Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਹੋਈ ਇਕੱਤਰਤਾ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਹੋਈ ਇਕੱਤਰਤਾ

calgery-likhar-sabha-news-copy-copyਮੰਗਲ ਚੱਠਾ ਦੀ ਨਵੀਂ ਕਵੀਸ਼ਰੀ ਦਾ ਪੋਸਟਰ ਕੀਤਾ ਰਿਲੀਜ਼
ਕੈਲਗਰੀ/ਬਿਊਰੋ ਨਿਊਜ਼
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ 16 ਅਕਤੂਬਰ ਨੂੰ ਕੋਸੋ ਦੇ ਹਾਲ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਅਤੇ ਰੇਡੀਉ ਰੈਡ ਐਫ ਐਮ ਦੇ ਹੋਸਟ ਰਮਨਜੀਤ ਸਿੰਘ ਸਿੱਧੂ ਅਤੇ ਇੰਡੀਅਨ ਐਕਸ ਸਰਵਿਸਮੈਨ ਇਮੀਗਰੇਸ਼ਨ ਸੋਸਾਇਟੀ ਦੇ ਪ੍ਰਧਾਨ ਕੈਪਟਨ ਰਤਨ ਸਿੰਘ ਪਰਮਾਰ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ।ઠ
ਮੀਟਿੰਗ ਦੀ ਸ਼ੁਰੂਆਤ ਵਿਚ ਬਹੁਤ ਹੀ ਗ਼ਮਨਾਕ ਸਮਾਚਾਰ ਸਾਂਝੇ ਕੀਤੇ ਗਏ। ਪਹਿਲਾ ਸਮਾਚਾਰ ਏ.ਟੀ.ਐਨ ਚੈਨਲ ਦੇ ਉੱਘੇ ਟੀਵੀ ਹੋਸਟ ਤੇ ਕੈਨੇਡਾ ਦੀ ਮੀਡੀਆ ਦੀ ਨਾਮਵਰ ਸ਼ਖ਼ਸੀਅਤ ਬਰੈਂਪਟਨ ਨਿਵਾਸੀ ਅਮਰਜੀਤ ਸਿੰਘ ਸੰਘਾ ਦੇ 21 ਸਾਲ ਦੇ ਬੇਟੇ ਕਸ਼ਮੀਰ ਸਿੰਘ ਸੰਘਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਜਾਣਾ ਸੀ ਅਤੇ ਦੂਸਰਾ ਸਮਾਚਾਰ ਪ੍ਰਸਿੱਧ ਗੀਤਕਾਰ ਗੁਰਚਰਨ ਵਿਰਕ ਦਾ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਸੀ। ਸਕੱਤਰ ਰਣਜੀਤ ਸਿੰਘ ਨੇ ਸਮੂਹ ਲਿਖਾਰੀ ਸਭਾ ਵੱਲੋਂ ਦੋਨਾਂ ਪਰਿਵਾਰਾਂ ਨਾਲ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ।ઠ
ਰਚਨਾਵਾਂ ਦਾ ਦੌਰ ਗੀਤ, ਕਵਿਤਾਵਾਂ, ਗ਼ਜ਼ਲਾਂ, ਲੇਖ ਅਤੇ ਹੋਰ ਜਾਣਕਾਰੀ ਭਰਪੂਰ ਵਿਚਾਰਾਂ ਨਾਲ ਦਿਲਚਸਪ ਅਤੇ ਉਸਾਰੂ ਹੋ ਨਿੱਬੜਿਆ। ਸਭ ਤੋਂ ਪਹਿਲਾਂ ਸੁਰਿੰਦਰ ਗੀਤ ਨੇ ਆਪਣੀਆਂ ਦੋ ਭਾਵ ਪੂਰਵਕ ਕਵਿਤਾਵਾਂ ਨਾਲ ਸ਼ੁਰੂਆਤ ਕੀਤੀ। ઠਫਿਰ ਡਾ. ਮਨਮੋਹਨ ਸੰਘ ਬਾਠ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿਚ ਇੱਕ ਗੀਤ ਪੇਸ਼ ਕੀਤਾ।ઠ
ਗੁਰਬਚਨ ਸਿੰਘ ਬਰਾੜ ਨੇ ਪੰਜਾਬੀ ਦੇ ਮਹਾਨ ਲੇਖਕ ਸੰਤੋਖ ਸਿੰਘ ਧੀਰ ਬਾਰੇ ਇੱਕ ਲੇਖ ਪੜ੍ਹਿਆ। ਇਸ ਲੇਖ ਵਿਚ ਉਨ੍ਹਾਂ ਦੱਸਿਆ ਕਿ ਸੰਤੋਖ ਸਿੰਘ ਧੀਰ ਨੇ ਸਾਹਿਤ ਜਗਤ ਨੂੰ 34-35 ਪੁਸਤਕਾਂ ਦੇ ਕੇ ਪੰਜਾਬੀ ਸਾਹਿਤ ਵਿਚ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ ਹੈ। ਇਹਨਾਂ ਵਿਚ 14 ਕਾਵਿ ਸੰਗ੍ਰਹਿ 10 ਕਹਾਣੀ ਸੰਗ੍ਰਹਿ, 2 ਨਿਬੰਧ ,1 ਸਫ਼ਰਨਾਮਾ , ਇੱਕ ਜੀਵਨੀ ਅਤੇ ਬਾਕੀ ਧੀਰ ਜੀ ਦੁਆਰਾ ਅਨੁਵਾਦ ਕੀਤੀਆਂ ਪੁਸਤਕਾਂ ਦੇ ਨਾਲ ਇੱਕ ਡਾਇਰੀ ਵੀ ਸ਼ਾਮਿਲ ਹੈ। ਸੰਤੋਖ ਸਿੰਘ ਧੀਰ ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੀ। ਉਨ੍ਹਾਂ ਦਾ ਲਿਖਤ ‘ਤੇ ਕਮਿਊਨਿਸਟ ਦ੍ਰਿਸ਼ਟੀਕੋਣ ਦਾ ਅਸਰ ਸੀ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਉਹ ਆਪਣਾ ਆਦਰਸ਼ ਮੰਨਦੇ ਸਨ। ਗੁਰਬਚਨ ਸਿੰਘ ਬਰਾੜ ਨੇ ਧੀਰ ਜੀ ਦੀਆਂ ਦੋ ਪ੍ਰਸਿੱਧ ਕਹਾਣੀਆਂ “ਕੋਈ ਇੱਕ ਸਵਾਰ” ਅਤੇ “ਸਵੇਰ ਹੋਣ ਤੱਕ” ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਕੁੱਝ ਨਜ਼ਮਾਂ ਵੀ ਸਾਂਝੀਆਂ ਕੀਤੀਆਂ।ઠਰਮਨਜੀਤ ਸਿੰਘ ਸਿੱਧੂ ਨੇ ਆਪਣੇ ਨਾਨਾ ਜੀ ਸੰਤੋਖ ਸਿੰਘ ਧੀਰ ਬਾਰੇ ਬਹੁਤ ਹੀ ਭਾਵੁਕ ਰੌਂ ਵਿਚ ਨਿੱਜੀ ਜ਼ਿੰਦਗੀ ਵਿੱਚੋਂ ਯਾਦਾਂ ਅਤੇ ਜੀਵਨ ਸਬਕ ਸਾਂਝੇ ਕੀਤੇ।
ਰਮਨਜੀਤ ਨੇ ਦੱਸਿਆ ਕਿ ਉਸ ਦੇ ਜੀਵਨ ਢੰਗ ਅਤੇ ਸੋਚ ‘ਤੇ ਧੀਰ ਜੀ ਦਾ ਬਹੁਤ ਹੀ ਸਿੱਧਾ ਅਸਰ ਹੈ ਕਿਉਂ ਕਿ ਉਹ ਆਪਣੇ ਪਿਤਾ ਜੀ ਦੇ ਗੁਜ਼ਰ ਜਾਣ ਬਾਅਦ ਆਪਣੇ ਨਾਨਾ ਜੀ ਦੀ ਦੇਖ ਰੇਖ ਹੇਠ ਪਲ਼ ਹੀ ਵੱਡਾ ਹੋਇਆ ਹੈ ਅਤੇ ਉਨ੍ਹਾਂ ਦੇ ਜੀਵਨ ਫ਼ਲਸਫ਼ੇ ਅਤੇ ਸਾਹਿਤ ਤੋਂ ਨਜ਼ਦੀਕੀ ਅਤੇ ਬਰੀਕੀ ਤੋਂ ਜਾਣੂ ਹੈ।      ਹਰੀਪਾਲ ਨੇ ਨਿਓਮੀ ਕਲਾਇਨ ਦੀ ਪੁਸਤਕ ‘ਸਦਮਾ ਮੱਤ’ (Shock Doctrine) ਦੇ ਆਧਾਰਿਤ ਲਿਖਿਆ ਲੇਖ ਸਾਂਝਾ ਕੀਤਾ ਜਿਸ ਵਿਚ ਉਸ ਨੇ ਅਮਰੀਕਾ ਦੀ ਦੂਜੇ ਦੇਸ਼ਾਂ ਦੀ ਰਾਜਨੀਤੀ ਵਿਚ ਦਖ਼ਲ-ਅੰਦਾਜ਼ੀ ਅਤੇ ਆਪਣੇ ਫ਼ਾਇਦੇ ਲਈ ਤਖ਼ਤ ਬਦਲੀ ਕਰਨ ਦੀ ਨੀਤੀ ਨੂੰ ਇਤਿਹਾਸਕ ਘਟਨਾਵਾਂ ਨਾਲ ਜੋੜ ਕੇ ਵਿਸਥਾਰ ਵਿਚ ਬਿਆਨ ਕੀਤਾ। ਜ਼ੋਰਾਵਰ ਬੰਸਲ ਇੱਕ ਖ਼ੂਬਸੂਰਤ ਕਹਾਣੀ “ਸੇਵਾਦਾਰ” ਪੜ੍ਹ ਕੇ ਸਰੋਤਿਆਂ ਦੀ ਦਾਦ ਦਾ ਹੱਕਦਾਰ ਬਣਿਆ। ਇਸ ਉਪਰੰਤ ਮੰਗਲ ਚੱਠਾ ਦੀ ਨਵੀਂ ਰਿਲੀਜ਼ ਹੋ ਰਹੀ ਕਵੀਸ਼ਰੀ, ਜਿਸ ਨੂੰ ਜਸਵਿੰਦਰ ਸਿੰਘ ਸ਼ਾਂਤ ਦੇ ਜਥੇ ਦੁਆਰਾ ઠਗਾਇਆ ਗਿਆ ਹੈ, ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਬਲਜਿੰਦਰ ਸੰਘਾ ਨੇ ਸੰਖੇਪ ਵਿਚ ਮੰਗਲ ਚੱਠਾ ਦੀ ਕਵੀਸ਼ਰੀ ਬਾਰੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਮੰਗਲ ਨੂੰ ਕਵੀਸ਼ਰੀ ਦਾ ਸ਼ੌਕ ਉਸ ਦੇ ਪਿਤਾ ਜੀ ਦੀ ਕਵੀਸ਼ਰੀ ਵਿਚ ਰੁਚੀ ਕਰ ਕੇ ਪੈਦਾ ਹੋਇਆ ਸੀ। ਉਸ ਦੇ ਪਿਤਾ ਜੀ ਉਨ੍ਹਾਂ ਦੇ ਜ਼ਮਾਨੇ ਦੇ ਕਵੀਸ਼ਰਾਂ ਦੇ ਪ੍ਰਸੰਸਕ ਹੋਣ ਦੇ ਨਾਲ ਨਾਲ ਨਿੱਜੀ ਤੌਰ ‘ਤੇ ਵਾਕਫ਼ ਵੀ ਸਨ। ਮੰਗਲ ਦੀ ਕਵੀਸ਼ਰੀ ਵਿਚ ਨਵੇਂ ਵਿਸ਼ਿਆਂ ਦੇ ਹੋਣ ਦੀ ਸ਼ਲਾਘਾ ਕੀਤੀ।ઠ ਬਾਲ ਕਲਾਕਾਰ ਸਫਲ ਸ਼ੇਰ ਮਾਲਵਾ ਨੇ ਆਪਣੇ ਫ਼ਿਲਮੀ ਅੰਦਾਜ਼ ਵਿਚ ਗੀਤ “ਮਿੱਟੀ ਦਾ ਬਾਵਾ” ਪੇਸ਼ ਕੀਤਾ।ઠਕੈਪਟਨ ਰਤਨ ਸਿੰਘ ਪਰਮਾਰ ਜੀ ਨੇ ਦੋ ਸਿੱਖ ਫੌਜੀ ਨਾਇਕਾਂ ਦੇ ਕਿਰਦਾਰ ਅਤੇ ਪ੍ਰਾਪਤੀਆਂ ਬਾਰੇ ਬਹੁਤ ਹੀ ਵਿਸਥਾਰ ਵਿਚ ਚਾਨਣਾ ਪਾਇਆ। ਜੋ ਸਨ 1965 ਦੀ ਲੜਾਈ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਲੈਫ. ਜਨਰਲ ਹਰਬਖ਼ਸ਼ ਸਿੰਘ ਅਤੇ 1971 ਦੀ ਬੰਗਲਾ ਦੇਸ਼ ਦੀ ਲੜਾਈ ਦੇ ਨਾਇਕ ਜਨਰਲ ਜਗਜੀਤ ਸੰਘ ਅਰੋੜਾ। ਉਨ੍ਹਾਂ ਸਾਰਾਗੜ੍ਹੀ ਦੀ 1897 ਦੀ ਜੰਗ ਬਾਰੇ ਵੀ ਬਹੁਤ ਹੀ ਜਾਣਕਾਰੀ ਭਰਪੂਰ ਗੱਲਬਾਤ ਸਾਂਝੀ ਕੀਤੀ।
ਮਹਿੰਦਰਪਾਲ ਸਿੰਘ ਪਾਲ, ਯੁਵਰਾਜ ਸਿੰਘ, ਲਖਵਿੰਦਰ ਸਿੰਘ ਜੌਹਲ, ਮਾ. ਅਜੀਤ ਸਿੰਘ ਅਤੇ ਸੁਖਵਿੰਦਰ ਤੂਰ ਨੇ ਵੀ ਰਚਨਾਵਾਂ ਦੇ ਦੌਰ ਵਿਚ ਭਾਗ ਲਿਆ। ਅੰਤ ਵਿਚ ਪ੍ਰਧਾਨ ਤਰਲੋਚਨ ਸੈਹਿੰਬੀ ਨੇ ਖ਼ਾਸ ਤੌਰ ‘ਤੇ ਆਏ ਮਹਿਮਾਨ ਰਿਸ਼ੀ ਨਾਗਰ, ਰਮਨਜੀਤ ਸੰਘ ਸਿੱਧੂ, ਜਗਪ੍ਰੀਤ ਸਿੰਘ ਸ਼ੇਰਗਿੱਲ, ਗਾਇਕ ਦਰਸ਼ਨ ਖੇਲਾ, ઠਕੈਪਟਨ ਰਤਨ ਸਿੰਘ ਪਰਮਾਰ, ਸਤਵਿੰਦਰ ਸਿੰਘ (ਜੱਗ ਪੰਜਾਬੀ ਟੀ ਵੀ), ઠਗੁਰਲਾਲ ਸਿੰਘ ਮਾਣੂਕੇ ਅਤੇ ਮੋਹਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।ઠ ਸਭਾ ਦੀ ਅਗਲੀ ਮੀਟਿੰਗ 18 ਨਵੰਬਰ ਨੂੰ ਹੋਵੇਗੀ, ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।

Check Also

ਹੋਰਵਥ ਦੀ ਨਵੇਂ ਪਬਲਿਕ ਅਤੇ ਗ਼ੈਰ ਨਫ਼ਾ ਕਮਾਊ ਹੋਮ ਕੇਅਰ ਅਤੇ ਲੌਂਗ ਟਰਮ ਕੇਅਰ ਸਿਸਟਮ ਦੀ ਸਕੀਮ

ਟੋਰਾਂਟੋ : ਦੇ ਵਿੱਚ ਐੱਨ.ਡੀ.ਪੀ. 50000 ਨਵੀਆਂ ਲੌਂਗ ਟਰਮਜ਼ ਕੇਅਰ ਸਪੇਸਜ਼ ਬਣਾਵੇਗੀ।8 ਸਾਲਾਂ ਵਿੱਚ ਮਿਆਰੀ …