17.2 C
Toronto
Friday, September 4, 2026
spot_img
Homeਕੈਨੇਡਾਟੋਰਾਂਟੋ ਆਈਲੈਂਡ 'ਚ ਹੋਏ 'ਸੁਪਰ ਪਾਵਰ 5, 10 ਅਤੇ 15 ਕਿਲੋਮੀਟਰ ਦੌੜ'...

ਟੋਰਾਂਟੋ ਆਈਲੈਂਡ ‘ਚ ਹੋਏ ‘ਸੁਪਰ ਪਾਵਰ 5, 10 ਅਤੇ 15 ਕਿਲੋਮੀਟਰ ਦੌੜ’ ਈਵੈਂਟ ‘ਚ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕੀਤੀ ਸ਼ਮੂਲੀਅਤ

ਟੋਰਾਂਟੋ ਆਈਲੈਂਡ ‘ਚ ਹੋਏ ‘ਸੁਪਰ ਪਾਵਰ 5, 10 ਅਤੇ 15 ਕਿਲੋਮੀਟਰ ਦੌੜ’ ਈਵੈਂਟ ‘ਚ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕੀਤੀ ਸ਼ਮੂਲੀਅਤਟੋਰਾਂਟੋ/ਡਾ. ਝੰਡ : ਲੰਘੇ ਸ਼ਨੀਵਾਰ 29 ਅਗਸਤ ਨੂੰ ਟੋਰਾਂਟੋ ਡਾਊਨ ਟਾਊਨ ਨੇੜਲੇ ਆਈਲੈਂਡ ਵਿੱਚ ਆਯੋਜਿਤ ਕੀਤੇ ਗਏ ‘ਸੁਪਰ ਪਾਵਰ 5, 10 ਤੇ 15 ਕਿਲੋਮੀਟਰ ਦੌੜ ਈਵੈਂਟ’ ਵਿੱਚ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਦੇ ਛੇ ਮੈਂਬਰਾਂ ਨੇ ਸਫ਼ਲਤਾ ਪੂਰਵਕ ਭਾਗ ਲਿਆ। ਕਲੱਬ ਵੱਲੋਂ ਇਸ ਈਵੈਟ ਵਿਚ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਅਤੇ ਉਹ ਨਿੱਜੀ ਰੂਪ ਵਿੱਚ ਹੀ ਦੌੜ ਦੇ ਇਸ ਈਵੈਂਟ ਚ ਸ਼ਾਮਲ ਹੋਏ।
ਇਨ੍ਹਾਂ ਵਿੱਚ ਤੇਜ਼-ਤਰਾਰ ਦੌੜਾਕ ਸੁਰਿੰਦਰ ਸਿੰਘ ਨਾਗਰਾ, ਸੁਖਦੇਵ ਸਿੱਧੂ, ਕਰਮਜੀਤ ਗਿੱਲ, ਰਾਹੁਲ ਗਰੇਵਾਲ, ਪਰਮਜੀਤ ਗਰੇਵਾਲ ਅਤੇ ਸੁਰਿੰਦਰ ਨਾਗਰਾ ਦੀ ਧਰਮ ਪਤਨੀ ਦਵਿੰਦਰ ਕੌਰ ਨਾਗਰਾ ਸ਼ਾਮਲ ਸਨ। ਉਹ ਸਵੇਰੇ ਛੇ ਵਜੇ ਕਾਰਾਂ ਰਾਹੀਂ ਟੋਰਾਂਟੋ ਡਾਊਨ ਟਾਊਨ ਪਹੁੰਚੇ ਅਤੇ ਜੈਕ ਲੇਟਿਨ ਫੈਰੀ ਟਰਮੀਨਲ ਤੋਂ ਫੈਰੀ ਵਿਚ ਸਵਾਰ ਹੋ ਕੇ ਆਈਲੈਂਡ ਵਿਚ ਦੌੜਾਂ ਦੇ ਈਵੈਂਟ ਦੇ ਆਰੰਭ ਹੋਣ ਵਾਲੇ ਸਥਾਨ ‘ਤੇ ਸਵੇਰੇ ਅੱਠ ਵਜੇ ਦੇ ਕਰੀਬ ਪਹੁੰਚ ਗਏ। 9.00 ਵਜੇ ਆਰੰਭ ਹੋਏ ਦੌੜਾਂ ਦੇ ਇਸ ਈਵੈਂਟ ਵਿੱਚ 600 ਤੋਂ ਵਧੇਰੇ ਦੌੜਾਕਾਂ ਤੇ ਪੈਦਲ-ਚਾਲਕਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ 5, 10 ਅਤੇ 15 ਕਿਲੋਮੀਟਰ ਦੌੜਾਂ ਦਾ ਇਹ ‘ਸੁਪਰ ਹੀਰੋ ਚੈਲਿੰਜ ਈਵੈਂਟ’ ਹਾਲੈਂਡ ਬਰੂਵਵਿਊ ਕਿਡਜ਼ ਰੀਹੈਬਿਲੀਟੇਸ਼ਨ ਹਸਪਤਾਲ ਵੱਲੋਂ ਚੈਰਿਟੀ ਦੌੜ ਵਜੋਂ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਿੱਚ ਇਕੱਤਰ ਹੋਈ ਰਾਸ਼ੀ ਇਸ ਹਸਪਤਾਲ ਵਿਖੇ ਦਾਖ਼ਲ ਦਿਮਾਗ਼ੀ ਤੌਰ ‘ਤੇ ਪੱਛੜੇ ਬੱਚਿਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ।
