Breaking News
Home / ਕੈਨੇਡਾ / ਕੈਨੇਡਾ ਦੇ ਪ੍ਰਧਾਨ ਮੰਤਰੀ ਬਣਕੇ ਕੀ ਜਗਮੀਤ ਸਿੰਘ ਆਉਂਦੇ ਦੋ ਸਾਲਾਂ ‘ਚ ਬਰੈਂਪਟਨ ਵਿਚ ਨਵਾਂ ਹਸਪਤਾਲ ਖੋਲ੍ਹ ਸਕਣਗੇ?

ਕੈਨੇਡਾ ਦੇ ਪ੍ਰਧਾਨ ਮੰਤਰੀ ਬਣਕੇ ਕੀ ਜਗਮੀਤ ਸਿੰਘ ਆਉਂਦੇ ਦੋ ਸਾਲਾਂ ‘ਚ ਬਰੈਂਪਟਨ ਵਿਚ ਨਵਾਂ ਹਸਪਤਾਲ ਖੋਲ੍ਹ ਸਕਣਗੇ?

ਹਸਪਤਾਲ ਨਾ ਸ਼ੁਰੂ ਹੋਣ ਉਤੇ ਅਕਤੂਬਰ 2021 ਵਿਚ ਪ੍ਰਿੰ. ਸੰਜੀਵ ਧਵਨ ਮਰਨ ਤੱਕ ਭੁੱਖ-ਹੜਤਾਲ ‘ਤੇ ਬੈਠਣਗੇ
ਬਰੈਂਪਟਨ/ਡਾ. ਝੰਡ : ਕੈਨੇਡਾ ਦੀਆਂ ਫ਼ੈੱਡਰਲ ਚੋਣਾਂ ਦਾ ਅੱਜਕੱਲ੍ਹ ਖ਼ੂਬ ਰਾਮ-ਰੌਲਾ ਹੈ। ਸਾਰੀਆਂ ਸਿਆਸੀ ਪਾਰਟੀਆਂ ਇਸ ਵਿਚ ਸਫ਼ਲ ਹੋਣ ਲਈ ਆਪਣਾ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਉਹ ਕਈ ਲੋਕ-ਲੁਭਾਉਣੇ ਵਾਅਦੇ ਕਰ ਰਹੀਆਂ ਹਨ ਜਿਨ੍ਹਾਂ ਵਿਚ ਬਰੈਂਪਟਨ ਵਿਚ ਨਵਾਂ ਹਸਪਤਾਲ ਮਨਾਉਣ ਦੇ ਮੁੱਦੇ ਨੂੰ ਵਿਸ਼ੇਸ਼ ਤੌਰ ‘ਤੇ ਉਭਾਰਿਆ ਜਾ ਰਿਹਾ ਹੈ ਅਤੇ ਇਹ ਪ੍ਰਚਾਰ ਸੱਭ ਤੋਂ ਵਧੇਰੇ ਐੱਨ.ਡੀ.ਪੀ. ਅਤੇ ਇਸ ਦੇ ਆਗੂ ਜਗਮੀਤ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਪ੍ਰਿੰ. ਸੰਜੀਵ ਧਵਨ ਨੇ ਪਿਛਲੇ ਦਿਨੀਂ ਜਗਮੀਤ ਸਿੰਘ ਦੇ ਨਾਂ ਇਕ ਖੁੱਲ੍ਹਾ-ਪੱਤਰ ਜਾਰੀ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਕੁਝ ਸੁਆਲ ਉਠਾਏ ਹਨ ਜਿਨ੍ਹਾਂ ਵਿਚ ਮੁੱਖ ਸੁਆਲ ਬਰੈਂਪਟਨ ਦੇ ਇਸ ਸੰਭਾਵੀ ਹਸਪਤਾਲ ਸਬੰਧੀ ਹੈ। ਪ੍ਰਿੰਸੀਪਲ ਸੰਜੀਵ ਧਵਨ ਦਾ ਕਹਿਣਾ ਹੈ ਕਿ ਬਰੈਂਪਟਨ ਵਿਚ ਇਕ ਹੋਰ ਹਸਪਤਾਲ ਖੋਲ੍ਹਣ ਬਾਰੇ ਕੋਈ ਵੀ ਸਿਆਸੀ ਪਾਰਟੀ ਗੰਭੀਰ ਨਹੀਂ ਹੈ ਅਤੇ ਸਾਰੀਆਂ ਪਾਰਟੀਆਂ ਇਸ ਨੂੰ ਸਿਆਸੀ ਮੁੱਦੇ ਵਜੋਂ ਹੀ ਲੈ ਰਹੀਆਂ ਹਨ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਰੈਂਪਟਨ ਵਿਚ ਹਸਪਤਾਲ ਬਰੈਂਪਟਨ-ਵਾਸੀਆਂ ਦੀ ਲੋੜ ਹੈ, ਨਾ ਕਿ ਸਿਆਸੀ ਨੇਤਾਵਾਂ ਦੀ, ਕਿਉਂਕਿ ਉਹ ਤਾਂ ਔਟਵਾ ਜਾਂ ਕਿਸੇ ਹੋਰ ਸ਼ਹਿਰ ਦੇ ਹਸਪਤਾਲ ਵਿਚ ਜਾ ਕੇ ਬੜੇ ਆਰਾਮ ਨਾਲ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਨੇ ਸਾਰੇ ਬਰੈਂਪਟਨ-ਵਾਸੀਆਂ ਨੂੰ ਆਪੋ-ਆਪਣੀ ਨਿੱਜੀ ਸਿਆਸੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਇੱਕ-ਮੁੱਠ ਹੋ ਕੇ ਸੰਘਰਸ਼ ਕਰਨ ਲਈ ਕਿਹਾ ਜਿਸ ਦੀ ਅਗਵਾਈ ਉਹ ਆਪਣੇ ਹਮ-ਖ਼ਿਆਲ ਦੋਸਤਾਂ ਦੇ ਸਹਿਯੋਗ ਨਾਲ ਖ਼ੁਦ ਕਰ ਰਹੇ ਹਨ।
ਜਗਮੀਤ ਸਿੰਘ ਨੂੰ ਸੰਬੋਧਿਤ ਆਪਣੇ ਖੁੱਲ੍ਹੇ-ਪੱਤਰ ਵਿਚ ਉਨ੍ਹਾਂ ਕਿਹਾ ਹੈ, ”12 ਸਤੰਬਰ, 2019 ਨੂੰ ਤੁਸੀਂ ਬਰੈਂਪਟਨ ਵਿਖੇ ਨਵਾਂ ਹਸਪਤਾਲ ਲਿਆਉਣ ਦਾ ਵਾਅਦਾ ਕੀਤਾ ਸੀ। ਤੁਸੀਂ ਇਹ ਵੀ ਦੱਸਿਆ ਕਿ ਬਰੈਂਪਟਨ ਸਿਹਤ ਸੰਭਾਲ ਅਤੇ ਸੇਵਾਵਾਂ ਦੇ ਸੰਕਟ ਨਾਲ ਜੂਝ ਰਿਹਾ ਹੈ, ਜਿਸ ਨੂੰ ਇਸ ਵੇਲੇ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਸਾਲ 2007 ਵਿੱਚ ‘ਪਰਵਾਸੀ’ ਅਖਬਾਰ ਦੇ ਸੰਪਾਦਕ ਰਾਜਿੰਦਰ ਸੈਣੀ ਅਤੇ ਬਰੈਂਪਟਨ ਦੇ ਹੋਰ ਪ੍ਰਮੁੱਖ ਨਾਗਰਿਕਾਂ ਦੀ ਅਗਵਾਈ ਵਿੱਚ ਕਈ ਬਰੈਂਪਟਨ ਵਾਸੀਆਂ ਨੇ ਇਹ ਮਾਮਲਾ ਉਠਾਇਆ ਸੀ। 9 ਦਸੰਬਰ, 2007 ਨੂੰ ਹਜ਼ਾਰਾਂ ਬਰੈਂਪਟਨ-ਵਾਸੀਆਂ ਨੇ ਫਿਰ ਆਪਣੀ ਅਸੰਤੁਸ਼ਟੀ ਜ਼ਾਹਿਰ ਕੀਤੀ ਅਤੇ ਇਸ ਮੁੱਦੇ ‘ਤੇ ਵੱਡੀ ਚਿੰਤਾ ਪ੍ਰਗਟ ਕੀਤੀ। ਰਾਜਨੀਤਿਕ ਨੇਤਾਵਾਂ ਨੇ ਉਸ ਸਮੇਂ ਵੀ ਵੱਡੇ-ਵੱਡੇ ਵਾਅਦੇ ਕੀਤੇ ਸਨ। 12 ਸਾਲਾਂ ਬਾਅਦ ਕੁਝ ਵੀ ਨਹੀਂ ਹੋਇਆ, ਸਿਵਾਏ ਇਸ ਤੱਥ ਤੋਂ ਕਿ ਬਰੈਂਪਟਨ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧਦੀ ਗਈ। ਦੂਜੇ ਸ਼ਬਦਾਂ ਵਿਚ, ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।” ਇਸ ਪੱਤਰ ਵਿਚ ਅੱਗੇ ਚੱਲ ਕੇ ਉਹ ਕਹਿੰਦੇ ਹਨ, ”11 ਅਕਤੂਬਰ, 2019 ਨੂੰ ਤੁਸੀਂ ਬਰੈਂਪਟਨ ਵਿੱਚ ਇੱਕ ਰਾਊਂਡ ਟੇਬਲ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ। ਮੈਂ ਤੁਹਾਨੂੰ ਨਿੱਜੀ ਤੌਰ ‘ਤੇ ਬਰੈਂਪਟਨ ਦੇ ਲੰਮੇ ਸਮੇਂ ਤੋਂ ਪਹਿਲਾਂ ਤੋਂ ਬਣੇ ਨਵੇਂ ਹਸਪਤਾਲ ਲਈ ਟਾਈਮਲਾਈਨ ਬਾਰੇ ਇੱਕ ਸਵਾਲ ਪੁੱਛਿਆ ਸੀ। ਤੁਸੀਂ ਕਿਹਾ ਸੀ ਕਿ ਤੁਸੀਂ ਸਮਾਂ-ਰੇਖਾ ਨਹੀਂ ਦੇ ਸਕਦੇ, ਕਿਉਂਕਿ ਇਸ ਬਾਰੇ ਸੂਬਾਈ ਸਰਕਾਰ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਅਤੇ ਉਹ ਹੀ ਆਖ਼ਰੀ ਫੈਸਲਾ ਲੈਣਗੇ। ਤੁਹਾਡੇ ਇਸ ਬਿਆਨ ਨੇ ਇਹ ਸਾਫ਼ ਕਰ ਦਿੱਤਾ ਕਿ ਇਹ ਮਾਮਲਾ ਤੁਹਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।”
ਇਸ ਤੋਂ ਬਾਅਦ ਆਪਣੀ ਚਿੱਠੀ ਵਿਚ ਕੁਝ ਹੋਰ ਕਹਿਣ ਤੋਂ ਬਾਅਦ ਪ੍ਰਿੰ. ਧਵਨ ਲਿਖਦੇ ਹਨ,”ਮੇਰਾ ਮੰਨਣਾ ਹੈ ਕਿ ਬਰੈਂਪਟਨ ਦੇ ਲੋਕਾਂ ਨੂੰ ਇਕ ਨਵੇਂ ਹਸਪਤਾਲ ਦੀ ਜ਼ਰੂਰਤ ਹੈ। ਜਿਵੇਂ ਕਿ ਤੁਸੀਂ ਆਪ ਕਿਹਾ ਹੈ ਕਿ ਬਰੈਂਪਟਨ ਵਿਚ ਸਿਹਤ-ਸੇਵਾਵਾਂ ਦਾ ਸੰਕਟ ਅਜੇ ਵੀ ਜਾਰੀ ਹੈ ਅਤੇ ਸਾਨੂੰ ਬਰੈਂਪਟਨ ਵਿਚ ਇਹ ਹਸਪਤਾਲ ਬਣਾਉਣ ਦੀ ਅਤਿਅੰਤ ਜ਼ਰੂਰਤ ਹੈ ਅਤੇ ਇਹੀ ਸਹੀ ਸਮਾਂ ਹੈ ਅਤੇ ਇਹੀ ਸਮੇਂ ਦੀ ਮੰਗ ਹੈ। ਆਪਣੇ ਆਖ਼ਰੀ ਪ੍ਰਸ਼ਨ ਵਿਚ ਮੈਂ ਕਿਹਾ, ”ਮੈਂ ਪੂਰੇ ਮੀਡੀਆ ਸਾਹਮਣੇ ਤੁਹਾਡੇ ਨਾਲ ਇਕ ਵਾਅਦਾ ਕਰਦਾ ਹਾਂ ਕਿ ਮੈਂ ਮੌਤ ਤਕ ਅਣਮਿੱਥੇ-ਸਮੇਂ ਲਈ ਭੁੱਖ ਹੜਤਾਲ ਕਰਾਂਗਾ, ਕਿਉਂਕਿ ਮੈਂ ਇਸ ਤਰ੍ਹਾਂ ਮਰਨਾ ਪਸੰਦ ਕਰਾਂਗਾ, ਨਾ ਕਿ ਹਸਪਤਾਲ ਵਿਚ ਡਾਕਟਰ ਦੀ ਉਡੀਕ ਵਿਚ ਅਤੇ ਦੁਖੀ ਹੋਣ ਦੀ ਬਜਾਏ, ਸੂਬਾਈ ਅਸੈਂਬਲੀ ਦੇ ਸਾਹਮਣੇ ਮਰਨਾ ਬਿਹਤਰ ਕਿਉਂ ਨਹੀਂ? ਕੀ ਤੁਸੀਂ ਇੱਥੇ ਇਸ ਦਾ ਵਾਅਦਾ ਕਰ ਸਕਦੇ ਹੋ, ਕਿ ਜੇ ਦੋ ਸਾਲਾਂ ਵਿੱਚ ਸਾਨੂੰ ਇਹ ਲੋੜੀਂਦਾ ਹਸਪਤਾਲ ਨਹੀਂ ਮਿਲਦਾ ਤਾਂ ਤੁਸੀਂ ਆਪਣੇ ਰਾਜਨੀਤਿਕ ਅਹੁਦਿਆਂ ਤੋਂ ਅਸਤੀਫ਼ਾ ਦੇਵੋਗੇ ਅਤੇ ਮੇਰੇ ਨਾਲ ਉਥੇ ਬੈਠੋਗੇ?” ਤੁਸੀਂ ਜਵਾਬ ਦਿੱਤਾ, ”ਮੈਂ ਹੁਣ ਅਜਿਹਾ ਨਹੀਂ ਕਰਾਂਗਾ। ਮੈਂ ਹੁਣ ਇਹ ਨਹੀਂ ਕਹਿ ਸਕਦਾ, ਮਾਫ਼ ਕਰਨਾ।” ਪ੍ਰਿੰਸੀਪਲ ਧਵਨ ਅਨੁਸਾਰ, ”ਜੇ ਮੈਂ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਬਰੈਂਪਟਨ ਲਈ ਹਸਪਤਾਲ ਦੀ ਮੰਗ ਨੂੰ ਸੱਚ ਕਰਵਾਉਣ ਲਈ ਲੜ ਸਕਦਾ ਹਾਂ ਤਾਂ ਤੁਸੀਂ ਬਰੈਂਪਟਨ ਲਈ ਹਸਪਤਾਲ ਲਿਆਉਣ ਲਈ ਆਪਣੇ ਸਿਆਸੀ ਅਹੁਦਿਆਂ ਨੂੰ ਖਤਰੇ ‘ਚ ਪਾਉਣ ਤੋਂ ਕਿਉਂ ਝਿਜਕ ਰਹੇ ਹੋ?” ਤੇ ਤੁਸੀਂ ਜਵਾਬ ਵਿੱਚ ਕਿਹਾ, ”ਮੈਨੂੰ ਨਹੀਂ ਲਗਦਾ ਕਿ ਇਹ ਮਦਦਗਾਰ ਹੋਵੇਗਾ ਕਿਉਂਕਿ ਮੇਰਾ ਅਸਤੀਫ਼ਾ ਹਸਪਤਾਲ ਲਿਆਉਣ ਵਿਚ ਸਹਾਇਤਾ ਨਹੀਂ ਕਰੇਗਾ।”
ਅੱਗੇ ਚੱਲ ਕੇ ਪ੍ਰਿੰ. ਧਵਨ ਲਿਖਦੇ ਹਨ, ”ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਸੀ ਕਮਰੇ ਵਿੱਚ ਹਰ ਕੋਈ ਬਹੁਤ ਗੰਭੀਰ ਸੀ ਅਤੇ ਤੁਹਾਡੇ ਉਮੀਦਵਾਰਾਂ ਸਮੇਤ ਸਾਰੀਆਂ ਨਜ਼ਰਾਂ ਤੁਹਾਡੇ ਉੱਤੇ ਸਨ। ਕੋਈ ਨਹੀਂ ਹੱਸ ਰਿਹਾ ਸੀ। ਮੈਂ ਸਮਝਦਾ ਹਾਂ ਕਿ ਤੁਹਾਨੂੰ ਆਪਣੇ ਅਹੁਦਿਆਂ, ਵਿਕਲਪਾਂ ਅਤੇ ਪ੍ਰਤੀਬੱਧਤਾਵਾਂ ਦੀ ਚੋਣ ਕਰਨ ਦਾ ਪੂਰਾ ਅਧਿਕਾਰ ਹੈ। ਇਹ ਫ਼ੈਸਲਾ ਕਰਨਾ ਤੁਹਾਡਾ ਅਧਿਕਾਰ ਹੈ ਕਿ ਤੁਸੀਂ ਅਸਤੀਫ਼ਾ ਦੇਣਾ ਚਾਹੁੰਦੇ ਹੋ ਜਾਂ ਨਹੀਂ, ਅਤੇ ਤੁਹਾਨੂੰ ਇਹ ਚੁਣਨ ਦਾ ਵੀ ਅਧਿਕਾਰ ਹੈ ਕਿ ਤੁਸੀਂ ਭੁੱਖ-ਹੜਤਾਲ ਵਿਚ ਹਿੱਸਾ ਲੈਣਾ ਚਾਹੁੰਦੇ ਹੋ ਜਾਂ ਨਹੀਂ। ਜੇ ਮੈਂ ਤੁਹਾਡੇ ਸਥਾਨ ‘ਤੇ ਪ੍ਰਸ਼ਨ ਦਾ ਉੱਤਰ ਦੇ ਰਿਹਾ ਹੁੰਦਾ, ਤਾਂ ਮੈਂ ਇਸ ਪ੍ਰਸ਼ਨ ਦਾ ਉੱਤਰ ਇਸ ਤਰ੍ਹਾਂ ਦੇਣਾ ਸੀ:
”ਸੰਜੀਵ, ਮੈਂ ਤੁਹਾਡੀ ਚਿੰਤਾ ਨੂੰ ਸਮਝਦਾ ਹਾਂ ਅਤੇ ਬਰੈਂਪਟਨ ਲਈ ਹਸਪਤਾਲ ਦੀ ਮੰਗ ਨੂੰ ਪੂਰਾ ਕਰਵਾਉਣ ਦੀ ਤੁਹਾਡੀ ਵਚਨਬੱਧਤਾ ਦੀ ਪ੍ਰਸ਼ੰਸਾ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਬਰੈਂਪਟਨ ਸੰਕਟ ਦੀ ਸਥਿਤੀ ਵਿਚ ਹੈ ਅਤੇ ਇਸ ਨੂੰ ਤੁਰੰਤ ਇਕ ਨਵੇਂ ਹਸਪਤਾਲ ਦੀ ਜ਼ਰੂਰਤ ਹੈ। ਮੇਰੇ ‘ਤੇ ਭਰੋਸਾ ਕਰੋ, ਮੈਂ ਗੰਭੀਰ ਸਥਿਤੀ ਵਿਚ ਪਹੁੰਚਣ ਤੋਂ ਬਚਣ ਲਈ ਆਪਣੇ ਸਾਰੇ ਸਾਧਨਾਂ ਦੀ ਵਰਤੋਂ ਕਰਾਂਗਾ ਜੋ ਤੁਹਾਨੂੰ ਅਜਿਹਾ ਸਖਤ ਕਦਮ ਚੁੱਕਣ ਲਈ ਮਜਬੂਰ ਕਰਨਗੇ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ, ਮੈਂ ਇਸ ਮਕਸਦ ‘ਚ ਤੁਹਾਦਾ ਪੂਰਨ ਸਮਰਥਨ ਕਰਾਂਗਾ ਅਤੇ ਹਰ ਰੋਜ਼ ਕੁਝ ਘੰਟੇ ਤੁਹਾਡੇ ਨਾਲ ਬੈਠਾਂਗਾ, ਪਰ ਤੁਹਾਨੂੰ ਸੰਸਦ ਵਿਚ ਸਮਰਥਨ ਦੀ ਜ਼ਰੂਰਤ ਹੈ। ਮੇਰਾ ਅਸਤੀਫਾ ਮਦਦ ਨਹੀਂ ਦੇਵੇਗਾ, ਕਿਉਂਕਿ ਮੈਂ ਸੰਸਦ ਵਿਚ ਤੁਹਾਡੀ ਆਵਾਜ਼ ਬਣਾਂਗਾ ਅਤੇ ਬਰੈਂਪਟਨ ਤੋਂ ਮੇਰੇ ਸੰਸਦ ਮੈਂਬਰ ਬਰੈਂਪਟਨ ਨੂੰ ਇਕ ਸਖ਼ਤ ਆਵਾਜ਼ ਦੇਣਗੇ।”
ਆਪਣੀ ਚਿੱਠੀ ਵਿਚ ਪ੍ਰਿੰਸੀਪਲ ਧਵਨ ਦਾ ਕਹਿਣਾ ਹੈ,”ਤੁਹਾਡੇ ਸਾਰੇ ਉਮੀਦਵਾਰ ਅਖਬਾਰਾਂ, ਰੇਡੀਓ ਅਤੇ ਟੀਵੀ ਸਟੇਸ਼ਨਾਂ ‘ਤੇ ਇਸ਼ਤਿਹਾਰ-ਬਾਜ਼ੀ ਕਰ ਰਹੇ ਹਨ, ਜ਼ੋਰ ਦੇ ਰਹੇ ਹਨ ਅਤੇ ਵਾਅਦਾ ਕਰ ਰਹੇ ਹਨ ਕਿ ਤੁਹਾਨੂੰ ਬਰੈਂਪਟਨ ਲਈ ਹਸਪਤਾਲ ਮਿਲੇਗਾ। ਕੀ ਇਹ ਵਿਅੰਗਾਤਮਕ ਗੱਲ ਨਹੀਂ ਹੈ ਕਿ ਤੁਸੀਂ ਕਿਸੇ ਅਜਿਹੇ ਮੁੱਦੇ ‘ਤੇ ਵੋਟਾਂ ਮੰਗ ਰਹੇ ਹੋ ਜਿਸ ਤੋਂ ਤੁਸੀਂ ਅਧਿਕਾਰਤ ਤੌਰ ‘ਤੇ ਇਹ ਕਹਿ ਕੇ ਇਨਕਾਰੀ ਹੋ ਗਏ ਕਿ ਉਹ ਤੁਹਾਡੇ ਅਧਿਕਾਰ-ਖ਼ੇਤਰ ‘ਚ ਨਹੀਂ ਆਉਂਦਾ? ਇਸ ਤੋਂ ਇਲਾਵਾ, ਜਦੋਂ ਤੁਹਾਨੂੰ ਇਸਦੇ ਲਈ ਥੋੜ੍ਹੀ ਜਿਹੀ ਅਹੁਦਿਆਂ ਦੀ ਕੁਰਬਾਨੀ ਦੇਣ ਲਈ ਕਿਹਾ ਜਾਂਦਾ ਹੈ, ਤਾਂ ਤੁਸੀਂ ਵਚਨਬੱਧਤਾ ਦੀ ਘਾਟ ਜ਼ਾਹਰ ਕਰਦੇ ਹੋਏ ਸਾਫ ਪੱਲਾ ਝਾੜ ਲੈਂਦੇ ਹੋ।”
ਇੱਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ 2018 ਵਿਚ ‘ਬਰੈਂਪਟਨ ਐਕਸ਼ਨ ਕੋਲੀਸ਼ਨ’ ਵੱਲੋਂ ਬਰੈਂਪਟਨ ਦੀਆਂ ਲੱਗਭੱਗ ਤਿੰਨ ਦਰਜਨ ਸੰਸਥਾਵਾਂ ਦੇ ਸਹਿਯੋਗ ਨਾਲ ਇੱਥੇ ਬਰੈਂਪਟਨ ਵਿਚ ਨਵਾਂ ਹਸਪਤਾਲ ਅਤੇ ਯੂਨੀਵਰਸਿਟੀ ਬਨਾਉਣ ਦੀਆਂ ਦੋ ਮੁੱਖ ਮੰਗਾਂ ਲੈ ਕੇ ਕੁਝ ਮੀਟਿੰਗਾਂ ਕੀਤੀਆਂ ਗਈਆਂ ਸਨ। ਡਾਊਨ ਟਾਊਨ ਟੋਰਾਂਟੋ ਵਿਚ ਅਤੇ ਮਾਲਟਨ ਤੋਂ ਰੈਕਸਡੇਲ ਤੱਕ ਸਜਣ ਵਾਲੇ ਨਗਰ-ਕੀਰਤਨਾਂ ਵਿਚ ਵੀ ਇਸ ਸਬੰਧੀ ਫ਼ਲਾਇਰ ਵੰਡੇ ਗਏ ਸਨ। ਬੇਸ਼ਕ, ਇਸ ਦਾ ਕੁਝ ਵੀ ਸਿੱਧਾ ਅਸਰ ਅਜੇ ਵੇਖਣ ਨੂੰ ਨਹੀਂ ਮਿਲਿਆ ਪਰ ਅਸਿੱਧੇ ਤੌਰ ‘ਤੇ ਸਿਆਸੀ ਪਾਰਟੀਆਂ ਨੇ ਇਸ ਨੂੰ ਆਪਣੇ ਮੁੱਖ ਚੋਣ-ਮੁੱਦਿਆਂ ਵਿਚ ਸ਼ਾਮਲ ਜ਼ਰੂਰ ਕੀਤਾ ਹੈ।ਪ੍ਰਿੰ. ਧਵਨ ਦੇ ਦੱਸਿਆ ਕਿ ਬਰੈਂਪਟਨ ਵਿਚ ਹਸਪਤਾਲ ਦੀ ਇਸ ਮੰਗ ਪ੍ਰਤੀ ਆਵਾਜ਼ ਉਠਾਉਣ ਲਈ ਉਹ ਆਪਣੇ ਹਨ-ਖ਼ਿਆਲ ਸਾਥੀਆਂ ਦੇ ਨਾਲ 22 ਅਕਤੂਬਰ ਨੂੰ ਪੀ.ਸੀ. ਪਾਰਟੀ ਨਾਲ ਸਬੰਧਿਤ ਐੱਮ.ਪੀ.ਪੀ. ਅਮਰਜੋਤ ਸੰਧੂ ਦੇ ਹਾਈਵੇਅ-10 ਤੇ ਗਲਿੰਘਮ ਰੋਡ ਸਥਿਤ ਦਫ਼ਤਰ ਦੇ ਸਾਹਮਣੇ ਸਾਰਾ ਦਿਨ ਭੁੱਖੇ ਬੈਠਣਗੇ ਅਤੇ ਮਾਂ ਕੋਲੋਂ ਰੋ ਕੇ ਦੁੱਧ ਮੰਗਣ ਵਾਲੇ ਬੱਚੇ ਦੀ ਨਿਆਈਂ ਬਰੈਂਪਟਨ-ਵਾਸੀਆਂ ਦੀ ਇਹ ਯੋਗ ਮੰਗ ਉਠਾਉਣਗੇ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …