Breaking News
Home / ਕੈਨੇਡਾ / ਨਕੁਲ ਸਾਹਨੀ ਦੀ ਡਾਕੂਮੈਂਟਰੀ ਫ਼ਿਲਮ ‘ਇੱਜ਼ਤਨਗਰ ਕੀ ਅਸੱਭਿਆ ਬੇਟੀਆਂ’ ਨੂੰ ਬਰੈਂਪਟਨ ਦੇ ਦਰਸ਼ਕਾਂ ਵੱਲੋਂ ਮਿਲਿਆ ਭਰਪੂਰ ਹੁੰਗਾਰਾ

ਨਕੁਲ ਸਾਹਨੀ ਦੀ ਡਾਕੂਮੈਂਟਰੀ ਫ਼ਿਲਮ ‘ਇੱਜ਼ਤਨਗਰ ਕੀ ਅਸੱਭਿਆ ਬੇਟੀਆਂ’ ਨੂੰ ਬਰੈਂਪਟਨ ਦੇ ਦਰਸ਼ਕਾਂ ਵੱਲੋਂ ਮਿਲਿਆ ਭਰਪੂਰ ਹੁੰਗਾਰਾ

ਫ਼ਿਲਮ-ਮੇਕਰ ਨਕੁਲ ਸਾਹਨੀ ਤੇ ਪ੍ਰਗਤੀਸ਼ੀਲ ਲੇਖਕ ਰਵਿੰਦਰ ਸਹਿਰਾਅ ਦਾ ਸਨਮਾਨ ਕੀਤਾ ਗਿਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 24 ਨਵੰਬਰ ਨੂੰ ਐੱਫ.ਬੀ.ਆਈ. ਸਕੂਲ ਦੇ ਜਿੰਮ ਹਾਲ ਵਿਚ ਮਸ਼ਹੂਰ ਫ਼ਿਲਮ-ਸਾਜ਼ ਨਕੁਲ ਸਿੰਘ ਸਾਹਨੀ ਵੱਲੋਂ ਤਿਆਰ ਕੀਤੀ ਗਈ ਗਿਆਨ-ਭਰਪੂਰ ਡਾਕੂਮੈਂਟਰੀ ਫ਼ਿਲਮ ‘ਇੱਜ਼ਤਨਗਰੀ ਕੀ ਅਸੱਭਿਆ ਬੇਟੀਆਂ’ ਦਾ ਸਫ਼ਲ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਬਰੈਂਪਟਨ ਦੇ 100 ਤੋਂ ਵਧੇਰੇ ਗੰਭੀਰ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਲੱਗਭੱਗ ਦੋ ਘੰਟੇ ਦੀ ਇਹ ਫ਼ਿਲਮ ਭਾਰਤ ਦੇ ਸੂਬੇ ਹਰਿਆਣਾ ਵਿਚ ਅਣ-ਅਧਿਕਾਰਿਤ ਤੌਰ ‘ਤੇ ਆਪੂੰ ਬਣੀਆਂ ‘ਖਾਪ ਪੰਚਾਇਤਾਂ’ ਜਿਨ੍ਹਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਗ਼ੈਰ-ਕਾਨੂੰਨੀ ਕਰਾਰ ਦਿੱਤਾ ਜਾ ਚੁੱਕਾ ਹੈ, ਵੱਲੋਂ ਆਪਣੀ ਜ਼ਾਤ-ਬਰਾਦਰੀ ਤੋਂ ਬਾਹਰ ਦੂਸਰੀਆਂ ਜ਼ਾਤਾਂ ਤੇ ਬਰਾਦਰਦੀਆਂ ਵਿਚ ਪ੍ਰੇਮ-ਵਿਆਹ ਕਰਵਾਉਣ ਵਾਲੇ ਲੜਕੇ-ਲੜਕੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਮਾਜਿਕ-ਬਾਈਕਾਟ ਤੇ ਹੋਰ ਸਜ਼ਾਵਾਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਵੱਲੋਂ ਇੱਜ਼ਤ ਦੀ ਖ਼ਾਤਰ ਕੀਤੇ ਜਾ ਰਹੇ ਕਤਲਾਂ ਦੀਆਂ ਘਟਨਾਵਾਂ (‘ਆੱਨਰ-ਕਿਲਿੰਗਜ਼’) ਦੇ ਇਰਦ-ਗਿਰਦ ਘੁੰਮਦੀ ਹੈ। ਫ਼ਿਲਮ ਵਿਚ ਪੰਜ ਅਜਿਹੇ ਕੇਸਾਂ ਦਾ ਵਿਸਥਾਰ-ਸਹਿਤ ਵਰਨਣ ਕੀਤਾ ਗਿਆ ਹੈ। ਸੱਭ ਤੋਂ ਪਹਿਲੀ ਇਸ ਸੂਬੇ ਦੀ ਲੜਕੀ ਸੀਮਾ ਦੀ ਕਹਾਣੀ ਹੈ ਜਿਸ ਦੇ ਭਰਾ ਮਨੋਜ ਤੇ ਉਸ ਦੀ ਪਤਨੀ ਬਬਲੀ ਨੂੰ ਆਪਣੇ ਹੀ ਗੋਤਰ ਵਿਚ ਵਿਆਹ ਕਰਵਾਉਣ ਕਰਕੇ ਕਤਲ ਕਰ ਦਿੱਤਾ ਗਿਆ ਸੀ। ਦੂਸਰੀ ਕਹਾਣੀ ਰੋਹਤਕ ਦੇ ਮੁਕੇਸ਼ ਦੀ ਹੈ ਜੋ ਇਸ ‘ਆੱਨਰ-ਕਿਲਿੰਗ’ ਦਾ ਸ਼ਿਕਾਰ ਹੋਇਆ। ਫਿਰ ਇਕ ਹੋਰ ਜਾਟ ਲੜਕੀ ਮੋਨਿਕਾ ਜਿਸ ਨੇ ਦਿੱਲੀ ਦੇ ਗੌਰਵ ਸੈਣੀ ਨਾਲ ਵਿਆਹ ਕਰਵਾਇਆ, ਦੀ ਸੰਘਰਸ਼ਮਈ ਕਹਾਣੀ ਸ਼ੁਰੂ ਹੁੰਦੀ ਹੈ। ਏਸੇ ਤਰ੍ਹਾਂ ਦੋ-ਤਿੰਨ ਹੋਰ ਅਜਿਹੀਆਂ ਘਟਨਾਵਾਂ ਨੂੰ ਫ਼ਿਲਮ ਵਿਚ ਬੜੀ ਖ਼ੂਬਸੂਰਤੀ ਨਾਲ ਵਿਖਾਇਆ ਗਿਆ ਹੈ। ਫ਼ਿਲਮ ਵਿਚ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਣ ਗੀਤਿਕਾ ਇਨ੍ਹਾਂ ‘ਆੱਨਰ-ਕਿਲਿੰਗਜ਼’ ਬਾਰੇ ਪਿੰਡਾਂ ਵਿਚ ਨੁੱਕੜ-ਨਾਟਕ ਕਰਕੇ ਲੋਕਾਂ ਨੂੰ ਇਨ੍ਹਾਂ ਦੇ ਪ੍ਰਤੀ ਜਾਗਰੂਕ ਕਰਦੀ ਹੈ। ਇਕ ਹੋਰ ਪਾਤਰ ਅੰਜਲੀ ਜੋ ‘ਆੱਨਰ ਕਿਲਿੰਗਜ਼’ ਦੇ ਇਸ ਗੰਭੀਰ ਵਿਸ਼ੇ ਉੱਪਰ ਆਪਣਾ ਐੱਮ.ਫ਼ਿਲ. ਦਾ ਥੀਸਿਸ ਕਰ ਰਹੀ ਹੈ, ਅਨੁਸਾਰ ਵਿੱਦਿਆ ਦਾ ਚਾਨਣ ਅਤੇ ਲੋਕਾਂ ਵਿਚ ਇਸ ਪ੍ਰਤੀ ਜਾਗਰੂਕਤਾ ਹੀ ਇਸ ਸਮੱਸਿਆ ਦਾ ਸਹੀ ਹੱਲ ਹੈ। ਫ਼ਿਲਮ ਸ਼ੁਰੂ ਕਰਨ ਤੋਂ ਪਹਿਲਾਂ ਤਰਕਸ਼ੀਲ ਸੋਸਾਇਟੀ ਆਫ਼ ਅਮਰੀਕਾ ਦੇ ਕੋਆਰਡੀਨੇਟਰ ਬਲਦੇਵ ਰਹਿਪਾ ਅਤੇ ਫ਼ਿਲਮ ਦੇ ਪ੍ਰੋਡਿਊਸਰ ਤੇ ਡਾਇਰੈੱਕਟਰ ਨਕੁਲ ਸਿੰਘ ਸਾਹਨੀ ਵੱਲੋਂ ਇਸ ਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਅਖੀਰ ਵਿਚ ਇਸ ਸੋਸਾਇਟੀ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਨਕੁਲ ਸਾਹਨੀ ਅਤੇ ਅਮਰੀਕਾ ਤੋਂ ਆਏ ਪ੍ਰਗਤੀਸ਼ੀਲ ਲੇਖਕ ਵਰਿੰਦਰ ਸਹਿਰਾਅ ਨੂੰ ਖ਼ੂਬਸੂਰਤ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …