ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਮਾਣ ਮਹਿਸੂਸ ਕਰਦੀ ਹੈ ਕਿ ਕੈਨੇਡਾ ਨਵੇਂ ਆਉਣ ਵਾਲਿਆਂ ਦੀ ਸੈੱਟਲਮੈਂਟ ਤੇ ਸੰਯੁਕਤਾ ਲਈ ਦੁਨੀਆਂ ਦਾ ਮੋਹਰੀ ਦੇਸ਼ ਹੈ। ਇਸ ਦੇ ਨਾਲ ਹੀ ਉਹ ਇਹ ਵੀ ਭਲੀ-ਭਾਂਤ ਜਾਣਦੇ ਹਨ ਕਿ ਅੰਤਰ-ਰਾਸ਼ਟਰੀ ਪੱਧਰ ਦੀਆਂ ਉਚੇਰੀਆਂ ਵਿਦਿਅਕ-ਯੋਗਤਾਵਾਂ ਅਤੇ ਕੰਮ ਦੇ ਤਜਰਬੇ ਰੱਖਣ ਵਾਲਿਆਂ ਨੂੰ ਕੈਨੇਡਾ ਵਿਚ ਵਧੀਆ ਨੌਕਰੀਆਂ ਪ੍ਰਾਪਤ ਕਰਨ ਲਈ ਆਪਣੇ ਕਰੈਡੈਂਸ਼ਲਜ਼ ਦੀ ਕੈਨੇਡੀਅਨ ਪੈਮਾਨਿਆਂ ਨਾਲ ਬਰਾਬਰੀ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਦਿਸ਼ਾ ਵਿਚ ਐੱਮ.ਪੀ. ਸਹੋਤਾ ਅਤੇ ਫ਼ੈੱਡਰਲ ਸਰਕਾਰ ਗੰਭੀਰਤਾ ਨਾਲ ਕੰਮ ਕਰੇ ਹਨ ਜਿਸ ਨਾਲ ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਦੀ ਆਪਣੇ ਕਰੈਡੈਂਸ਼ਲਜ਼ ਨੂੰ ਮਾਨਤਾ ਦਿਵਾਉਣ ਵਿਚ ਮਦਦ ਕੀਤੀ ਜਾ ਸਕੇ ਤਾਂ ਜੋ ਉਹ ਆਪਣੀ ਪ੍ਰਾਪਤ ਵਿਦਿਆ ਤੇ ਸਕਿੱਲਜ਼, ਕੰਮ ਦੇ ਪਹਿਲੇ ਤਜਰਬੇ ਅਤੇ ਕੈਨੇਡਾ ਵਿਚ ਕੀਤੇ ਹੋਏ ਸ਼ੁਰੂਆਤੀ ਕੰਮ ਦਾ ਜਲਦੀ ਤੋਂ ਜਲਦੀ ਲਾਭ ਉਠਾ ਸਕਣ।
ਕੈਨੇਡਾ ਦੇ ਐਂਪਲਾਇਮੈਂਟ, ਵਰਕਫੋਰਸ ਡਿਵੈੱਲਪਮੈਟ ਤੇ ਲੇਬਰ ਮੰਤਰੀ ਮਾਣਯੋਗ ਪੈਟੀ ਹਜਡੂ ਨੇ ਸਰਕਾਰ ਦੇ ‘ਫਾਰੱਨ ਕਰੈਡੈਂਸ਼ਲਜ਼ ਰੈਕੋਗਨੀਸ਼ਨ’ (ਐੱਫ਼.ਸੀ.ਆਰ.) ਪ੍ਰੋਗਰਾਮ ਅਧੀਨ ਇਸ ਮੰਤਵ ਲਈ ਵਿਚਾਰ (ਕੰਨਸੈੱਪਟਸ) ਇਕੱਤਰ ਲਈ ‘ਕਾਲ’ ਦਿੱਤੀ ਹੈ। ਇਸ ਮਹੱਤਵਪੂਰਨ ‘ਕਾਲ’ ਲਈ 10 ਮਿਲੀਅਨ ਡਾਲਰ ਦੀ ਫ਼ੰਡਿੰਗ ਰੱਖੀ ਗਈ ਹੈ ਅਤੇ ਇਸ ਨਾਲ ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਨੂੰ ਕੰਮ ਲੱਭਣ ਵਿਚ ਮਦਦ ਕਰਨ ਲਈ ਲੱਗਭੱਗ 15 ਵੱਖ-ਵੱਖ ਪ੍ਰਾਜੈੱਕਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਰੂਬੀ ਸਹੋਤਾ ਨੇ ਕਿਹਾ,”ਸਰਕਾਰ ਸਥਾਨਕ ਸੰਸਥਾਵਾਂ ਅਤੇ ਮਾਹਿਰਾਂ ਕੋਲੋਂ ਖੋਜ-ਭਰਪੂਰ ਨਵੇਂ ਵਿਚਾਰ ਪ੍ਰਾਪਤ ਕਰ ਰਹੀ ਹੈ ਜਿਸ ਨਾਲ ਉਚੇਰੀ ਯੋਗਤਾ ਤੇ ਸਕਿੱਲਜ਼ ਵਾਲੇ ਨਵੇਂ ਆਉਣ ਵਾਲਿਆਂ ਨੂੰ ਕੈਨੇਡੀਅਨ ਲੇਬਰ ਮਾਰਕੀਟ ਵਿਚ ਦਾਖ਼ਲ ਹੋਣ ਲਈ ਰਸਤੇ ਵਿਚ ਆਉਣ ਵਾਲੀਆਂ ਅੜਿੱਚਣਾਂ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਦੀ ਸਹਾਇਤਾ ਕਰਨਾ ਜਿਨ੍ਹਾਂ ਵਿਚ ਅੰਤਰ-ਰਾਸ਼ਟਰੀ ਪੱਧਰ ਦੇ ਸਿੱਖਿਅਤ ਨਵੇਂ ਆਉਣ ਵਾਲੇ ਵੀ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਦਿਵਾਉਣਾ ਸਾਡੀ ਸਰਕਾਰ ਵੱਲੋਂ ਦੇਸ਼ ਦੀ ਆਥਿਕਤਾ ਨੂੰ ਉੱਚਾ ਚੁੱਕਣ ਅਤੇ ਮਿਡਲ ਕਲਾਸ ਨੂੰ ਮਜ਼ਬੂਤ ਕਰਨ ਲਈ ਬਣਾਈ ਗਈ ਯੋਜਨਾ ਦਾ ਅਹਿਮ ਭਾਗ ਹੈ।”
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …