ਬਰੈਂਪਟਨ/ਡਾ. ਝੰਡ : ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਕੈਨੇਡਾ ਦੇ ਜੰਮਪਲ ਅਤੇ ਕੈਨੇਡਾ ਵਿੱਚ ਰਹਿ ਰਹੇ ਬੱਚਿਆਂ ਅਤੇ ਬਾਲਗਾਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ, ਪੀ. ਐਸ. ਏ. ਲਿੰਕਨ ਅਤੇ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ਆਪਣੀ ਪਿਛਲੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ 28 ਅਕਤੂਬਰ ਦਿਨ ਐਤਵਾਰ ਨੂੰ ਲਿੰਕਨ ਅਲੈਂਗਜ਼ੈਂਡਰ ਸਕੂਲ 3545, ਮੌਰਨਿੰਗ ਸਟਾਰ ਡਰਾਈਵ, ਮਾਲਟਨ ਵਿਖੇ ਬਾਅਦ ਦੁਪਹਿਰ 1:30 ਤੋਂ 4:30 ਵਜੇ ਤੱਕ ਕਰਵਾਏ ਜਾਣਗੇ। ਇਹ ਸਕੂਲ ਵੈੱਸਟ-ਵੁੱਡ ਮਾਲ ਅਤੇ ਮਾਲਟਨ ਕਮਿਊਨਿਟੀ ਸੈਂਟਰ ਨੇੜੇ ਸਥਿਤ ਹੈ ।
ਇਨ੍ਹਾਂ ਮੁਕਾਬਲਿਆਂ ਵਿੱਚ ਜੂਨੀਅਰ ਕਿੰਡਰਗਾਰਟਨ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਕਿਸੇ ਵੀ ਉਮਰ ਦੇ ਵਿਅੱਕਤੀ ਹਿੱਸਾ ਲੈ ਸਕਦੇ ਹਨ। ਗਰੇਡ 7 ਤੋਂ 12 ਦੇ ਵਿਦਿਆਰਥੀਆਂ ਅਤੇ ਵਿਅਕਤੀਆਂ ਲਈ ਲੇਖ ਦਾ ਵਿਸ਼ਾ ਹੋਵੇਗਾ ‘ਸਕੂਲ ਦੇ ਬੱਚਿਆਂ ਵਿੱਚ ਇੱਕ ਦੂਜੇ ਨੂੰ ਡਰਾਉਣ-ਧਮਕਾਉਣ (Bullying) ਦੀ ਸਮੱਸਿਆ’।
ਮੁਕਾਬਲਿਆਂ ਲਈ ਗਰੇਡ 7 ਤੋਂ 8 (100 ਸ਼ਬਦ), ਗਰੇਡ 9 ਤੋਂ 10 (150-200 ਸ਼ਬਦ ), ਗਰੇਡ 11 ਤੋਂ 12 (200-250 ਸ਼ਬਦ) ਅਤੇ ਇਸ ਤੋਂ ਉੱਪਰ ਦੇ ਵਿਦਿਆਰਥੀਆਂ ਨੇ (300 ਸ਼ਬਦ ) ਦਾ ਲੇਖ ਲਿਖਣਾ ਹੋਵੇਗਾ । ਇਸ ਲੇਖ ਵਿੱਚ ਲਿਖਾਰੀਆਂ ਨੇ ‘ਇਹ ਸਮੱਸਿਆ ਕਿਉਂ, ਕਿੰਨੀ ਅਤੇ ਇਸ ਨੂੰ ਕਿਵੇਂ ਰੋਕਣਾ ਹੈ’, ਆਦਿ ਬਾਰੇ ਲਿਖਣਾ ਹੋਵੇਗਾ। ਇਸ ਦੇ ਨਾਲ ਹੀ ਇਸ ਸਾਲ ਹਿੱਸਾ ਲੈਣ ਵਾਲੇ ਸਾਰੇ ਬਾਲਗਾਂ ਲਈ ਵਿਸ਼ਾ ਹੋਵੇਗਾ, ‘ਨਸ਼ਿਆਂ ਦੀ ਸਮੱਸਿਆ ਤੇ ਇਸ ਦੀ ਰੋਕਥਾਮ ਲਈ ਸੰਜੀਦਾ ਉਪਰਾਲੇ’। ਗਰੇਡ 6 ਤੱਕ ਦੇ ਬੱਚੇ ਦਿੱਤੇ ਹੋਏ ਸ਼ਬਦਾਂ, ਵਾਕਾਂ ਜਾਂ ਪੈਰਾਗਰਾਫ਼ ਨੂੰ ਦੇਖ ਕੇ ਆਪਣੀ ਲਿਖਾਈ ਵਿੱਚ ਸੁੰਦਰ ਅਤੇ ਸ਼ੁੱਧ ਰੂਪ ਵਿੱਚ ਲਿਖਣਗੇ। ਇਹ ਸ਼ਬਦ, ਵਾਕ ਜਾਂ ਪੈਰਾਗਰਾਫ਼ ਵੀ Bullying ਵਿਸ਼ੇ ਨਾਲ ਹੀ ਸਬੰਧਤ ਹੋਣਗੇ।
ਇ੍ਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਇਨਾਮ ਦੇ ਕੇ ਸਨਮਾਨਿਆ ਜਾਵੇਗਾ। ਇਸ ਦੇ ਨਾਲ ਹੀ ਬੱਚਿਆਂ ਨਾਲ ਆਏ ਮਾਪਿਆਂ ਨੂੰ ਵਿਦਿਅਕ ਖੇਤਰ ਨਾਲ ਸਬੰਧਤ ਮਾਹਿਰਾਂ ਵਲੋਂ ਉਨ੍ਹਾਂ ਦੇ ਬੱਚਿਆਂ ਨਾਲ ਸਬੰਧਤ ਐਜੂਕੇਸ਼ਨ ਬਾਰੇ ਬਹੁਮੁੱਲੀ ਜਾਣਕਾਰੀ ਵੀ ਦਿੱਤੀ ਜਾਏਗੀ। ਪੰਜਾਬੀ ਬੋਲੀ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ।
ਸਮੂਹ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਨੂੰ ਇਹ ਵੀ ਬੇਨਤੀ ਹੈ ਕਿ ਉਹ ਪੰਜਾਬ ਚੈਰਿਟੀ ਦੀ ਫੇਸ-ਬੁੱਕ ਜ਼ਰੂਰ ਜੁਆਇਨ ਕਰਨ। ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਆਪਣਾ ਨਾਮ, ਗਰੇਡ ਅਤੇ ਫ਼ੋਨ ਨੰਬਰ ਲਿਖ ਕੇ [email protected] ‘ਤੇ ਈ-ਮੇਲ ਕਰ ਸਕਦੇ ਹੋ। ਇਸ ਪ੍ਰੋਗਰਾਮ ਲਈ ਜਿਹੜੇ ਸੱਜਣ ਕਿਸੇ ਵੀ ਕਿਸਮ ਦੀ ਸਹਾਇਤਾ ਕਰਨੀ ਚਾਹੂੰਦੇ ਹੋਣ ਜਾਂ ਕਿਸੇ ਕਿਸਮ ਦੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋਣ ਉਹ ਗੁਰਜੀਤ ਸਿੰਘ (647-990-6489), ਬਲਿਹਾਰ ਸਿੰਘ ਨਵਾਂਸ਼ਹਿਰ (647-297-8600), ਗੁਰਨਾਮ ਸਿੰਘ ਢਿੱਲੋਂ (647-287-2577), ਗਗਨਦੀਪ ਸਿੰਘ ਮਹਾਲੋਂ (416-558-3966), ਅਜੈਬ ਸਿੰਘ ਸਿੱਧੂ (416-705-2638 ) ਜਾਂ ਮਨਜਿੰਦਰ ਥਿੰਦ (647-274-5738) ਨੂੰ ਫ਼ੋਨ ਤੇ ਸੰਪਰਕ ਕਰ ਸਕਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …