-11.8 C
Toronto
Wednesday, January 21, 2026
spot_img
Homeਕੈਨੇਡਾਉੱਘੇ ਪੱਤਰਕਾਰ ਰਵੀਸ਼ ਕੁਮਾਰ ਦੀ ਕਿਤਾਬ 'ਬੋਲ ਬੰਦਿਆ' ਕੈਨੇਡਾ 'ਚ ਲੋਕ ਅਰਪਿਤ

ਉੱਘੇ ਪੱਤਰਕਾਰ ਰਵੀਸ਼ ਕੁਮਾਰ ਦੀ ਕਿਤਾਬ ‘ਬੋਲ ਬੰਦਿਆ’ ਕੈਨੇਡਾ ‘ਚ ਲੋਕ ਅਰਪਿਤ

ਪੰਜਾਬੀ ਅਨੁਵਾਦ ਕੈਨੇਡਾ ਦੇ ਸਾਊਥ ਏਸ਼ੀਅਨ ਰੀਵੀਊ ਵੱਲੋਂ ਕੀਤਾ ਗਿਆ ਪ੍ਰਕਾਸ਼ਿਤ
ਵਿਨੀਪੈਗ : ਸਰਕਾਰੀ ਧੱਕੇਸ਼ਾਹੀ ਖਿਲਾਫ ਡਟਣ ਵਾਲੇ ਉੱਘੇ ਪੱਤਰਕਾਰ ਰਵੀਸ਼ ਕੁਮਾਰ ਦੀ ਕਿਤਾਬ ਪੰਜਾਬੀ ਵਿਚ ਅਨੁਵਾਦਤ ਕਰਕੇ, ਕੈਨੇਡਾ ਵਿੱਚ ਲੋਕ ਅਰਪਿਤ। ਇਸ ਸਬੰਧੀ ਲੋਕ ਅਰਪਣ ਵਿਨੀਪੈਗ ਵਿਚ ਕੀਤਾ ਗਿਆ ਹੈ। ਮੂਲ ਰੂਪ ਵਿੱਚ ਰਵੀਸ਼ ਕੁਮਾਰ ਦੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕਿਤਾਬ, ਦਾ ਪੰਜਾਬੀ ਅਨੁਵਾਦ ਕੈਨੇਡਾ ਦੇ ਸਾਊਥ ਏਸ਼ੀਅਨ ਰੀਵੀਊ ਵੱਲੋਂ ਭੁਪਿੰਦਰ ਸਿੰਘ ਮੱਲ੍ਹੀ ਅਤੇ ਸੁੱਚਾ ਸਿੰਘ ਦੀਪਕ ਰਾਹੀਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਕਿਤਾਬ ਲੋਕ ਅਰਪਣ ਕਰਦਿਆਂ ਕਨਵਲਦੀਪ ਸਿੰਘ ਸੰਧੂ ਨੇ ਲੇਖਕ ਰਵੀਸ਼ ਕੁਮਾਰ ਅਤੇ ਪ੍ਰਕਾਸ਼ਕ ਸਾਊਥ ਏਸ਼ੀਅਨ ਰੀਵੀਊ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਇਸ ਉਪਰਾਲੇ ਲਈ ਮੁਬਾਰਕਬਾਦ ਪੇਸ਼ ਕੀਤੀ। ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਮੱਲੀ ਨੇ ਕਿਹਾ ਕਿ ਰਵੀਸ਼ ਕੁਮਾਰ ਮੌਜੂਦਾ ਸਮੇਂ ਦਾ ਨਿਧੜਕ ਪੱਤਰਕਾਰ ਹੈ, ਜਿਸ ਨੇ ਸਰਕਾਰੀ ਜਬਰ ਖਿਲਾਫ ਆਵਾਜ਼ ਬੁਲੰਦ ਕਰਦਿਆਂ, ਮੀਡੀਆ ਉਪਰ ਸਰਕਾਰੀ ਸਰਪ੍ਰਸਤੀ ਵਾਲੇ ਧਨਾਢਾਂ ਦੇ ਕਬਜ਼ੇ ਖਿਲਾਫ ਮਿਸਾਲ ਕਾਇਮ ਕੀਤੀ ਹੈ। ਉਹਨਾਂ ਆਖਿਆ ਕਿ ਭਾਰਤ ਦੇ ਵੱਡੇ ਸਰਮਾਏਦਾਰ ਅਤੇ ਸਰਕਾਰ ਹਿਤੈਸ਼ੀ, ਸਰਕਾਰ ਨੂੰ ਆਪਣੀਆਂ ਉਂਗਲਾਂ ‘ਤੇ ਨਚਾਉਣ ਵਾਲੇ ਗੌਤਮ ਅਡਾਨੀ ਦੇ ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨਡੀਟੀਵੀ) ਉਪਰ ਕਬਜ਼ਾ ਕਰਨ ਮਗਰੋਂ, ਰਵੀਸ਼ ਕੁਮਾਰ ਵੱਲੋਂ ਅਸਤੀਫਾ ਦੇਣਾ ਦਲੇਰਾਨਾ ਕਦਮ ਹੈ। ਗੋਦੀ ਮੀਡੀਆ ਬਣ ਕੇ ਹਕੂਮਤਾਂ ਦੇ ਗੁਣ ਗਾਉਣ ਅਤੇ ਸੱਚ ਨੂੰ ਦਬਾਉਣ ਲਈ ਪੂੰਜੀਪਤੀਆਂ ਅੱਗੇ ਗੋਡੇ ਟੇਕਣ ਵਾਲੇ ਲੋਕਾਂ ਨੂੰ ਇਹ ਸੁਨੇਹਾ ਵੀ ਹੈ ਕਿ ਉਹੀ ਲੋਕ ਦੁਨੀਆਂ ਲਈ ਰਾਹ- ਦਸੇਰਾ ਬਣਦੇ ਹਨ, ਜੋ ਦੇਸ਼ ਦੇ ਜ਼ਾਲਮ ਆਗੂਆਂ ਦੇ ਰੁਤਬਿਆਂ ਦੀ ਪ੍ਰਵਾਹ ਨਾ ਕਰਦਿਆਂ, ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੁੰਦੇ ਹਨ। ਕਿਤਾਬ ਦੀ ਭੂਮਿਕਾ ਵਿੱਚ ‘ਰਵੀਸ਼ ਕੁਮਾਰ ਦੀ ਸਾਹਿਤਕ ਪੱਤਰਕਾਰੀ’ ਬਾਰੇ ਲਿਖਣ ਵਾਲੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਪੱਤਰਕਾਰ ਰਵੀਸ਼ ਕੁਮਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ, ਸੋਸ਼ਲ ਮੀਡੀਆ ਤੇ ਗਾਲੀ- ਗਲੋਚ ਹੋਇਆ, ਇੱਥੋਂ ਤੱਕ ਉਨ੍ਹਾਂ ਦੇ ਚੱਲਦੇ ਪ੍ਰੋਗਰਾਮ ਵੀ ਸੈਂਸਰ ਕਰਕੇ ਰੋਕੇ ਜਾਂਦੇ ਰਹੇ, ਪਰ ਰਵੀਸ਼ ਕੁਮਾਰ ਡਟੇ ਰਹੇ। ਉਨ੍ਹਾਂ ਕਿਹਾ ਕਿ ਰਵੀਸ਼ ਕੁਮਾਰ ਵਰਗੇ ਪੱਤਰਕਾਰ ਚਾਹੇ ਗਿਣਤੀ ਵਿੱਚ ਬਹੁਤ ਥੋੜ੍ਹੇ ਹਨ, ਪਰ ਇਹ ਕਥਨ ਸੱਚ ਹੈ ਕਿ ਮਹਾਨ ਵਿਅਕਤੀਆਂ ਦੀ ਭੀੜ ਨਹੀਂ ਹੁੰਦੀ ਤੇ ਭੀੜ ਦੇ ਵਿੱਚ ਮਹਾਨ ਵਿਅਕਤੀ ਨਹੀਂ ਹੁੰਦੇ। ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਪੰਜਾਬੀ ਮੀਡੀਆ ਨੂੰ ਰਵੀਸ਼ ਕੁਮਾਰ ਤੋਂ ਸਬਕ ਲੈ ਕੇ, ਸਰਕਾਰੀ ਜਬਰ ਖਿਲਾਫ ਆਵਾਜ਼ ਉਠਾਉਣ ਦੀ ਹਿੰਮਤ ਕਰਨੀ ਚਾਹੀਦੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਨਵਰੂਪ ਸਿੰਘ ਨੇ ਕਿਹਾ ਕਿ ਅੱਜ ਰਵੀਸ਼ ਕੁਮਾਰ ਦੇ ਨਕਸ਼ੇ ਕਦਮਾਂ ‘ਤੇ ਚੱਲਣ ਵਾਲੇ ਪੱਤਰਕਾਰਾਂ ਦੀ ਲੋੜ ਹੈ ਅਤੇ ਰਵੀਸ਼ ਕੁਮਾਰ ਦੀ ਕਿਤਾਬ ‘ਬੋਲ ਬੰਦਿਆ’ ਪੰਜਾਬੀ ਵਿਚ ਅਨੁਵਾਦ ਕਰਕੇ ਸਾਊਥ ਏਸ਼ੀਅਨ ਰੀਵੀਊ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ। ਉਹਨਾਂ ਆਖਿਆ ਕਿ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਅੱਜ ਜਾਂ ਸਰਕਾਰੀ ਦਮਨ ਜਾਂ ਸਰਕਾਰੀ ਗੁਲਾਮੀ ਦਾ ਸ਼ਿਕਾਰ ਹੈ। ਰਵੀਸ਼ ਕੁਮਾਰ ਵਰਗੇ ਦਲੇਰਾਨਾ ਸੋਚ ਰੱਖਣ ਵਾਲੇ ਵਿਰਲੇ ਹੀ ਪੱਤਰਕਾਰ ਹਨ, ਜੋ ਹਕੂਮਤਾਂ ਦੇ ਜਬਰ ਨੂੰ ਨੰਗਾ ਕਰਨ ਦੀ ਜੁਅਰਤ ਰੱਖਦੇ ਹਨ।
ਪੱਤਰਕਾਰ ਨਵਨੀਤ ਕੌਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਰਵੀਸ਼ ਕੁਮਾਰ ਦੀ ਕਿਤਾਬ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ ਰਲੀਜ਼ ਕੀਤੀ ਗਈ ਹੈ। ਨਵਨੀਤ ਕੌਰ ਨੇ ਕਿਹਾ ਕਿ ਹਕੂਮਤ ਦੇ ਜਬਰ ਅਤੇ ਅਨਿਆਂ ਦੇ ਖਿਲਾਫ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨ ਵਾਲੇ ਦਲੇਰ ਸਿਰੜੀ ਤੇ ਬੇਬਾਕ ਪੱਤਰਕਾਰ ਰਵੀਸ਼ ਕੁਮਾਰ ਅੰਤਰਰਾਸ਼ਟਰੀ ਪੱਤਰਕਾਰੀ ਦੇ ਖੇਤਰ ਵਿੱਚ ਸਿਰਕੱਢ ਸ਼ਖ਼ਸੀਅਤ ਹੈ।

RELATED ARTICLES
POPULAR POSTS