Breaking News
Home / ਕੈਨੇਡਾ / ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਵੱਲੋਂ ਨਿਆਗਰਾ ਆਨ ਦ ਲੇਕ ਦਾ ਟੂਰ

ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਵੱਲੋਂ ਨਿਆਗਰਾ ਆਨ ਦ ਲੇਕ ਦਾ ਟੂਰ

ਬਰੈਂਪਟਨ/ਡਾ. ਝੰਡ : ਜਿਉਂ-ਜਿਉਂ ਗਰਮੀਆਂ ਦਾ ਮੌਸਮ ਮੁੱਕਣ ਦੇ ਨੇੜੇ ਆ ਰਿਹਾ ਹੈ, ਸੀਨੀਅਰਜ਼ ਕਲੱਬਾਂ ਦੀਆਂ ਸਰਗ਼ਰਮੀਆਂ ਵਿਚ ਵਾਧਾ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਫਿਰ ਸਰਦੀਆਂ ਦੇ 5-6 ਮਹੀਨੇ ਤਾਂ ਅੰਦਰੇ ਹੀ ਤੜੇ ਰਹਿਣਾ ਪੈਣਾ ਹੈ। ਉਹ ਇਨ੍ਹੀਂ ਦਿਨੀਂ ਲੱਗਭੱਗ ਹਰੇਕ ਵੀਕ-ਐਂਡ ‘ਤੇ ਬਾਹਰ ਕਿਧਰੇ ਜਾ ਕੇ ਫਿਰਨ ਤੁਰਨ ਦਾ ਪ੍ਰੋਗਰਾਮ ਬਣਾ ਰਹੇ ਹਨ। ਏਸੇ ਸਿਲਸਿਲੇ ਵਿਚ ਹੀ ਲੰਘੇ ਐਤਵਾਰ ਇਕ ਟੂਰ ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਨਿਆਗਰਾ ਆਨ ਦ ਲੇਕ, ਜਾਰਜ ਫੋਰਟ ਅਤੇ ਸੇਂਟ ਕੈਥਰੀਨ ਮਿਊਜ਼ੀਅਮ ਦਾ ਲਗਾਇਆ ਗਿਆ।
ਟੂਰ ਲਈ ਬੱਸ ਦੇ ਰਵਾਨਾ ਹੋਣ ਦਾ ਸਮਾਂ 9 ਵਜੇ ਦਾ ਨਿਸ਼ਚਤ ਕੀਤਾ ਗਿਆ ਸੀ। ਸਾਰੇ ਮੈਂਬਰਾਂ ਨੇ ਇਸ ਤੋਂ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ ‘ਤੇ ਪਹੁੰਚ ਕੇ ਪੂਰੀ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਨਾਲ ਬੱਸ ਨੇ ਨਿਆਗਰਾ ਵੱਲ ਚਾਲੇ ਪਾ ਦਿੱਤੇ। ਪੌਣੇ ਗਿਆਰਾਂ ਵਜੇ ਸੇਂਟ ਕੈਥਰੀਨ ਵਾਟਰ ਲਾੱਕ ਨੰਬਰ-3 ‘ਤੇ ਪਹੁੰਚੇ ਅਤੇ ਉਦੋਂ ਸ਼ਿਪ ਉੱਥੋ ਦੀ ਲੰਘ ਰਿਹਾ ਸੀ। ਦੂਸਰੇ ਸ਼ਿਪ ਦੀ ਉਡੀਕ ਕਰਦਿਆਂ ਅਤੇ ਚਾਹ-ਪਾਣੀ ਪੀਂਦਿਆਂ ਅੱਧਾ-ਪੌਣਾ ਘੰਟਾ ਹੋਰ ਲੰਘ ਗਿਆ। ਕਲੱਬ ਦੀ ਮੈਂਬਰ ਬੀਬੀ ਰਮੇਸ਼ ਲੂੰਬਾ ਅਤੇ ਸਾਥਣਾਂ ਵੱਲੋਂ ਲਿਆਂਦੇ ਗਏ ਲੱਡੂ ਅਤੇ ਮੱਠੀਆਂ ਸਾਰਿਆਂ ਨੇ ਚਾਹ ਦੇ ਨਾਲ ਬੜੇ ਸ਼ੌਕ ਨਾਲ ਛਕੇ। ਦੂਸਰੇ ਸ਼ਿਪ ਦੇ ਆਉਣ ‘ਤੇ ਪਾਣੀ ਦੇ ਹੇਠਲੇ ਪੱਧਰ ਉਤੇ ਜਾਣ ਮਗਰੋਂ ਸਾਰੇ ਮੈਂਬਰ ਬੱਸ ਵਿਚ ਸਵਾਰ ਹੋ ਕੇ ਨਿਆਗਰਾ ਆਨ ਦ ਲੇਕ ਵੱਲ ਚੱਲ ਪਏ। ਪਤਾ ਲੱਗਾ ਕਿ ਉਸ ਦਿਨ ਪਰੇਡ ਨਹੀਂ ਹੋ ਰਹੀ ਸੀ। ਇਸ ਲਈ ਸਾਰੇ ਜਣੇ ਹੋਟਲ ‘ਪ੍ਰਿੰਸ ਆਫ਼ ਵੇਲਜ਼’ ਦੇ ਸਾਹਮਣੇ ਖ਼ੂਬਸੂਰਤ ਪਾਰਕ ਵਿਚ ਬੈਠ ਗਏ ਜਿੱਥੇ ਬੀਬੀਆਂ ਨੇ ਆਪਣੇ ਨਾਲ ਲਿਆਂਦੇ ਹੋਏ ਵੱਖੋ-ਵੱਖਰੇ ਪਕਵਾਨ ਪਰੋਸੇ ਅਤੇ ਸਾਰਿਆਂ ਨੇ ਇਨ੍ਹਾਂ ਦਾ ਭਰਪੂਰ ਅਨੰਦ ਲਿਆ।
ਸਾਢੇ ਤਿੰਨ ਵਜੇ ਬੱਸ ਵਿਚ ਸਵਾਰ ਹੋ ਕੇ ਨਿਆਗਰਾ ਫ਼ਾਲਜ਼ ਲਈ ਰਵਾਨਾ ਹੋ ਗਏ। ਉੱਥੇ ਪਹੁੰਚਣ ਤੋਂ ਬਾਅਦ ਕਾਫ਼ੀ ਪੀ ਕੇ ਸਾਰੇ ਤਰੋ-ਤਾਜ਼ਾ ਹੋ ਗਏ ਅਤੇ ਨਿਆਗਰਾ ਫ਼ਾਲਜ਼ ਵੱਲ ਹੋ ਤੁਰੇ। ਏਨੇ ਨੂੰ ਮਿੰਨੀ-ਮਿੰਨੀ ਕਣੀਆਂ ਦੀ ਫ਼ੁਹਾਰ ਸ਼ੁਰੂ ਹੋ ਗਈ ਪਰ ਇਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਉੱਥੇ ਮੇਲਾ ਫਿਰ ਵੀ ਪੂਰਾ ਭਰਿਆ ਹੋਇਆ ਸੀ। ਅਸਮਾਨ ਵਿਚ ਛਾਈਆਂ ਬਦਲੋਟੀਆਂ, ਨਿਆਗਰਾ ਦਾ ਖੌਲਦਾ ਪ੍ਰਤੀਤ ਹੁੰਦਾ ਪਾਣੀ ਅਤੇ ਉਸ ਵਿਚ ਤਰਦੀਆਂ ਕਿਸ਼ਤੀਆਂ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਲੱਗਭੱਗ ਸਾਰਿਆਂ ਨੇ ਆਪਣੇ ਮੋਬਾਇਲਾਂ ਵਿਚ ਇਨ੍ਹਾਂ ਖ਼ੂਬਸੂਰਤ ਦ੍ਰਿਸ਼ਾਂ ਨੂੰ ਕੈਦ ਕੀਤਾ ਅਤੇ ਦਿੱਤੇ ਹੋਏ ਸਮੇਂ ‘ਤੇ ਉਹ ਪਾਰਕਿੰਗ ਵਿਚ ਖੜ੍ਹੀ ਬੱਸ ਵੱਲ ਚੱਲ ਪਏ। ਸਾਢੈ ਪੰਜ ਵਜੇ ਦੇ ਕਰੀਬ ਉੱਥੋਂ ਚੱਲ ਕੇ ਸ਼ਾਮ ਦੇ ਸੱਤ ਵਜੇ ਬਾਟਮ ਵੁੱਡ ਪਾਰਕ ਪਹੁੰਚ ਗਏ ਜਿੱਥੇ ਟੂਰ ਦੀ ਪ੍ਰਬੰਧਕ ਕਮੇਟੀ ਨੇ ਇਸ ਸਫ਼ਲ ਟੂਰ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਸੁਆਦਲਾ ਖਾਣਾ ਤਿਆਰ ਕਰਕੇ ਨਾਲ ਲਿਜਾਣ ਲਈ ਬੀਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …