ਓਨਟਾਰੀਓ ਵਾਸੀਆਂ ਨੇ ਡੱਗ ਫੋਰਡ ਤੇ ਉਨ੍ਹਾਂ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਿੱਚ ਪੂਰਾ ਭਰੋਸਾ ਪ੍ਰਗਟਾਅ ਕੇ ਇੱਕ ਵਾਰੀ ਫਿਰ ਉਨ੍ਹਾਂ ਨੂੰ ਬਹੁਗਿਣਤੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ। ਇੱਥੇ ਹੀ ਬੱਸ ਨਹੀਂ, ਫੋਰਡ ਸਰਕਾਰ ਦੀ ਜਿੱਤ ਐਨੀ ਦਮਦਾਰ ਰਹੀ ਕਿ ਦੋਵਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਤੱਕ ਦੇ ਦਿੱਤੇ।
ਇਸ ਵਾਰੀ ਕੰਜ਼ਰਵੇਟਿਵ ਮੁੜ ਸੱਤਾ ਵਿੱਚ ਹੀ ਨਹੀਂ ਆਏ ਹਨ ਸਗੋਂ ਉਨ੍ਹਾਂ ਕੁਈਨਜ਼ ਪਾਰਕ ਵਿੱਚ ਆਪਣੀਆਂ ਸੀਟਾਂ ਵਿੱਚ ਵੀ ਵਾਧਾ ਕੀਤਾ ਹੈ। ਕਿਸੇ ਵੀ ਪਾਰਟੀ ਨੂੰ ਜਿੱਤ ਹਾਸਲ ਕਰਨ ਲਈ ਇਨ੍ਹਾਂ ਚੋਣਾਂ ਵਿੱਚ 63 ਸੀਟਾਂ ਦੀ ਲੋੜ ਸੀ ਤੇ ਕੰਜ਼ਰਵੇਟਿਵ 124 ਹਲਕਿਆਂ ਵਿੱਚੋਂ 83 ਉੱਤੇ ਜਿੱਤ ਹਾਸਲ ਕਰ ਚੁੱਕੇ ਸਨ ਤੇ ਜਾਂ ਲੀਡ ਕਰ ਰਹੇ ਸਨ। 2018 ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ 76 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ ਪਰ ਜਦੋਂ ਚੋਣ ਕੈਂਪੇਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨਸਭਾ ਭੰਗ ਕੀਤੀ ਗਈ ਤਾਂ ਕਈਆਂ ਨੂੰ ਕੱਢੇ ਜਾਣ ਤੇ ਕਈਆਂ ਵੱਲੋਂ ਦਿੱਤੇ ਅਸਤੀਫੇ ਕਾਰਨ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਕੋਲ 67 ਸੀਟਾਂ ਹੀ ਰਹਿ ਗਈਆਂ ਸਨ।
ਇਸ ਦੌਰਾਨ ਟੋਰਾਂਟੋ ਦੇ ਕਾਂਗਰਸ ਸੈਂਟਰ ਵਿੱਚ ਜਿੱਤ ਦੀ ਖੁਸ਼ੀ ਵਿੱਚ ਚੱਲ ਰਹੀ ਪਾਰਟੀ ਵਿੱਚ ਫੋਰਡ ਨੇ ਆਖਿਆ ਕਿ ਅੱਜ ਦੀ ਜਿੱਤ ਉਨ੍ਹਾਂ ਬਾਰੇ, ਉਨ੍ਹਾਂ ਦੀ ਪਾਰਟੀ ਬਾਰੇ ਨਹੀਂ ਸਗੋਂ ਉਨ੍ਹਾਂ ਸਾਰੇ ਵਰਕਰਜ਼ ਤੇ ਪਰਿਵਾਰਾਂ ਲਈ ਹੈ ਜਿਨ੍ਹਾਂ ਨੇ ਵੱਡੇ ਸੁਪਨੇ ਵੇਖਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਪਤਾ ਸੀ ਕਿ ਉਹ ਬਿਹਤਰ ਦੇ ਹੱਕਦਾਰ ਹਨ।
ਡਗ ਫੋਰਡ ਇਟੋਬੀਕੋ ਨੌਰਥ ਦੀ ਆਪਣੀ ਸੀਟ ਬਚਾਉਣ ਵਿੱਚ ਵੀ ਕਾਮਯਾਬ ਰਹੇ।
ਇਸ ਦੌਰਾਨ ਪ੍ਰੀਮੀਅਰ ਬਣਨ ਲਈ ਚਾਰ ਵਾਰੀ ਕੋਸਿ਼ਸ਼ ਕਰਨ ਵਾਲੀ ਤੇ ਆਪਣੇ ਹੈਮਿਲਟਨ ਸੈਂਟਰ ਤੋਂ ਮੁੜ ਜਿੱਤਣ ਵਾਲੀ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਲਿਬਰਲ ਆਗੂ ਸਟੀਵਨ ਡੈਲ ਡੂਕਾ ਵਾਅਨ-ਵੁੱਡਬ੍ਰਿੱਜ ਤੋਂ ਆਪਣੀ ਸੀਟ ਵੀ ਨਹੀਂ ਬਚਾਅ ਪਾਏ ਤੇ ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਕੋਈ ਵੱਡੀ ਪ੍ਰਾਪਤੀ ਵੀ ਨਹੀਂ ਕਰ ਸਕੀ। ਇਸ ਲਈ ਡੈਲ ਡੂਕਾ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ।