਨਵੇਂ ਬਣੇ ਮੈਂਬਰ ਸੁਭਾਸ਼ ਸ਼ਰਮਾ ਅਤੇ ਬਲਵਿੰਦਰ ਸ਼ਰਮਾ ਨੇ ਇਸ ਦੌੜ ਵਿਚ ਪਹਿਲੀ ਵਾਰ ਬੜੇ ਚਾਅ ਨਾਲ ਹਿੱਸਾ ਲਿਆ। ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਈਸ਼ਰ ਸਿੰਘ (75 ਸਾਲ) ਆਪਣੇ ਪੋਤਰੇ ਅਤੇ ਪੋਤਰੀ ਨਾਲ ਇਸ ਦੌੜ ਵਿਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਪੋਤਰੇ ਸਹਿਜ ਸਿੰਘ (9 ਸਾਲ ਤੋਂ 2 ਮਹੀਨੇ ਘੱਟ) ਅਤੇ ਪੋਤਰੀ ਸਨੇਹ ਕੌਰ (7 ਸਾਲ ਤੋਂ ਸਿਰਫ਼ ਦੋ ਮਹੀਨੇ ਵੱਧ) ਦੀ ਛੋਟੀ ਉਮਰ ਵੱਲ ਵੇਖਦਿਆਂ ਹੋਇਆਂ ਪ੍ਰਬੰਧਕਾਂ ਨੇ ਉਨ੍ਹਾਂ ਦੇ (ਖ਼ਾਸ ਤੌਰ ‘ਤੇ ਸਨੇਹ) ਇਸ 5 ਕਿਲੋ ਮੀਟਰ ਦੌੜਨ ਬਾਰੇ ਆਪਣਾ ਖ਼ਦਸ਼ਾ ਪ੍ਰਗਟ ਕੀਤਾ ਪਰ ਦੋਹਾਂ ਵੱਲੋਂ ਦਿੱਤੇ ਗਏ ਉੱਤਰਾਂ ਰਾਹੀਂ ਉਨ੍ਹਾਂ ਦੀ ਤਸੱਲੀ ਹੋ ਗਈ। ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਵਾਲੇ ਉੱਘੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ ਕਲੱਬ ਦੇ ਦੌੜਾਕਾਂ ਨੂੰ ਹੱਲਾਸ਼ੇਰੀ ਦੇਣ ਲਈ ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ। ਇਸ ਵਾਰ ਇਸ ‘5 ਕਿਲੋ ਮੀਟਰ ਰੱਨਵੇਅ ਰੱਨ’ ਦੀ ਇਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਬੱਚਿਆਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ।
ਦੌੜ ਦੀ ਸਮਾਪਤੀ ‘ਤੇ ਇਸ ਈਵੈਂਟ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਕਲੱਬ ਦੇ 75 ਮੈਂਬਰਾਂ ਵੱਲੋਂ ਇਸ ਦੌੜ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਅਤੇ ਉਹ ਸਾਰੇ ਹੀ ਇਸ ਵਿਚ ਹਿੱਸਾ ਲੈਣ ਲਈ ਬੜੇ ਸਮੇਂ-ਸਿਰ ਪਹੁੰਚੇ ਜਿਸ ਲਈ ਉਨ੍ਹਾਂ ਦੇ ਧੰਨਵਾਦੀ ਹਨ।
ਵਰਨਣਯੋਗ ਹੈ ਕਿ ਇਸ ਦੌੜ ਵਿਚ ਪਹਿਲੇ ਅਤੇ ਦੂਸਰੇ ਨੰਬਰ ‘ਤੇ ਆਉਣ ਵਾਲੇ ਦੌੜਾਕਾਂ ਈਵਾਨ ਕਿਸਬੀ ਅਤੇ ਡੇਨੀਅਲ ਰੌਡਿਕ ਨੇ ਇਹ ਕ੍ਰਮਵਾਰ 17 ਮਿੰਟ 30.5 ਸਕਿੰਟ ਅਤੇ 18 ਮਿੰਟ 2.5 ਸਕਿੰਟ ਵਿਚ ਹੀ ਪੂਰੀ ਕਰ ਲਈ, ਜਦ ਕਿ ਟੀ.ਪੀ.ਏ.ਆਰ. ਕਲੱਬ ਦੇ ਬਹੁਤ ਸਾਰੇ ਮੈਂਬਰ 25 ਤੋਂ 30 ਮਿੰਟਾਂ ਵਿਚ ‘ਫਿਨਿਸ਼-ਲਾਈਨ’ ‘ਤੇ ਪਹੁੰਚੇ। ਦੌੜ ਪੂਰੀ ਕਰਨ ਲਈ ਲੱਗਭੱਗ ਸਾਰਿਆਂ ਨੇ ਹੀ ਇਸ ਵਾਰ ਪਿਛਲੇ ਸਾਲ ਨਾਲੋਂ ਘੱਟ ਸਮਾਂ ਲਿਆ। ਗੱਲ ਕੀ, ਸਾਰੇ ਮੈਂਬਰਾਂ ਨੇ ਹੀ ਇਸ ਈਵੈਂਟ ਲਈ ਬਹੁਤ ਵਧੀਆ ਉਤਸ਼ਾਹ ਵਿਖਾਇਆ। ਉਪਰੰਤ, ਸੱਭਨਾਂ ਨੇ ਜੀ.ਟੀ.ਐੱਮ. ਦੇ ਦਫ਼ਤਰ ਵਿਚ ਆ ਕੇ ਲੰਚ ਦਾ ਅਨੰਦ ਮਾਣਿਆਂ। ਰਾਤ ਨੂੰ ਡਿਨਰ-ਪਾਰਟੀ ਦਾ ਸ਼ਾਨਦਾਰ ਪ੍ਰਬੰਧ ‘ਜੀਤ ਆਟੋ ਗੈਰਾਜ’ ਦੇ ਬਾਹਰ ਸੰਧੂਰਾ ਸਿੰਘ ਬਰਾੜ, ਗੁਰਜੀਤ ਸਿੰਘ ਤੇ ਹਰਮਿੰਦਰ ਸਿੰਘ ਵੱਲੋਂ ਮਿਲ ਕੇ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …