9.6 C
Toronto
Saturday, November 8, 2025
spot_img
Homeਕੈਨੇਡਾਰੂਬੀ ਸਹੋਤਾ ਨੇ ਮੈਂਬਰ ਪਾਰਲੀਮੈਂਟ ਵਜੋਂ ਮੁੜ ਸਹੁੰ ਚੁੱਕਣ ਸਮੇਂ ਵਲੰਟੀਅਰਾਂ ਤੇ...

ਰੂਬੀ ਸਹੋਤਾ ਨੇ ਮੈਂਬਰ ਪਾਰਲੀਮੈਂਟ ਵਜੋਂ ਮੁੜ ਸਹੁੰ ਚੁੱਕਣ ਸਮੇਂ ਵਲੰਟੀਅਰਾਂ ਤੇ ਸਮਰਥਕਾਂ ਦਾ ਕੀਤਾ ਧੰਨਵਾਦ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਇਕ ਵਾਰ ਫਿਰ ਪਾਰਲੀਮੈਂਟ ਮੈਂਬਰ ਚੁਣੇ ਜਾਣ ਤੋਂ ਬਾਅਦ ਰੂਬੀ ਸਹੋਤਾ ਨੇ ਪਿਛਲੇ ਦਿਨੀਂ ਓਟਵਾ ਦੇ ਪਾਰਲੀਮੈਂਟ ਹਾਊਸ ਵਿਚ ਬਾਕੀ ਮੈਂਬਰ ਸਾਥੀਆਂ ਨਾਲ ਐੱਮ.ਪੀ. ਵਜੋਂ ਸਹੁੰ ਚੁੱਕੀ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਪਰਿਵਾਰਿਕ ਮੈਂਬਰ, ਦੋਸਤ-ਮਿੱਤਰ, ਵਾਲੰਟੀਅਰ ਅਤੇ ਉਨ੍ਹਾਂ ਦੇ ਸਮੱਰਥਕ ਹਾਜ਼ਰ ਸਨ। ਇਸ ਤੋਂ ਪਹਿਲਾਂ 2015 ਵਿਚ ਉਹ ਪਹਿਲੀ ਵਾਰ ਇਸ ਪਾਰਲੀਮੈਂਟ ਹਲਕੇ ਵਿੱਚੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਅਤੇ ਹੁਣ 21 ਅਕਤੂਬਰ 2019 ਨੂੰ ਲੋਕਾਂ ਨੇ ਉਨ੍ਹਾਂ ਨੂੰ ਫਿਰ ਵੱਡੇ ਫ਼ਰਕ ਨਾਲ ਜਿਤਾ ਕੇ ਇਹ ਸੇਵਾ ਕਰਨ ਦਾ ਅਵਸਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿਚ ਦੇਸ਼-ਭਰ ਵਿੱਚ ਲਿਬਰਲ ਪਾਰਟੀ ਨੂੰ ਲੋਕਾਂ ਦਾ ਭਾਰੀ ਸਮੱਰਥਨ ਮਿਲਿਆ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਹੇਠ ਮੁੜ ਲਿਬਰਲ ਸਰਕਾਰ ਬਣੀ ਹੈ।
ਸਹੁੰ-ਚੁੱਕ ਸਮਾਗ਼ਮ ਸਮੇਂ 200 ਤੋਂ ਵਧੀਕ ਸਮੱਰਥਕਾਂ ਅਤੇ ਸ਼ੁਭ-ਚਿੰਤਕਾਂ ਨਾਲ ਘਿਰੀ ਹੋਈ ਐੱਮ.ਪੀ. ਰੂਬੀ ਸਹੋਤਾ ਨੇ ਕਿਹਾ,”ਸੱਭ ਤੋਂ ਪਹਿਲਾਂ ਮੈਂ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਜਿਨ੍ਹਾਂ ਵਿਚ ਮੇਰੇ ਦੋਸਤ ਅਤੇ ਪਰਿਵਾਰਿਕ ਮੈਂਬਰ ਵੀ ਸ਼ਾਮਲ ਹਨ, ਦਾ ਧੰਨਵਾਦ ਕਰਨਾ ਚਾਹਾਂਗੀ ਅਤੇ ਜਿਨ੍ਹਾਂ ਨੇ ਚੋਣਾਂ ਦੌਰਾਨ ਦਿਨ-ਰਾਤ ਇਕ ਕਰਕੇ ਸਖ਼ਤ ਮਿਹਨਤ ਕੀਤੀ ਹੈ। ਚੋਣਾਂ ਵਿਚ ਮੇਰੀ ਜਿੱਤ ਅਤੇ ਅੱਜ ਸਹੁੰ ਚੁੱਕਣ ਦਾ ਇਹ ਸ਼ੁਭ ਮੌਕਾ ਤੁਹਾਡੇ ਸਾਰਿਆਂ ਦੇ ਸਹਿਯੋਗ ਤੋਂ ਬਗ਼ੈਰ ਕਦੇ ਵੀ ਸੰਭਵ ਨਹੀਂ ਸੀ। ਮੈਂ ਆਪਣੇ ਹਲਕਾ-ਵਾਸੀਆਂ ਦੀ ਤਹਿ-ਦਿਲੋਂ ਸ਼ੁਕਰਗ਼ੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਕ ਵਾਰ ਫਿਰ ਇਹ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਹੈ।”
ਉਨ੍ਹਾਂ ਕਿਹਾ,”ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੋਣਾਂ ਤੋਂ ਬਾਅਦ ਕਿਹਾ ਸੀ ਕਿ ਤੁਸੀਂ ਲਿਬਰਲ ਪਾਰਟੀ ਨੂੰ ਇਕ ਵਾਰ ਫਿਰ ਫ਼ਤਵਾ ਦੇ ਕੇ ਓਟਵਾ ਵਿਚ ਦੇਸ਼ ਦੀ ਸੇਵਾ ਕਰਨ ਲਈ ਭੇਜਿਆ ਹੈ। ਅਸੀਂ ਲੋਕਾਂ ਦਾ ਜੀਵਨ ਹੋਰ ਸੁਖਾਲਾ ਬਣਾਵਾਂਗੇ। ਅਸੀਂ ਵਾਤਾਵਰਣ ਤਬਦੀਲੀ ਦੇ ਵਿਰੁੱਧ ਲੜਾਈ ਜਾਰੀ ਰੱਖਾਂਗੇ। ਅਸੀਂ ਗੱਨ-ਕਲਚਰ ਨੂੰ ਆਪਣੇ ਗਲ਼ੀਆਂ-ਬਜ਼ਾਰਾਂ ਤੋਂ ਦੂਰ ਕਰਾਂਗੇ ਅਤੇ ਕੈਨੇਡਾ-ਵਾਸੀਆਂ ਵਿਚ ਪੂੰਜੀ-ਨਿਵੇਸ਼ ਜਾਰੀ ਰੱਖਾਂਗੇ। ਮੈਂ ਪਹਿਲਾਂ ਵਾਂਗ ਬਰੈਂਪਟਨ ਨੌਰਥ ਦੇ ਵਸਨੀਕਾਂ ਦੀ ਅਗਲੇ ਚਾਰ ਸਾਲਾਂ ਲਈ ਸੇਵਾ ਕਰਦੀ ਰਹਾਂਗੀ।”
ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਬਰੈਂਪਟਨ ਵਿਚ ਵੱਸਦੀ ਸਮੁੱਚੀ ਕਮਿਊਨਿਟੀ ਲਈ ਪਿਛਲੇ ਚਾਰ ਸਾਲ ਕਾਫ਼ੀ ਕੰਮ ਕਰਕੇ ਵਿਖਾਇਆ ਹੈ। ਉਸ ਨੇ ਬੜੇ ਸੋਹਣੇ ਤਰੀਕੇ ਨਾਲ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਬਰੈਂਪਟਨ ਸ਼ਹਿਰ ਜਿਸ ਨੂੰ ਉਹ ‘ਆਪਣਾ ਘਰ’ ਸਮਝਦੀ ਹੈ, ਲਈ ਬਹੁਤ ਕੁਝ ਕੀਤਾ ਹੈ। ਪਿਛਲੇ ਚਾਰ ਸਾਲਾਂ ਦੇ ਅਰਸੇ ਵਿਚ ਉਸ ਨੇ ਪ੍ਰਧਾਨ ਮੰਤਰੀ ਟਰੂਡੋ ਅਤੇ ਸਰਕਾਰ ਨਾਲ ਮਿਲ ਕੇ ਦੇਸ਼ ਦੇ ਅਰਥਚਾਰੇ ਅਤੇ ਮਿਡਲ ਕਲਾਸ ਨੂੰ ਮਜ਼ਬੂਤ ਕਰਨ ਅਤੇ ਚੰਗੀਆਂ ਤਨਖ਼ਾਹਾਂ ਵਾਲੀਆਂ ਵਧੀਆ ਨੌਕਰੀਆਂ ਪੈਦਾ ਕਰਨ ਲਈ ਆਪਣਾ ਭਰਪੂਰ ਯੋਗਦਾਨ ਪਾਇਆ ਹੈ।
ਰੂਬੀ ਸਹੋਤਾ ਦੇ ਜੱਦੀ ਪਿੰਡ ਜੰਡਾਲੀ ‘ਚ ਖੁਸ਼ੀ ਦੀ ਲਹਿਰ
ਬਰੈਪਟਨ : ਕੈਨੇਡਾ ਸੰਸਦੀ ਚੋਣਾਂ ਵਿਚ ਸੰਸਦ ਮੈਂਬਰ ਰੂਬੀ ਸਹੋਤਾ ਦੂਸਰੀ ਵਾਰ ਚੁਣੀ ਗਈ ਸੀ। ਰੂਬੀ ਸਹੋਤਾ ਨੇ ਓਟਵਾ ਵਿਖੇ ਭਰਵੇਂ ਇਕੱਠ ਵਿੱਚ ਸਹੁੰ ਚੁੱਕੀ। ਇਸਦੇ ਚੱਲਦਿਆਂ ਰੂਬੀ ਸਹੋਤਾ ਦੇ ਜੱਦੀ ਪਿੰਡ ਜੰਡਾਲੀ ਵਿਖੇ ਉਨ੍ਹਾਂ ਦੇ ਹਮਾਇਤੀਆਂ ਨੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ। ਜੰਡਾਲੀ ਦੇ ਜੰਮਪਲ ਹਰਬੰਸ ਸਿੰਘ ਜੰਡਾਲੀ ਦੀ ਹੋਣਹਾਰ ਸਪੁੱਤਰੀ ਰੂਬੀ ਸਹੋਤਾ ਜੋ ਦੂਜੀ ਵਾਰ ਕੈਨੇਡਾ ਵਿਖੇ ਸੰਸਦ ਮੈਂਬਰ ਬਣੀ ਹੈ, ਦੀ ਜਿੱਤ ਦੀ ਖੁਸ਼ੀ ‘ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਵਿਧਾਇਕ ਇਕਬਾਲ ਸਿੰਘ ਝੁੰਦਾ, ਪ੍ਰਧਾਨ ਸਿਰਾਜ ਮੁਹੰਮਦ, ਰਵਿੰਦਰ ਪੁਰੀ, ਰਮੇਸ਼ ਚੰਦ ਘਈ, ਪ੍ਰਧਾਨ ਗੁਰਮੀਤ ਸਿੰਘ ਉਭੀ, ਜਗਵੰਤ ਸਿੰਘ ਜੱਗੀ, ਅਵਤਾਰ ਸਿੰਘ ਜੱਸਲ, ਪ੍ਰਧਾਨ ਬਲਵੰਤ ਸਿੰਘ ਲੋਟੇ, ਸਰਪੰਚ ਸਰਬਜੀਤ ਕੌਰ ਜੰਡਾਲੀ, ਬਾਬਾ ਅਵਤਾਰ ਸਿੰਘ ਜੰਡਾਲੀ, ਅਮਰੀਕ ਸਿੰਘ ਜੰਡਾਲੀ, ਡਾ. ਸੁਨੀਤ ਹਿੰਦ ਤੇ ਡਾ. ਵਿਕਾਸ ਰਾਜ ਨੇ ਪਰਵਾਰ ਨੂੰ ਵਧਾਈ ਦਿੱਤੀ। ਰੂਬੀ ਸਹੋਤਾ ਜੰਡਾਲੀ ਦੇ ਜੰਮਪਲ ਹਰਬੰਸ ਸਿੰਘ ਜੰਡਾਲੀ ਦੀ ਸਪੁੱਤਰੀ ਹੈ। ਕਰੀਬ 40 ਸਾਲ ਪਹਿਲਾਂ ਕੈਨੇਡਾ ਜਾ ਵਸੇ ਹਰਬੰਸ ਸਿੰਘ ਜੰਡਾਲੀ ਪਿੰਡ ਦੇ ਦੋ ਵਾਰ ਸਰਪੰਚ ਤੇ ਅਹਿਮਦਗੜ੍ਹ ਮਾਰਕੀਟਿੰਗ ਸੁਸਾਇਟੀ ਦੇ ਪ੍ਰਧਾਨ ਰਹੇ। ਰੂਬੀ ਸਹੋਤਾ ਨੇ 1993 ਤੋਂ 1998 ਤੱਕ ਟੋਰਾਂਟੋ ਵਿਖੇ ਸੀਨੀਅਰ ਸੈਕੰਡਰੀ ਦੀ ਵਿਦਿਆ ਪ੍ਰਾਪਤ ਕੀਤੀ। 2007 ਵਿਚ ਲਾਅ ਦੀ ਡਿਗਰੀ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਸਰਗਰਮ ਸਮਾਜ ਸੇਵਿਕਾ ਵਲੋਂ ਕੰਮ ਕੀਤਾ ਤੇ 2015 ਵਿਚ ਸੰਸਦ ਮੈਂਬਰ ਬਣੀ। ਕੈਨੇਡਾ ਦੇ ਬਰੈਂਪਟਨ ਵਸਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਹੋਤਾ ਪਰਿਵਾਰ ਵਿਚ ਡਾ. ਤੇਜਿੰਦਰ ਸਿੰਘ ਸਹੋਤਾ ਨਾਲ ਵਿਆਹੀ ਰੂਬੀ ਸਹੋਤਾ ਨੇ ਪਿਛਲੇ ਕਾਰਜਕਾਲ ਦੌਰਾਨ ਸ਼ਾਨਦਾਰ ਸੇਵਾਵਾਂ ਦਿੱਤੀਆਂ। ਉਨ੍ਹਾਂ ਦੇ ਪਿਤਾ ਸਿੱਖਜ਼ ਐਂਡ ਗੁਰਦੁਆਰਾ ਕੌਂਸਲ ਟੋਰਾਂਟੋ ਦੇ ਪ੍ਰਧਾਨ ਵੀ ਰਹੇ ਹਨ।

RELATED ARTICLES
POPULAR POSTS