ਇਸ ਤਰ੍ਹਾਂ ਦੌੜ ਦੇ ਇਹ ਈਵੈਂਟ ਦਾ ਮਨੋਰਥ ਬੜਾ ਪਾਕ-ਪਵਿੱਤਰ ਅਤੇ ਮਨੁੱਖੀ ਭਲਾਈ ਵਾਲਾ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਦੌੜਾਕ ਅਤੇ ਪੈਦਲ ਚਾਲਕ ਇਸ ਈਵੈਂਟ ਵਿੱਚ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ ਅਤੇ ਇਸ ਮਹਾਨ ਚੈਰਿਟੀ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।
ਈਵੈਂਟ ਦੇ ਪ੍ਰਬੰਧਕਾਂ ਦੇ ਦੱਸਣ ਅਨੁਸਾਰ ਇਸ ਸਾਲ ਇਸ ਈਵੈਂਟ ਵਿੱਚ 24,000 ਡਾਲਰ ਦੀ ਰਕਮ ਚੈਰਿਟੀ ਲਈ ਇਕੱਤਰ ਹੋਈ ਜੋ ਕਿ ਬੜਾ ਸ਼ਲਾਘਾਯੋਗ ਉੱਦਮ ਹੈ।
ਟੀਪੀਏਆਰ ਕਲੱਬ ਦੇ ਉਪਰੋਕਤ ਮੈਂਬਰਾਂ ਵਿੱਚੋਂ ਸੁਰਿੰਦਰ ਨਾਗਰਾ ਤੇ ਸੁਖਦੇਵ ਸਿੱਧੂ ਨੇ ਇਸ ਈਵੈਂਟ ਵਿੱਚ 5 ਕਿਲੋਮੀਟਰ ਦੌੜ ਵਿੱਚ ਭਾਗ ਲਿਆ ਅਤੇ ਕਰਮਜੀਤ ਗਿੱਲ ਇੱਥੇ 10 ਕਿਲੋਮੀਟਰ ਦੌੜਿਆ। ਸੁਰਿੰਦਰ ਨਾਗਰਾ ਨੇ 5 ਕਿਲੋਮੀਟਰ ਦੌੜ 28 ਮਿੰਟ 8 ਸਕਿੰਟ ਵਿੱਚ ਅਤੇ ਸੁਖਦੇਵ ਸਿੱਧੂ ਨੇ ਇਹ 28 ਮਿੰਟ 19 ਸਕਿੰਟ ਵਿੱਚ ਸਫ਼ਲਤਾ ਪੂਰਵਕ ਸੰਪੰਨ ਕੀਤੀ ਅਤੇ ਕਰਮਜੀਤ ਗਿੱਲ ਨੇ 10 ਕਿਲੋਮੀਟਰ ਦੌੜ ਲਈ ਇੱਕ ਘੰਟਾ, ਇੱਕ ਮਿੰਟ, 5 ਸਕਿੰਟ ਦਾ ਸਮਾਂ ਲਿਆ, ਜਦਕਿ ਰਾਹੁਲ ਗਰੇਵਾਲ, ਪਰਮਜੀਤ ਗਰੇਵਾਲ ਅਤੇ ਦਵਿੰਦਰ ਕੌਰ ਨਾਗਰਾ ਨੇ ਇਸ ਵਿੱਚ ਪੈਦਲ-ਚਾਲ ਚੱਲ ਕੇ 5 ਕਿਲੋਮੀਟਰ ਪੈਂਡਾ ਸਫ਼ਲਤਾ ਪੂਰਵਕ ਤੈਅ ਕੀਤਾ।
ਇੰਜ, ਉਪਰੋਕਤ ਤਿੰਨਾਂ ਤੇਜ਼ ਦੌੜਾਕਾਂ ਦਾ ਸਮਾਂ ਇਸ ਈਵੈਂਟ ਵਿੱਚ ਬੜਾ ਵਧੀਆ ਰਿਹਾ ਅਤੇ ਈਵੈਂਟ ਦੇ ਆਯੋਜਕਾਂ ਵੱਲੋਂ ਮੰਚ ਉੱਪਰ ਇਨ੍ਹਾਂ ਤਿੰਨਾਂ ਦੇ ਨਾਂਵਾਂ ਦੇ ਨਾਲ ਟੀਪੀਏਆਰ ਕਲੱਬ ਦਾ ਨਾਂ ਲੈ ਕੇ ਇਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਇਸ ਤਰ੍ਹਾਂ ਟੀਪੀਏਆਰ ਕਲੱਬ ਦੇ ਇਨ੍ਹਾਂ ਛੇ ਮੈਂਬਰਾਂ ਵੱਲੋਂ ਇਸ ਈਵੈਂਟ ਵਿੱਚ ਭਾਗ ਲੈ ਕੇ ਕਲੱਬ ਦਾ ਨਾਂ ਟੋਰਾਂਟੋ ਆਈਲੈਂਡ ਦੀ ਅਤੀ ਸੁੰਦਰ ਤੇ ਰਮਣੀਕ ਫ਼ਿਜ਼ਾ ਵਿੱਚ ਟੀਪੀਏਆਰ ਕਲੱਬ ਦਾ ਨਾਂ ਬਾਖ਼ੂਬੀ ਗੁੰਜਾਇਆ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਇਨ੍ਹਾਂ ਛੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ ਅਤੇ ਇਸ ਈਵੈਂਟ ਵਿੱਚ ਭਾਗ ਲੈਣ ਲਈ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ।

 

RELATED ARTICLES
POPULAR POSTS